ਸਿਹਤ ਵਿਭਾਗ ਵੱਲੋਂ ਕੋਵਿਡ-19 ਸੰਬੰਧੀ ਸਿਹਤ ਸਲਾਹ ਜਾਰੀ
ਫ਼ਾਜ਼ਿਲਕਾ 24 ਜੂਨ 2025 - ਦੇਸ਼ ਦੇ ਕੁਝ ਹਿੱਸਿਆਂ ਵਿੱਚ ਕੇਵਿਡ—19 ਮਾਮਲਿਆਂ ਵਿੱਚ ਵਾਧਾ ਦੇਖਦੇ ਹੋਏ ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋਂ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫ਼ਾਜ਼ਿਲਕਾ ਦੀ ਨਿਗਰਾਨੀ ਵਿੱਚ ਜਿਲ੍ਹਾ ਐਪੀਡਮੈਲੋਜਿਸਟ ਵੱਲੋਂ ਜਿਲ੍ਹਾ ਨਿਵਾਸੀਆਂ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਡਾਕਟਰ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡਮੈਲੋਜਿਸਟ ਨੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕਿਹਾ ਕਿ ਜਿਲ੍ਹਾ ਫ਼ਾਜ਼ਿਲਕਾ ਵਿੱਚ ਅਜੇ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ, ਪਰ ਸਿਹਤ ਵਿਭਾਗ ਪੂਰੀ ਤਿਆਰੀ ਵਿੱਚ ਹੈ, ਫਿਰ ਵੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੰਕਰਮਣ ਦੇ ਫੈਲਾਅ ਨੂੰ ਰੋਕਣ ਲਈ ਮੁੱਢਲੀ ਸੁਰੱਖਿਆ ਲਈ ਸਾਵਧਾਨੀਆਂ ਅਪਣਾਉਣ।
ਉਹਨਾਂ ਦੱਸਿਆ ਕਿ ਵੱਡੀ ਉਮਰ ਦੇ ਵਿਅਕਤੀ, ਗਰਭਵਤੀ ਮਹਿਲਾਵਾਂ, ਬਿਮਾਰ ਜਾਂ ਕਮਜ਼ੋਰ ਰੋਗ ਪ੍ਰਤੀਰੋਧਕ ਸਮਰਥਾ ਵਾਲੇ ਲੋਕ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕਰਨ ਜਾਂ ਮਾਸਕ ਪਹਿਣ ਕੇ ਜਾਣ। ਖੰਘਣ ਜਾਂ ਛਿੱਕਣ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ, ਟਿਸ਼ੂ ਜਾਂ ਕੂਹਣੀ ਦੇ ਮੋੜ ਨਾਲ ਢੱਕੋ। ਜੇਕਰ ਤੁਹਾਨੂੰ ਬੁਖਾਰ, ਖੰਘ ਜਾਂ ਸਾਹ ਲੈਣ ਵਿੱਚ ਦਿੱਕਤ ਹੈ ਤਾਂ ਮਾਸਕ ਪਹਿਨੋ ਅਤੇ ਤੁਰੰਤ ਡਾਕਟਰ ਨੂੰ ਦਿਖਾਓ। ਉਹਨਾਂ ਹੈਲਥਕੇਅਰ ਸਟਾਫ਼ ਨੂੰ ਵੀ ਸਲਾਹ ਦਿੱਤੀ ਕਿ ਉਹ ਡਿਊਟੀ ਸਮੇਂ ਮਾਸਕ ਪਹਿਨਣ ਅਤੇ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕਰਨ।
ਭੀੜ ਵਾਲੀਆਂ ਜਾਂ ਘੱਟ ਹਵਾਦਾਰ ਥਾਵਾਂ ਤੇ ਜਾਣ ਤੋਂ ਬਚੋ, ਖਾਸ ਕਰਕੇ ਜੇ ਤੁਹਾਨੂੰ ਪਹਿਲਾਂ ਤੋਂ ਕੋਈ ਸਿਹਤ ਸਮੱਸਿਆ ਹੈ।ਬਿਨ੍ਹਾਂ ਹੱਥ ਧੋਤੇ ਆਪਣੇ ਚਿਹਰੇ, ਮੂੰਹ ਜਾਂ ਅੱਖਾਂ ਨੂੰ ਨਾ ਛੂਹੋ। ਸਰਵਜਨਕ ਥਾਵਾਂ ਤੇ ਨਾ ਥੁੱਕੋ, ਵਾਰ ਵਾਰ ਹੱਥ ਧੋਵੋ। ਜੇਕਰ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ਼, ਨੱਕ ਵਗਣਾ, ਗਲੇ ਵਿੱਚ ਖਾਰਸ਼ ਲੱਛਣ ਆਉਣ ਤਾਂ ਖੁਦ ਇਲਾਜ ਨਾ ਕਰੋ, ਬਲਕਿ ਮਾਹਿਰ ਡਾਕਟਰ ਦੀ ਸਲਾਹ ਲਵੋ। ਜ਼ਿਆਦਾ ਪਾਣੀ ਪੀਓ ਅਤੇ ਸੰਤੁਲਿਤ ਭੋਜਨ ਦਾ ਸੇਵਨ ਕਰੋ।