ਪੁਲਿਸ ਦੀ ਬਾਜ ਅੱਖ ਕਿੱਧਰ?ਪੰਜਾਬ ਦੇ ਸੈਂਟਰ 'ਚ ਚੱਲ ਰਿਹੈ ਜੂਏ ਦਾ ਅੱਡਾ!
ਐਸਐਸਪੀ ਨੇ ਕਿਹਾ- ਕਰਾਂਗੇ ਕਾਰਵਾਈ
ਦੀਪਕ ਜੈਨ
ਜਗਰਾਉਂ, 21 ਜੂਨ 2025- ਜਗਰਾਉਂ ਦੇ ਕਈ ਭੀੜ ਭਾਲ ਵਾਲੇ ਇਲਾਕਿਆਂ ਵਿੱਚ ਜੂਏ ਅਤੇ ਸੱਟੇ ਦੇ ਅੱਡੇ ਸ਼ਰੇਆਮ ਚੱਲ ਰਹੇ ਹਨ ਅਤੇ ਸ਼ਹਿਰ ਵਾਸੀ ਆਪਣੀ ਮਿਹਨਤ ਦੀ ਕਮਾਈ ਇਹਨਾਂ ਜੁਆਰੀਆਂ ਦੇ ਝਾਂਸੇ ਵਿੱਚ ਆ ਕੇ ਹਾਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਜਗਰਾਉਂ ਅੰਦਰ ਦੂਸਰੇ ਸ਼ਹਿਰਾਂ ਤੋਂ ਆ ਕੇ ਆਪਣੇ ਆਪਣੀਆਂ ਦੁਕਾਨਾਂ ਕਿਰਾਏ ਤੇ ਲੈ ਕੇ ਜੁਆਰੀਆਂ ਵੱਲੋਂ ਜੂਏ ਦੇ ਅੱਡੇ ਚਲਾਏ ਜਾ ਰਹੇ ਹਨ। ਜਿਸ ਦੀਆਂ ਕਈ ਵਾਰ ਅਖਬਾਰਾਂ ਵਿੱਚ ਖਬਰਾਂ ਸੁਰਖੀਆਂ ਬਣਦੀਆਂ ਰਹੀਆਂ ਹਨ ਅਤੇ ਅਖਬਾਰ ਵਿੱਚ ਖਬਰ ਲੱਗਣ ਮਗਰੋਂ ਪੁਲਿਸ ਥੋੜੀ ਬਹੁਤ ਹਰਕਤ ਵਿੱਚ ਆਉਂਦੀ ਹੈ ਤਾਂ ਇਹ ਜੁਆਰੀ ਦੋ ਚਾਰ ਦਿਨ ਲਈ ਆਪਣੇ ਟਿਕਾਣੇ ਬੰਦ ਕਰ ਦਿੰਦੇ ਹਨ ਅਤੇ ਫੇਰ ਗੱਲ ਠੰਡੀ ਪੈਣ ਮਗਰੋਂ ਜੂਏ ਦੇ ਅੰਡੇ ਚਾਲੂ ਹੋ ਜਾਂਦੇ ਹਨ।
ਪਰ ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਸਭ ਜੂਏ ਦੇ ਅੱਡਿਆਂ ਦਾ ਕਰਤਾ ਧਰਤਾ ਮਾਲਕ ਇਕੋ ਹੀ ਹੈ ਅਤੇ ਉਸਨੇ ਅੱਗੇ ਆਪਣੇ ਕਰਿੰਦੇ ਰੱਖੇ ਹੋਏ ਹਨ, ਜਿਨਾਂ ਨੂੰ ਉਹ ਮੋਟੀ ਕਮਿਸ਼ਨ ਦਿੰਦਾ ਹੈ ਅਤੇ ਉਨਾਂ ਦੇ ਰਾਤ ਨੂੰ ਰਹਿਣ ਲਈ ਵੀ ਕੋਠੀ ਕਿਰਾਏ ਤੇ ਲਈ ਹੋਈ ਹੈ।
ਜਿਆਦਾਤਰ ਇਸ ਦੇ ਵਰਕਰ ਬਾਹਰ ਦੇ ਹੀ ਹਨ ਅਤੇ ਜਗਰਾਉਂ ਦੇ ਲੋਕਾਂ ਨੂੰ ਲਾਲਚ ਦੇ ਕੇ ਕਿ ਤੁਸੀਂ ਕਿਸੇ ਜੁਆਰੀ ਨੂੰ ਲੈ ਕੇ ਆਓ ਅਤੇ ਜੇ ਕੋਈ ਵਿਅਕਤੀ ਕਿਸੇ ਜੁਆਰੀ ਨੂੰ ਇਸ ਅੱਡੇ ਤੇ ਲੈ ਕੇ ਜਾਂਦਾ ਹੈ ਤਾਂ ਉਸ ਨੂੰ 2000 ਰੁਪਏ ਤੋਂ ਲੈ ਕੇ 5 ਹਜਾਰ ਰੁਪਏ ਤੱਕ ਕਮਿਸ਼ਨ ਦਿੱਤੀ ਜਾਂਦੀ ਹੈ ਅਤੇ ਅੰਦਰ ਤਾਂਸ਼ ਦੀਆਂ ਅਲੱਗ ਅਲੱਗ ਗੇਮਾਂ ਖਿਡਾ ਕੇ ਆਉਣ ਵਾਲੇ ਖਿਡਾਰੀ ਤੋਂ ਸਭ ਕੁਝ ਜਿੱਤ ਲਿੱਤਾ ਜਾਂਦਾ ਹੈ।
ਇਨਾ ਦੇਸੀ ਕਸੀਨੋ ਦੇ ਟਿਕਾਣੇ ਸਥਾਨਕ ਅੱਡਾ ਰਾਏਕੋਟ ਦੇ ਨਜ਼ਦੀਕ, ਕਮਲ ਚੌਂਕ ਜੁੱਤੀਆਂ ਵਾਲੀ ਮਾਰਕੀਟ ਦੀ ਬੈਕ ਸਾਈਡ, ਐਸ ਐਸ ਪੀ ਦਫਤਰ ਦੇ ਨਜ਼ਦੀਕ,ਤਹਿਸੀਲ ਚੌਂਕ ਤੋਂ ਮੋਗਾ ਸਾਈਡ ਅਤੇ ਕੁੱਕੜ ਬਾਜ਼ਾਰ ਤੋਂ ਪੰਜ ਨੰਬਰ ਚੁੰਗੀ ਵਾਲੇ ਰਸਤੇ ਉੱਪਰ ਆਪੋ ਆਪਣੇ ਅਲੱਗ ਅਲੱਗ ਟਿਕਾਣੇ ਬਣਾਏ ਹੋਏ ਹਨ। ਜਿੱਥੇ ਸ਼ਹਿਰ ਜਗਰਾਉਂ ਦੀ ਜਨਤਾ ਨੂੰ ਸ਼ਰੇਆਮ ਲੁੱਟਿਆ ਜਾ ਰਿਹਾ ਹੈ।
ਹੋਵੇਗੀ ਸਖਤ ਕਾਰਵਾਈ- ਐਸਐਸਪੀ
ਜੂਏ ਦੇ ਚੱਲ ਰਹੇ ਅੱਡਿਆਂ ਬਾਰੇ ਜਦੋਂ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਜਲਦੀ ਹੀ ਇਹਨਾਂ ਜੂਏ ਦੇ ਅੱਡਿਆਂ ਨੂੰ ਬੰਦ ਕਰਵਾ ਦਿੱਤਾ ਜਾਵੇਗਾ ਅਤੇ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।