ਬਰਨਾਲੇ ਵੱਸਦਾ ਮੇਰਾ ਮਿੱਤਰ ਬੂਟਾ ਸਿੰਘ ਚੌਹਾਨ ਇਸ ਵੇਲੇ ਬੋਨਸ ਦੀ ਜ਼ਿੰਦਗੀ ਜੀਅ ਰਿਹੈ। ਕੁਝ ਸਾਲ ਪਹਿਲਾਂ ਮਰ ਚੱਲਿਆ ਸੀ। ਡਾਕਟਰਾਂ ਏਥੇ ਲੁਧਿਆਣੇ ਓਸਵਾਲ ਹਸਪਤਾਲ ਨੇ ਬ੍ਰੇਨ ਹੈਮਰੇਜ ਕਾਰਨ ਪੂਰਾ ਮਹੀਨਾ ਹਸਪਤਾਲ ਦੇ ਦਰਿਸ਼ਤੀ ਕਮਰੇ ਚ ਰੱਖਿਆ। ਪਰ ਸਾਡੇ ਸਭ ਦੇ ਭਾਗਾਂ ਨੂੰ ਬਚਾ ਲਿਆ।
ਮੌਤ ਦੇ ਫ਼ਰਿਸ਼ਤੇ ਨੇ ਵੀ ਸੋਚ ਲਿਆ ਹੋਊ ਕਿ ਜੇ ਬੁਟਾ ਮੈਂ ਲੈ ਗਿਆ ਤਾਂ ਮਗਰੋਂ ਰਹਿੰਦੇ ਕੰਮ ਕੌਣ ਨਿਪਟਾਊ।
ਚੇਤਨਾ ਪਰਤੀ ਤਾਂ ਉਸ ਦੇ ਬੁੱਲਾਂ ਤੇ ਮੇਰਾ ਨਾਮ ਸੀ। ਅਚੇਤ ਵਿੱਚ ਵੀ ਉਸ ਨੇ ਮੈਨੂੰ ਚੇਤੇ ਰੱਖਿਆ, ਸ਼ਾਇਦ ਏਸੇ ਕਰਕੇ।
ਅੱਜ ਉਸ ਨੇ ਮੈਨੂੰ ਸ. ਹਰਿੰਦਰ ਸਿੰਘ ਰਾਹੀਂ ਦੋ ਨਵ ਸੰਪਾਦਿਤ ਕਿਤਾਬਾਂ “ਮਲਵਈ ਦੁਰਗਃ ਬੂਟਾ ਸਿੰਘ ਸ਼ਾਦ” ਤੇ “ਮੇਰੀ ਪਹਿਲੀ ਮੁਹੱਬਤ”ਭੇਜੀਆਂ ਤਾਂ ਯਾਦ ਆਇਆ ਕਿ ਬੂਟਾ ਸਿੰਘ ਚੌਹਾਨ ਹਿੰਮਤ ਨਾ ਕਰਦਾ ਤਾਂ ਜਰਨੈਲ ਪੁਰੀ , ਭੂਰਾ ਸਿੰਘ ਕਲੇਰ ਤੇ ਅਜੀਤ ਸਿੰਘ ਪੱਤੋ ਦੀਆਂ ਸਮੁੱਚੀਆਂ ਕਹਾਣੀਆਂ ਕੌਣ ਸੰਪਾਦਿਤ ਕਰਦਾ।
ਉਸ ਨੇ ਪਿਛਲੇ ਸਾਲਾਂ ਵਿੱਚ ਚਾਰ ਨਾਵਲ ਉੱਜੜੇ ਖੂਹ ਦਾ ਪਾਣੀ, ਗੇਰੂ ਰੰਗੇ , ਗੁੱਡ ਲੱਕ ਤੇ ਲਵ ਪ੍ਰਾਜੈਕਟ ਲਿਖੇ। ਕਿੰਨੇ ਸਾਰੇ ਮਰਾਠੀ ਨਾਵਲ ਉਸ ਨੇ ਅਨੁਵਾਦ ਕੀਤੇ ਨੇ। ਵਾਰਤਕ ਦੀਆਂ ਮੌਲਿਕ ਤਿੰਨ ਕਿਤਾਬਾਂ ਲਿਖੀਆਂ ਤੇ ਪ੍ਰਕਾਸ਼ਿਤ ਕੀਤੀਆਂ ਨੇ।
ਮੁਬਾਰਕ ਮੁਬਾਰਕ ਮੁਬਾਰਕ।
ਬੂਟਾ ਸਿੰਘ ਸ਼ਾਦ ਵਾਲੀ ਕਿਤਾਬ ਪੀਪਲ’ ਜ਼ ਫੋਰਮ ਬਰਗਾੜੀ ਵੱਲੋਂ ਖੁਸ਼ਵੰਤ ਨੇ ਛਾਪੀ ਹੈ ਤੇ ਦੁਜੀ ਸਪਤ ਰਿਸ਼ੀ ਵਾਲੇ ਡਾ. ਬਲਦੇਵ ਸਿੰਘ ਨੇ।
ਬੂਟਾ ਸਿੰਘ ਸ਼ਾਦ ਵਾਲੀ ਕਿਤਾਬ ਪਿਛਲੇ ਹਫ਼ਤੇ ਬਠਿੰਡਾ ਵਿੱਚ ਲੋਕ ਅਰਪਨ ਹੋਈ ਸੀ। ਉਸ ਦੀ ਰੀਪੋਰਟ ਸ. ਗੋਪਾਲ ਸਿੰਘ ਕੋਟ ਫੱਤਾ ਪੀ ਸੀ ਐੱਸ (ਰੀਟ.) ਨੇ ਭੇਜੀ ਹੈ ਜੋ ਕੁਝ ਇਸ ਤਰ੍ਹਾਂ ਹੈ।
ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਟੀਚਰਜ ਹੋਮ ਬਠਿੰਡਾ ਵਿਖੇ ਪੰਜਾਬੀ ਦੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਵੱਲੋਂ ਪੰਜਾਬੀ ਵਿਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਨਾਵਲਕਾਰ ਬੂਟਾ ਸਿੰਘ ਸ਼ਾਦ ਦੇ ਜੀਵਨ ਦੀਆਂ ਵੱਖ-ਵੱਖ ਪਰਤਾਂ ਅਤੇ ਫਰੋਲਦੀ ਅਤੇ ਵੱਖ ਵੱਖ ਪਹਿਲੂਆਂ 'ਤੇ ਚਾਨਣਾ ਪਾਉਂਦੀ ਸੰਪਾਦਿਤ ਪੁਸਤਕ ' ਮਲਵਈ ਦੁਰਗ ਬੂਟਾ ਸਿੰਘ ਸ਼ਾਦ' ਰਿਲੀਜ਼ ਕੀਤੀ ਗਈ। ਇਹ ਰਸਮ ਗੋਪਾਲ ਸਿੰਘ ਕੋਟ ਫੱਤਾ,ਨਾਵਲਕਾਰ ਜਸਪਾਲ ਮਾਨਖੇੜਾ, ਡਾ ਇਕਬਾਲ ਸਿੰਘ ਸਕਰੌਦੀ, ਜਗਮੇਲ ਸਿੰਘ ਸਿੱਧੂ, ਖ਼ੁਸ਼ਵੰਤ ਬਰਗਾੜੀ, ਡਾ ਗੁਰਦੇਵ ਸਿੰਘ ਖੋਖਰ, ਲਛਮਣ ਸਿੰਘ ਮਲੂਕਾ ਨੇ ਨਿਭਾਈ ।
ਇਸ ਮੌਕੇ ਬੋਲਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਬੂਟਾ ਸਿੰਘ ਸ਼ਾਦ ਬਾਰੇ ਉਨ੍ਹਾਂ ਦੇ ਜੀਵਨ ਬਾਰੇ ਕੋਈ ਪੁਸਤਕ ਹੁਣ ਤੀਕ ਨਹੀਂ ਸੀ ਮਿਲਦੀ। ਉਹ ਮੇਰੇ ਨਾਵਲ ਕਾਰ ਮਿੱਤਰ ਸਨ। ਮੈਂ ਇਹ ਘਾਟ ਪੂਰੀ ਕਰਨ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ। ਜਸਪਾਲ ਮਾਨਖੇੜਾ ਨੇ ਕਿਹਾ ਕਿ ਮੇਰਾ ਵੀ ਇਸ ਪੁਸਤਕ ਵਿਚ ਸ਼ਾਦ ਦੇ ਪਿੰਡ ਬਾਰੇ ਵਿਸਥਾਰਤ ਲੇਖ ਹੈ। ਮੈਂ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਉਹਦੇ ਪਿੰਡ ਦਾਨ ਸਿੰਘ ਵਾਲਾ (ਬਠਿੰਡਾ) ਦੀ ਨਵੀਂ ਪੀੜ੍ਹੀ ਸ਼ਾਦ ਬਾਰੇ ਕੀ ਮਹਿਸੂਸ ਕਰਦੀ ਹੈ।
ਪੁਸਤਕ ਦੇ ਪ੍ਰਕਾਸ਼ਕ ਖ਼ੁਸ਼ਵੰਤ ਬਰਗਾੜੀ ਨੇ ਕਿਹਾ ਕਿ ਇਸ ਪੁਸਤਕ ਵਿਚ ਗੁਰਬਚਨ ਸਿੰਘ ਭੁੱਲਰ, ਸਰਵਣ ਸਿੰਘ ਤੇ ਸ਼ਮਸ਼ੇਰ ਸਿੰਘ ਸੰਧੂ ਵਰਗੇ ਉਨ੍ਹਾਂ ਲੇਖਕਾਂ ਦੇ ਹੀ ਲੇਖ ਹਨ, ਜਿਹੜੇ ਜਿਉਂਦੇ ਜੀਅ ਉਨ੍ਹਾਂ ਨਾਲ ਵਿਚਰੇ। ਉਨ੍ਹਾਂ ਨਾਲ ਕੀਤੀਆਂ ਮੁਲਾਕਾਤਾਂ ਅਤੇ ਉਨ੍ਹਾਂ ਦੀਆਂ ਤਿੰਨ ਅਣਛਪੀਆਂ ਕਹਾਣੀਆਂ ਵੀ ਇਸ ਪੁਸਤਕ ਵਿਚ ਸ਼ਾਮਿਲ ਹਨ।
ਗੋਪਾਲ ਸਿੰਘ ਕੋਟਫੱਤਾ ਨੇ ਕਿਹਾ ਕਿ ਚੋਹਾਨ ਨੇ ਸ਼ਾਦ ਤੋਂ ਪਹਿਲਾਂ ਰਾਮ ਸਰੂਪ ਅਣਖੀ ਬਾਰੇ ਵੀ'ਮਾਲਵੇ ਦਾ ਸਾਗਵਾਨ ਰਾਮ ਸਰੂਪ ਅਣਖੀ' ਪੁਸਤਕ ਦਾ ਵੀ ਸੰਪਾਦਨ ਕੀਤਾ ਹੈ।
ਇਸ ਮੌਕੇ ਸਭਾ ਗ਼ਜ਼ਲਕਾਰ ਰਣਬੀਰ ਰਾਣਾ, ਕਾਮਰੇਡ ਜਰਨੈਲ ਸਿੰਘ, ਹਰਬੰਸ ਲਾਲ ਗਰਗ ਤੋਂ ਇਲਾਵਾ ਸਭਾ ਦੇ ਦੋ ਦਰਜਨ ਦੇ ਕਰੀਬ ਮੈਂਬਰ ਅਤੇ ਲੇਖਕ ਹਾਜ਼ਰ ਸਨ।
ਮੈਂ ਤਾਂ ਇਹੀ ਕਹਾਂਗਾ, ਰੱਬਾ! ਤੇਰਾਂ ਲੱਖ ਸ਼ੁਕਰਾਨਾ, ਸਾਡਾ ਹਰਾ ਭਰਿਆ ਬੂਟਾ ਸਾਨੂੰ ਛਾਵਾਂ ਦੇਣ ਲਈ ਮੋੜ ਦਿੱਤਾ।
ਜੀਅ ਓ ਬੂਟਿਆ ਜੀਅ।
ਤੈਨੂੰ ਸੱਚੇ ਰੱਬ ਦੀਆਂ ਰੱਖਾਂ।

-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਲੇਖਕ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.