Babushahi Special: ਸੀਵਰੇਜ਼ ਦੀ ਗੰਦਗੀ ’ਚ ਫਸੀ ਕੈਪਟਨ ਦੇ ਪੁਰਖਿਆਂ ਦੇ ਪਿੰਡ ਮਹਿਰਾਜ਼ ਵਾਸੀਆਂ ਦੀ ਜ਼ਿੰਦਗੀ
ਅਸ਼ੋਕ ਵਰਮਾ
ਬਠਿੰਡਾ,19 ਜੂਨ 2025: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਲੋਕਾਂ ਦੀ ਜਿੰਦਗੀ ਸੀਵਰੇਜ਼ ਦੀ ਗੰਦਗੀ ’ਚ ਅਜਿਹੀ ਫਸ ਗਈ ਹੈ ਜਿੱਥੋਂ ਲੋਕਾਂ ਨੂੰ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਲੱਭ ਰਿਹਾ ਹੈ। ਪੰਜਾਬ ਦੇ ਇਸ ਵੱਡੇ ਪਿੰਡ ’ਚ ਗੰਦਾ ਪਾਣੀ ਗਲੀਆਂ ਅਤੇ ਘਰਾਂ ਅੱਗੇ ਮੇਲ੍ਹਦਾ ਫਿਰ ਰਿਹਾ ਹੈ ਜਿਸ ਕਰਕੇ ਸਥਿਤੀ ਬਦ ਤੋਂ ਬਦਤਰ ਬਣ ਗਈ ਹੈ। ਪਿੰਡ ਵਾਸੀਆਂ ਮੁਤਾਬਕ ਕਿ ਉਨ੍ਹਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ ਪਰ ਸਰਕਾਰ ਕੋਈ ਹੱਲ ਨਹੀਂ ਕੱਢ ਰਹੀ ਹੈ। ਜਦੋਂ ਸਾਲ 2002 ’ਚ ਕੈਪਟਨ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਨੇ ਆਪਣੇ ਪੁਰਖਿਆਂ ਦੇ ਇਸ ਪਿੰਡ ਨੂੰ ਸਹੂਲਤਾਂ ਦੇ ਤੌਰ ਤੇ ਸੀਵਰੇਜ ਅਤੇ ਜਲ ਸਪਲਾਈ ਦੇ ਪ੍ਰੋਜੈਕਟ ਦਿੱਤੇ ਸਨ। ਲੋਕਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਆਪਣੇ ਵੱਲੋਂ ਤਾਂ ਸਹੂਲਤ ਦਿੱਤੀ ਸੀ ਪਰ ਹੁਣ ਉਹੀ ਸੀਵਰੇਜ਼ ਨਰਕ ਦਾ ਰੂਪ ਧਾਰ ਗਿਆ ਹੈ।

ਉਨ੍ਹਾਂ ਆਖਿਆ ਕਿ ਪਹਿਲਾਂ ਕਾਂਗਰਸ ਨੇ ਪੰਜ ਸਾਲ ਸਾਰ ਨਹੀਂ ਲਈ ਤੇ ਮੌਜੂਦਾ ਸਰਕਾਰ ਦੇ ਤਿੰਨ ਸਾਲ ਮਗਰੋਂ ਵੀ ਗੰਦਗੀ ਤੋਂ ਖਹਿੜਾ ਨਹੀਂ ਛੁੱਟ ਸਕਿਆ ਹੈ। ਲੋਕ ਆਖਦੇ ਹਨ ਕਿ ਹੁਣ ਤਾਂ ਪਿੰਡ ਦੀ ਹਾਲਤ ਏਨੀ ਜਿਆਦਾ ਤਰਸਯੋਗ ਹੋ ਗਈ ਹੈ ਜਿਸ ਨੂੰ ਬਿਆਨ ਕਰਨਾ ਵੀ ਮੁਸ਼ਕਲ ਹੈ । ਗੰਦੇ ਪਾਣੀ ਦੀ ਬਦਬੂ ਨੇ ਲੋਕਾਂ ਦੇ ਨੱਕ ਬੰਦ ਕਰਾ ਦਿੱਤੇ ਹਨ ਜਿਸ ਨੂੰ ਲੈਕੇ ਪਿੰਡ ਵਾਸੀਆਂ ’ਚ ਨਰਾਜਗੀ ਦਾ ਮਹੌਲ ਬਣਿਆ ਹੋਇਆ ਹੈ। ਪਿੰਡ ’ਚ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਬਲਕਿ ਲੰਘੇ ਕਈ ਵਰਿ੍ਹਆਂ ਤੋਂ ਪਿੰਡ ਮਹਿਰਾਜ ਦੇ ਸੀਵਰੇਜ ਦਾ ਇਹ ਹਾਲ ਹੈ ਜੋਕਿ ਪਾਣੀ ਦੀ ਨਿਕਾਸੀ ਲਈ ਬਣਾਇਆ ਗਿਆ ਸੀ। ਪਿੰਡ ਵਾਸੀ ਜਸਵੰਤ ਸਿੰਘ ਬਾਹੀਆ ਨੇ ਦੱਸਿਆ ਕਿ ਸਭ ਤੋਂ ਮਾੜਾ ਹਾਲ ਪੱਤੀ ਸੌਲ ਅਤੇ ਕਾਲਾ ਪੱਤੀ ਵਿੱਚ ਹੈ ਜਦੋਂਕਿ ਪੱਤੀ ਕਰਮ ਚੰਦ ਵੀ ਪ੍ਰਭਾਵਿਤ ਹੈ ਪਰ ਬਾਕੀ ਥਾਵਾਂ ਨਾਲੋਂ ਕੁੱਝ ਘੱਟ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਗੁਰੂ ਘਰ ਵਾਲੇ ਪਾਸੇ ਤਾਂ ਬੇਹੱਦ ਮੰਦਾ ਹਾਲ ਹੈ ਜਿੱਥੇ ਜਾਣ ਵਾਲਿਆਂ ਨੂੰ ਗੰਦੇ ਪਾਣੀ ਦੇ ਸਮੁੰਦਰ ਵਿਚਦੀ ਲੰਘਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਗਮੀ ਖੁਸ਼ੀ ਦੇ ਸਮਾਗਮ ਮੌਕੇ ਜਦੋਂ ਲੋਕ ਗੁਰੂ ਘਰ ਵਿੱਚ ਗੰਦਗੀ ਵਿਚੋਂ ਦੀ ਲੰਘਕੇ ਜਾਂਦੇ ਹਨ ਤਾਂ ਪਿੰਡ ਵਾਸੀਆਂ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਣਕਾਰੀ ਅਨੁਸਾਰ ਇਹ ਉਹ ਇਲਾਕੇ ਹਨ ਜਿੰਨ੍ਹਾਂ ਵਿੱਚ ਪੂਰੀ ਤਰ੍ਹਾਂ ਜਾਮ ਹੋ ਚੁੱਕੀਆਂ ਸੀਵਰੇਜ਼ ਲਾਈਨਾਂ ਨੂੰ ਸਫਾਈ ਦੀ ਫੌਰੀ ਜਰੂਰਤ ਹੈ। ਸੀਵਰੇਜ ਦੇ ਪਾਣੀ ਨੂੰ ਇਕੱਠਾ ਕਰਨ ਲਈ 12 ਏਕੜ ਰਕਬੇ ਵਿੱਚ ਛੱਪੜ ਹੈ ਜਿਸ ਤੋਂ ਨਿਕਾਸੀ ਵਾਸਤੇ ਰਾਈਜਿੰਗ ਮੇਨ ਪਾਈ ਗਈ ਹੈ ਅਤੇ ਸੀਵਰੇਜ਼ ਟਰੀਟਮੈਂਟ ਪਲਾਂਟ ਵੀ ਹੈ ਜੋ ਢੰਗ ਸਿਰ ਕੰਮ ਨਹੀਂ ਕਰ ਰਹੇ ਹਨ। ਪਿੰਡ ਦੇ ਪਤਵੰਤਿਆਂ ਨੇ ਗੰਦੇ ਪਾਣੀ ਦਾ ਮਸਲਾ ਪ੍ਰਸ਼ਾਸ਼ਨ ਦੇ ਧਿਆਨ ’ਚ ਲਿਆਂਦਾ ਸੀ ਪਰ ਹੱਲ ਨਹੀਂ ਨਿਕਲ ਸਕਿਆ ਹੈ ।
ਸਕੂਲੀ ਬੱਚਿਆਂ ਲਈ ਸੰਕਟ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਲ੍ਹਾ ਪ੍ਰਧਾਨ ਤੇ ਪਿੰਡ ਵਾਸੀ ਪੁਰਸ਼ੋਤਮ ਮਹਿਰਾਜ ਦਾ ਕਹਿਣਾ ਸੀ ਕਿ ਕਾਫੀ ਇਲਾਕੇ ’ਚ ਸਥਿਤੀ ਐਨੀ ਤਰਸਯੋਗ ਹੈ ਕਿ ਰਿਸ਼ਤੇਦਾਰ ਵੀ ਪਿੰਡ ’ਚ ਆਉਣ ਤੋਂ ਪਾਸਾ ਵੱਟਣ ਲੱਗੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਆਉਣ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਚਿੱਕੜ ਅਤੇ ਗੰਦਗੀ ਭਰਪੂਰ ਰਸਤੇ ਰਾਹੀਂ ਬੱਚਿਆਂ ਨੂੰ ਲਿਆਉਣਾ ਅਤੇ ਲਿਜਾਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ।
ਕੈਪਟਨ ਦੇ ਰਾਜ ’ਚ ਪਿਆ ਸੀਵੇਰਜ਼
ਜਾਣਕਾਰੀ ਅਨੁਸਾਰ ਜਦੋਂ ਅਮਰਿੰਦਰ ਦੀ ਸਾਲ 2002 ਵਾਲੀਪਾਰੀ ਸੀ ਤਾਂ ਉਦੋਂ ਮਹਿਰਾਜ ਦੇ ਵਿਕਾਸ ਲਈ 18 ਕਰੋੜ ਖ਼ਰਚੇ ਗਏ ਸਨ। ਪੂਰੇ ਪਿੰਡ ਸੀਵਰੇਜ ਪਾ ਦਿੱਤਾ ਗਿਆ ਸੀ ਅਤੇ ਕੰਕਰੀਟ ਦੀਆਂ ਗਲੀਆਂ ਬਣੀਆਂ ਸਨ। ਸਾਲ 2006 ਵਿੱਚ ਸੌ ਫ਼ੀਸਦੀ ਸੀਵਰੇਜ਼ ਤਾਂ ਪਾ ਦਿੱਤਾ ਗਿਆ ਪਰ ਨਿਕਾਸੀ ਦੇ ਪ੍ਰਬੰਧ ਨਹੀਂ ਕੀਤੇ ਸਨ। ਮਗਰੋਂ ਅਕਾਲੀ ਸਰਕਾਰ ਸਮੇਂ ਸਾਲ 2012 ਵਿੱਚ ਨਿਕਾਸੀ ਲਈ ਪਾਈਪ ਲਾਈਨ ਪਾਈ ਗਈ ਸੀ ਜਿਸ ਨੂੰ ਬਾਅਦ ’ਚ ਲਹਿਰਾ ਮੁਹੱਬਤ ਤੱਕ ਲਿਜਾਇਆ ਗਿਆ ਹੈ। ਸੂਤਰ ਦੱਸਦੇ ਹਨ ਕਿ ਸੀਵਰੇਜ਼ ਲਾਈਨਾਂ ਦੀ ਆਖਰੀ ਵਾਰ ਸਾਲ 2016 ’ਚ ਸਫਾਈ ਹੋਈ ਸੀ ਤੇ ਉਸ ਪਿੱਛੋਂ ਸਭ ਰੱਬ ਆਸਰੇ ਹੀ ਤੁਰਿਆ ਆ ਰਿਹਾ ਹੈ।
ਸਥਿਤੀ ਪਹਿਲਾਂ ਨਾਲੋਂ ਬਿਹਤਰ: ਪ੍ਰਧਾਨ
ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਦਾ ਕਹਿਣਾ ਸੀ ਕਿ ਪਹਿਲਾਂ ਨਾਲੋਂ ਸਥਿਤੀ ਕਾਫੀ ਬਿਹਤਰ ਹੈ ਡਿਰ ਵੀ ਜਿੱਥੇ ਸਮੱਸਿਆ ਹੈ ਉਸ ਨੂੰ ਦੂਰ ਕਰਵਾਉਣ ਲਈ ਨਗਰ ਪੰਚਾਇਤ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਪਾਉਣ ਲਈ ਨਗਰ ਪੰਚਾਇਤ ਵੱਲੋਂ ਛੱਪੜ ਦੀ ਸਫਾਈ ਵੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਸਮੱਸਿਆ ਲਈ ਪਿੰਡ ਦੇ ਉਹ ਲੋਕ ਜਿੰਮੇਵਾਰ ਹਨ ਜੋ ਪਸ਼ੂਆਂ ਦਾ ਗੋਹਾ ਬਾਹਰ ਸੁੱਟਣ ਦੀ ਥਾਂ ਸਿੱਧਾ ਹੀ ਪਾਈਪਾਂ ’ਚ ਪਾ ਦਿੰਦੇ ਹਨ ਜੋਕਿ ਸੀਵਰੇਜ਼ ਬੰਦ ਹੋਣ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਕੰਮ ਕੰਪਨੀ ਕੋਲ ਹੋਣਾ ਵੀ ਸੰਕਟ ਦਾ ਦੂਸਰਾ ਕਾਰਨ ਹੈ ਫਿਰ ਵੀ ਸੀਵਰੇਜ਼ ਕਮੇਟੀ ਦੇ ਸਹਿਯੋਗ ਨਾਲ ਢੁੱਕਵਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।