Canada: ਵੈਨਕੂਵਰ ਦੇ ਲੇਖਕਾਂ, ਕਲਾਕਾਰਾਂ ਅਤੇ ਪ੍ਰਸੰਸਕਾਂ ਵੱਲੋਂ ਨਾਮਵਰ ਆਰਟਿਸਟ ਜਰਨੈਲ ਸਿੰਘ ਨੂੰ ਸ਼ਰਧਾਂਜਲੀ
ਹਰਦਮ ਮਾਨ
ਸਰੀ, 17 ਜੂਨ 2025- ਬੀਤੇ ਦਿਨ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਵਿਖੇ ਵੈਨਕੂਵਰ ਖੇਤਰ ਦੇ ਲੇਖਕਾਂ, ਕਲਾਕਾਰਾਂ ਅਤੇ ਕਲਾ ਦੇ ਪ੍ਰਸੰਸਕਾਂ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਦੇ ਨਾਮਵਰ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਨੂੰ ਅਕੀਦਤ ਭੇਟ ਕਰਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਵੈਨਕੂਵਰ ਵਿਚਾਰ ਮੰਚ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸੱਦੇ ‘ਤੇ ਪਹੁੰਚੇ ਕਲਾ-ਪ੍ਰੇਮੀਆਂ ਨੇ ਜਰਨੈਲ ਸਿੰਘ ਆਰਟਿਸਟ ਨਾਲ ਆਪਣੀ ਸਾਂਝ ਅਤੇ ਯਾਦਾਂ ਤਾਜ਼ੀਆਂ ਕੀਤੀਆਂ। ਇਸ ਇਕੱਤਰਤਾ ਵਿਚ ਮਰਹੂਮ ਜਰਨੈਲ ਸਿੰਘ ਦੀ ਪਤਨੀ ਬਲਜੀਤ ਕੌਰ ਪਨੇਸਰ, ਬੇਟੀ ਨੀਤੀ ਸਿੰਘ ਅਤੇ ਬੇਟਾ ਜੁਝਾਰ ਸਿੰਘ ਵੀ ਸ਼ਾਮਲ ਹੋਏ।
ਸ਼ਾਇਰ ਮੋਹਨ ਗਿੱਲ ਨੇ ਸਭਨਾਂ ਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਆਰਟਿਸਟ ਨਾਲ ਆਪਣੀਆਂ ਆਖਰੀ ਮੁਲਾਕਾਤਾਂ ਅਤੇ ਮਹਿਫ਼ਿਲਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਬੇਵਕਤ ਚਲੇ ਜਾਣਾ ਸਮੁੱਚੇ ਪੰਜਾਬੀ ਜਗਤ ਲਈ ਨਾ ਪੂਰਿਆ ਜਾਣ ਵਾਲਾ ਖੱਪਾ ਹੈ। ਉਨ੍ਹਾਂ ਨੇ ਆਪਣੀਆਂ ਕਲਾਕ੍ਰਿਤਾਂ ਰਾਹੀਂ ਪੰਜਾਬ ਦੇ ਸੱਭਿਆਚਾਰ, ਇਤਿਹਾਸ ਅਤੇ ਵਿਸ਼ੇਸ਼ ਕਰ ਕੇ ਸਿੱਖ ਇਤਿਹਾਸ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਪੁਚਾਇਆ। ਬੇਸ਼ੱਕ ਉਹ ਸਰੀਰਕ ਤੌਰ ‘ਤੇ ਅਦਿੱਖ ਹੋ ਗਏ ਹਨ ਪਰ ਆਪਣੀਆਂ ਕ੍ਰਿਤਾਂ ਰਾਹੀਂ ਉਹ ਪੰਜਾਬੀਆਂ ਦੇ ਹਿਰਦਿਆਂ ਵਿਚ ਹਮੇਸ਼ਾ ਵਸਦੇ ਰਹਿਣਗੇ।
ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਆਪਣੇ ਗੂੜ੍ਹੇ ਮਿੱਤਰ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਆਪਣੀ ਪਹਿਲੀ ਮਿਲਣੀ ਤੋਂ ਲੈ ਕੇ ਲੰਮਾਂ ਸਮਾਂ ਰਹੀ ‘ਦੋ ਜਰਨੈਲਾਂ ਦੀ ਜੋੜੀ’ ਤੱਕ ਦਾ ਸਫਰ ਬਹੁਤ ਹੀ ਭਾਵੁਕ ਲਫ਼ਜ਼ਾਂ ਰਾਹੀਂ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਚਿੱਤਰ ਕਲਾ ਉਨ੍ਹਾਂ ਨੂੰ ਵਿਰਸੇ ਵਿਚ ਹੀ ਮਿਲੀ। ਉਨ੍ਹਾਂ ਦੇ ਪਿਤਾ ਸ. ਕ੍ਰਿਪਾਲ ਸਿੰਘ ਬਹੁਤ ਮਹਾਨ ਚਿੱਤਰਕਾਰ ਸਨ ਜਿਨ੍ਹਾਂ ਨੇ ਆਪਣੇ ਚਿੱਤਰਾਂ ਰਾਹੀਂ ਸਿੱਖ ਇਤਿਹਾਸ ਨੂੰ ਰੂਪਮਾਨ ਕਰ ਕੇ ਪੰਜਾਬੀ ਜਗਤ ਵਿਚ ਬਹੁਤ ਨਾਮਣਾ ਕਮਾਇਆ। ਜਰਨੈਲ ਸਿੰਘ ਆਰਟਿਸਟ ਦੇ ਦਾਦਾ ਵੀ ਬਹੁਤ ਵੱਡੇ ਨੱਕਾਸ ਸਨ ਅਤੇ ਉਨ੍ਹਾਂ ਦੀ ਕਲਾ ਅੱਜ ਵੀ ਪੰਜਾਬ ਵਿਚ ਪੁਰਾਣੇ ਦਰਵਾਜ਼ਿਆਂ ‘ਤੇ ਦੇਖੀ ਜਾ ਸਕਦੀ ਹੈ।
ਅੰਗਰੇਜ਼ ਬਰਾੜ, ਮਹਿੰਦਰਪਾਲ ਸਿੰਘ ਪਾਲ ਅਤੇ ਹਰਦਮ ਸਿੰਘ ਮਾਨ ਨੇ ਕਿਹਾ ਕਿ ਜਰਨੈਲ ਸਿੰਘ ਮਹਾਨ ਚਿੱਤਰਕਾਰ ਹੋਣ ਦੇ ਨਾਲ ਨਾਲ ਬਹੁਤ ਹੀ ਨਿਮਰ ਤੇ ਦਰਵੇਸ਼ ਇਨਸਾਨ ਸਨ। ਉਹਨਾਂ ਨੂੰ ਸਿਰਫ ਚਿੱਤਰਕਲਾ ਵਿਚ ਹੀ ਮੁਹਾਰਤ ਨਹੀਂ ਸੀ ਸਗੋਂ ਸਾਹਿਤ, ਪੱਤਰਕਾਰੀ ਅਤੇ ਫਿਲਮਾਂ ਬਾਰੇ ਵੀ ਉਹ ਬੜੀ ਪਰਪੱਕ ਸੂਝ ਰੱਖਦੇ ਸਨ। ਐਡਵੋਕੇਟ ਰਾਜਵੀਰ ਢਿੱਲੋਂ ਨੇ ਕਿਹਾ ਕਿ ਜਰਨੈਲ ਸਿੰਘ ਦੀ ਕਲਾ, ਸ਼ਖ਼ਸੀਅਤ, ਨਿਮਰ ਸੁਭਾਅ ਅਤੇ ਉਨ੍ਹਾਂ ਦੀ ਸਮਾਜਿਕ ਸ਼ੈਲੀ ਤੋਂ ਉਹਨਾਂ ਨੇ ਬਹੁਤ ਕੁਝ ਗ੍ਰਹਿਣ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹਾ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ ਕਿ ਉਨ੍ਹਾਂ ਵੱਲੋਂ ਨਵੀਂ ਪੀੜ੍ਹੀ ਨੂੰ ਕਲਾ ਵੰਡਣ ਦਾ ਕੀਤਾ ਜਾ ਰਿਹਾ ਕਾਰਜ ਇਸ ਗੈਲਰੀ ਵਿਚ ਪਹਿਲਾਂ ਵਾਂਗ ਹੀ ਨਿਰੰਤਰ ਚਲਦਾ ਰਹੇ।
ਪ੍ਰਸਿੱਧ ਸ਼ਾਇਰ ਅਜਮੇਰ ਰੋਡੇ, ਗੁਰਨਾਮ ਥਾਂਦੀ, ਬਿੱਲਾ ਤੱਖੜ ਅਤੇ ਪਰਮਜੀਤ ਸੇਖੋਂ ਨੇ ਜਰਨੈਲ ਸਿੰਘ ਦੀ ਹਲੀਮੀ ਅਤੇ ਉਨ੍ਹਾਂ ਦੀ ਕਾਰਜ ਵਿਧੀ ਬਾਰੇ ਗੱਲ ਕੀਤੀ। ਸਰਵਣ ਸਿੰਘ ਰੰਧਾਵਾ ਅਤੇ ਸਰਬਜੀਤ ਕੌਰ ਰੰਧਾਵਾ ਨੇ ਜਰਨੈਲ ਸਿੰਘ ਬਾਰੇ ਸਿਮਰਤੀ ਗਰੰਥ ਅਤੇ ਉਨ੍ਹਾਂ ਦੀਆਂ ਕਲਾਕ੍ਰਿਤਾਂ ਨੂੰ ਕਿਤਾਬੀ ਰੂਪ ਦੇਣ ਦਾ ਸੁਝਾਅ ਦਿੱਤਾ ਅਤੇ ਉਨ੍ਹਾਂ ਦੀਆਂ ਕ੍ਰਿਤਾਂ ‘ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ’ ਵਿਚ ਲਾਉਣ ਲਈ ਆਪਣੀਆਂ ਸੇਵਾਵਾਂ ਦੇਣ ਦੀ ਗੱਲ ਕਹੀ। ਸ਼ਾਇਰ ਰਾਜਵੰਤ ਰਾਜ ਨੇ ਕਿਹਾ ਕਿ ਜਰਨੈਲ ਸਿੰਘ ਆਰਟਿਸਟ ਹਰ ਤਰ੍ਹਾਂ ਦੀ ਸੁਸਾਇਟੀ ਵਿਚ ਹਰਮਨ ਪਿਆਰੇ ਸਨ। ਉਨ੍ਹਾਂ ਦੀ ਸ਼ਖ਼ਸੀਅਤ ਹਰ ਵਰਗ ਦੇ ਲੋਕਾਂ ਵਿਚ ਸਿਖਰ ‘ਤੇ ਦਿਖਾਈ ਦਿੰਦੀ ਸੀ ਪਰ ਉਨ੍ਹਾਂ ਵਿਚ ਰੱਤੀ ਭਰ ਵੀ ਗੁਮਾਨ ਨਹੀਂ ਸੀ।
ਸਤੀਸ਼ ਗੁਲਾਟੀ ਨੇ ਕਿਹਾ ਕਿ ਜਰਨੈਲ ਸਿੰਘ ਅੱਜ ਵੀ ਆਪਣੇ ਸਦੀਵੀ ਚਿੱਤਰਾਂ ਨਾਲ ਸਾਡੇ ਵਿਚ ਮੌਜੂਦ ਹੈ ਅਤੇ ਆਪਣੀ ਘੱਟ ਬੋਲਣ ਦੇ ਸੁਭਾਅ ਸਦਕਾ ਖਾਮੋਸ਼ ਹੈ। ਬਖਸ਼ਿੰਦਰ ਨੇ ਕਿਹਾ ਕਿ ਜਿਸ ਤਰ੍ਹਾਂ ਜਰਨੈਲ ਸਿੰਘ ਨੇ ਆਪਣੇ ਪਿਤਾ ਸ. ਕਿਰਪਾਲ ਸਿੰਘ ਦੀ ਵਸੀਹਤ ਨੂੰ ਅਗਾਂਹ ਤੋਰਿਆ ਉਸੇ ਤਰ੍ਹਾਂ ਹੁਣ ਉਨ੍ਹਾਂ ਦੀ ਬੇਟੀ ਨੀਤੀ ਸਿੰਘ ਵੀ ਇਹ ਜ਼ਿੰਮੇਵਾਰੀ ਨਿਭਾਏਗੀ।
ਸ਼ਾਇਰ ਇੰਦਰਜੀਤ ਧਾਮੀ, ਅਸ਼ੋਕ ਭਾਰਗਵ, ਗੁਰਲੀਨ ਕੌਰ, ਗੁਰਦੀਪ ਸਿੰਘ ਭੁੱਲਰ, ਚਮਕੌਰ ਸਿੰਘ ਸੇਖੋਂ, ਸੁਰਜੀਤ ਸਿੰਘ ਬਾਠ, ਮੂਰਤੀਕਾਰ ਪਰਵਿੰਦਰ ਸਿੰਘ ਰਾਏਕੋਟੀ, ਸੁਖਜੀਤ ਕੌਰ, ਬਲਬੀਰ ਸਿੰਘ ਸੰਘਾ, ਸੁਰਜੀਤ ਕਲਸੀ, ਅਵਨੀਤ ਤੇਜਾ, ਅਵਤਾਰ ਤਾਰੀ, ਪਰਮਿੰਦਰ ਸਵੈਚ, ਰਾਜਿੰਦਰ ਸਿੰਘ ਪੰਧੇਰ, ਤਰਲੋਚਨ ਤਰਨਤਾਰਨ, ਮੀਨੂੰ ਬਾਵਾ, ਬਿੰਦੂ ਮਠਾੜੂ ਅਤੇ ਅਮਰਜੀਤ ਕੌਰ ਸ਼ਾਂਤ ਨੇ ਮਹਾਨ ਆਰਟਿਸਟ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਹ ਆਪਣੇ ਚਿੱਤਰਾਂ ਰਾਹੀਂ ਹਮੇਸ਼ਾ ਸਾਡੇ ਦਿਲਾਂ ਵਿਚ ਧੜਕਦੇ ਰਹਿਣਗੇ।
ਅੰਤ ਵਿਚ ਮੋਹਨ ਗਿੱਲ ਨੇ ਸਭ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜਰਨੈਲ ਸਿੰਘ ਬਾਰੇ ਸਿਮਰਤੀ ਗਰੰਥ ਪ੍ਰਕਾਸ਼ਿਤ ਕਰਨ, ਉਨ੍ਹਾਂ ਦੀਆਂ ਕਲਾਕ੍ਰਿਤੀਆਂ ਨੂੰ ਪੁਸਤਕ ਅਤੇ ਡਿਜ਼ੀਟਲ ਰੂਪ ਦੇਣ ਦਾ ਕਾਰਜ ਜਲਦੀ ਹੀ ਕੀਤਾ ਜਾਵੇਗਾ। ਜਰਨੈਲ ਸਿੰਘ ਪਤਨੀ ਬਲਜੀਤ ਕੌਰ ਪਨੇਸਰ, ਬੇਟੀ ਨੀਤੀ ਸਿੰਘ ਅਤੇ ਬੇਟੇ ਜੁਝਾਰ ਸਿੰਘ ਨੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਸਭ ਦਾ ਸ਼ੁਕਰਾਨਾ ਕੀਤਾ। ਨੀਤੀ ਸਿੰਘ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਕਾਰਜ ਨੂੰ ਨਿਰਵਿਘਨ ਜਾਰੀ ਰੱਖੇਗੀ।