ਪੈਰੋਸ਼ਾਹ ਪਿੰਡ ਸਲਾਨਾ 45 ਟਨ ਕੂੜੇ ਤੋਂ 5 ਟਨ ਜੈਵਿਕ ਖਾਦ ਕਰਦਾ ਹੈ ਤਿਆਰ - ਸਰਪੰਚ
ਪੰਚਾਇਤ ਨੇ ਪਿੰਡ ਦੇ ਕੂੜੇ ਨੂੰ ਬਣਾਇਆ ਆਮਦਨ ਦਾ ਸਾਧਨ
ਰੋਹਿਤ ਗੁਪਤਾ
ਬਟਾਲਾ, 12 ਜੂਨ ਅੱਜ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਇਹ ਕੂੜੇ ਦੇ ਢੇਰ ਗੰਦਗੀ ਦਾ ਸਭ ਤੋਂ ਵੱਡਾ ਸਰੋਤ ਹਨ ਉੱਥੇ ਹੀ ਜਿਲਾ ਗੁਰਦਾਸਪੁਰ ਦੀ ਇੱਕ ਪੰਚਾਇਤ ਪੇਰੋਸ਼ਾਹ ਹੈ , ਜਿਸ ਨੇ ਪਿੰਡ ਦੇ ਕੂੜੇ ਨੂੰ ਆਮਦਨ ਦਾ ਸਾਧਨ ਬਣਾਇਆ ਹੈ।
ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿੱਚ ਸੋਲਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਗਾਇਆ ਹੈ, ਜਿਸ ਤਹਿਤ ਗਿੱਲੇ ਅਤੇ ਸੁੱਕੇ ਕੂੜੇ ਦਾ ਨਿਪਟਾਰਾ ਕੀਤਾ ਜਾਂਦਾ ਹੈ, ਗਿੱਲਾ ਕੂੜਾ ਜਿਸ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਛਿਲਕੇ ਅਤੇ ਰਸੋਈ ਦੇ ਵੇਸਟ ਨੂੰ ਇੱਕ ਪਿੱਟ ਵਿੱਚ ਵਿਧੀਵਤ ਪਾਇਆ ਜਾਂਦਾ ਹੈ ਅਤੇ ਡੀ ਕੰਬੋਜ ਵਿਧੀ ਰਾਹੀਂ ਉਸ ਨੂੰ ਜੈਵਿਕ ਖਾਦ ਦੇ ਰੂਪ ਵਿੱਚ ਤਬਦੀਲ ਕੀਤਾ ਜਾਂਦਾ ਹੈ।
ਇਸ ਸਬੰਧੀ ਅਗਾਂਹਵਧੂ ਸਰਪੰਚ ਸੁਖਰਾਜ ਸਿੰਘ ਪੈਰੋਸ਼ਾਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਲਡ ਵੇਸਟ ਮੈਨੇਜਮੈਂਟ ਪ੍ਰੋਜੈਕਟ 2020 ਵਿੱਚ ਚਾਲੂ ਕੀਤਾ ਗਿਆ ਸੀ, ਜਿਸ ਰਾਹੀ ਪਿੰਡ ਵਿੱਚੋਂ ਹਰੇਕ ਸਾਲ 25 ਟਨ ਗਿੱਲਾ ਕੂੜਾ ਅਤੇ 20 ਟਨ ਸੁੱਕਾ ਕੂੜਾ ਇਕੱਤਰ ਕੀਤਾ ਜਾਂਦਾ ਹੈ ਅਤੇ ਗਿੱਲੇ ਕੂੜੇ ਤੋਂ ਪੰਜ ਟਨ ਹਰ ਸਾਲ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਸੁੱਕੇ ਕੂੜੇ ਨੂੰ ਵੇਚਿਆ ਜਾਂਦਾ ਹੈ ਜਿਸ ਤੋਂ ਪੰਚਾਇਤ ਨੂੰ ਆਮਦਨ ਹੁੰਦੀ ਹੈ ਜਿਸ ਨਾਲ ਇਹ ਸਾਰਾ ਪ੍ਰੋਜੈਕਟ ਚਲਦਾ ਹੈ।
ਇਸ ਮੌਕੇ ਸਰਪੰਚ ਕਾਹਲੋ ਨੇ ਦੱਸਿਆ ਕਿ ਔਰਗੈਨਿਕ ਖਾਦ ਖੇਤੀ ਅਤੇ ਪੌਦਿਆਂ ਲਈ ਬਹੁਤ ਹੀ ਲਾਹੇਵੰਦ ਹੈ,ਜੋ ਪੌਦੇ ਵਧ ਫੁੱਲ ਨਹੀ ਰਹੇ ਜਾਂ ਫਲ਼ ਨਹੀ ਆ ਰਿਹਾ ਜਾਂ ਫਲ ਝੜ ਜਾਂਦਾ ਹੈ। ਉਨਾ ਪੌਦਿਆਂ ਲਈ ਵਰਦਾਨ ਹੈ, ਇਹ ਧਰਤੀ ਨੂੰ ਪੋਲਾ ਕਰਨ ਅਤੇ ਫਲਦਾਰ ਬੂਟਿਆਂ ਨੂੰ ਖੋਏ ਵਾਂਗ ਲੱਗਦੀ ਹੈ। ਇਹ 16 ਕਿਸਮ ਦੇ ਸੂਖਮ ਤੱਤਾਂ ਨਾਲ ਭਰਪੂਰ ਹੈ। ਜਿਵੇਂ ਮੈਗਨੀਸ਼ੀਅਮ , ਸੋਡੀਅਮ ਜਿੰਕ ਫਾਸਫੋਰਸ ਪੋਟਾਸ਼ੀਅਮ, ਕੈਲਸ਼ੀਅਮ ਤੇ ਕਾਪਰ ਆਦਿ ਤੱਤ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਹ ਘਰੇਲੂ ਬਗ਼ੀਚੀ ਲਈ ਵਰਦਾਨ ਹੈ। ਪਿੰਡ ਵਾਸੀ ਅਤੇ ਹੋਰ ਵਾਤਾਵਰਨ ਪ੍ਰੇਮੀ ਲਗਾਤਾਰ ਇਸ ਜੈਵਿਕ ਖਾਦ ਦੀ ਵਰਤੋਂ ਕਰਕੇ ਆਪਣੀਆਂ ਘਰੇਲੂ ਬਗੀਚੀਆਂ ਵਿੱਚ ਵਰਤੋਂ ਕਰ ਰਹੇ ਹਨ ਅਤੇ ਔਰਗੈਨਿਕ ਫਲ ਸਬਜ਼ੀਆਂ ਉਗਾ ਰਿਹਾ ਹਨ, ਇਹ ਫਲਾਂ, ਸਬਜੀਆਂ ਅਤੇ ਰਸੋਈ ਦੀ ਵੇਸਟ ਤੋਂ ਬਣੇ ਹੋਣ ਕਰਕੇ ਇਸ ਵਿੱਚ ਕੈਮੀਕਲ ,ਹੈਵੀ ਮੈਟਲ ,ਮਾਈਕਰੋ ਪਲਾਸਟਿਕ ਵਗੈਰਾ ਬਿਲਕੁੱਲ ਵੀ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਇਸਦੀ ਵਰਤੋਂ ਕਰਕੇ ਤੁਸੀਂ ਇੱਕ ਤਰ੍ਹਾਂ ਕੁਦਰਤ ਦੀ ਸੇਵਾ ਵੀ ਨਿਭਾਓਗੇ ਅਤੇ ਕੈਮੀਕਲ ਖਾਦਾਂ ਤੋਂ ਵੀ ਰਾਹਤ ਪਾਓਗੇ,ਸੋ ਸੋਲਿਡ ਵੇਸਟ ਮੈਨਿਜਮੈਂਟ ਪੋ੍ਜੈਕਟ ਦਾ ਪਿੰਡ ਵਾਸੀਆਂ ਨੂੰ ਵੱਡਾ ਲਾਭ ਹੋ ਰਿਹਾ ਹੈ। ਜਿਸ ਨਾਲ ਗੰਦਗੀ ਤੋਂ ਪੂਰਨ ਰੂਪ ਵਿੱਚ ਨਿਯਾਤ ਪਾ ਲਈ ਹੈ ਅਤੇ ਪਿੰਡ ਦਾ ਆਲਾ ਦੁਆਲਾ ਹਰਿਆ ਭਰਿਆ ਅਤੇ ਸਾਫ਼ ਸੁਥਰਾ ਹੋ ਗਿਆ ਹੈ।