ਯੁੱਧ ਨਸ਼ਿਆ ਵਿਰੁੱਧ: ਵਿਧਾਇਕ ਅਮਰਗੜ੍ਹ ਹੋਏ ਲੋਕਾਂ ਦੇ ਰੂ-ਬ-ਰੂ
ਮਾਲੇਰਕੋਟਲਾ/ਅਮਰਗੜ੍ਹ 30 ਮਈ : ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾਂ ਵੱਲੋਂ ਹਲਕੇ ਦੇ ਪਿੰਡ ਦੁਗਰੀ,ਮੋਰਾਵਾਲੀ ,ਮਲਕਪੁਰ,ਦਹਿਲੀਜ ਖੁਰਦ ,ਅਹਿਮਦਗੜ੍ਹ ਛੰਨਾ ਅਤੇ ਰਸੂਲਪੁਰ ਵਿਖੇ "ਯੁੱਧ ਨਸ਼ਿਆ ਵਿਰੁੱਧ" ਮੁਹਿਮ ਤਹਿਤ ਲੋਕ ਮਿਲਣੀਆਂ ਕਰਦਿਆ ਵਸਨੀਕਾਂ ਦੇ ਰੂਬਰੂ ਹੋਏ। ਉਨ੍ਹਾਂ ਆਪਣੇ ਸੰਬੋਧਨ ਦੌਰਾਨ, ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਹੋਕਾ ਦਿੰਦਿਆ ਕਿਹਾ ਕਿ ਜੇਕਰ ਕਿਸੇ ਘਰ ਦਾ ਜੀਅ ਨਸ਼ਿਆਂ ਦੀ ਚਪੇਟ ਵਿੱਚ ਆ ਜਾਂਦਾ ਹੈ ਹੈ ਤਾਂ ਉਸਦਾ ਪੂਰਾ ਟੱਬਰ ਤਬਾਹ ਹੋ ਜਾਂਦਾ ਹੈ। ਉਨ੍ਹਾਂ ਸਖ਼ਤ ਲਹਿਜੇ ਵਿੱਚ ਕਿਹਾ ਕਿ ਜੇਕਰ ਕੋਈ ਸਰਪੰਚ, ਪੰਚਾਇਤ ਮੈਂਬਰ ਜਾਂ ਨੰਬਰਦਾਰ ਕਿਸੇ ਵੀ ਚਿੱਟੇ ਦੇ ਸਮੱਗਲਰ ਜਾਂ ਨਸ਼ੇੜੀ ਦੀ ਸਹਾਇਤਾ ਲਈ ਸਿਫਾਰਸ਼ ਕਰਕੇ ਜਾਂ ਸਾਥ ਦੇਵੇਗਾ ਤਾਂ ਉਸ ਵਿਰੁੱਧ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਨਸ਼ੇ ਦੇ ਸੌਦਾਗਰ ਲੋਕਾਂ ਦੇ ਘਰ ਵਿੱਚ ਅੱਗ ਲਾਉਣਗੇ ਤਾਂ ਇੱਕ ਦਿਨ ਇਹ ਸੇਕ ਉਨ੍ਹਾਂ ਦੇ ਘਰ ਤੱਕ ਵੀ ਪੁੱਜੇਗਾ। ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਉਹ ਨਸ਼ਿਆਂ ਦੇ ਕੋਹੜ ਤੋਂ ਪਾਸਾ ਵੱਟ ਕੇ, ਖੇਡ ਮੈਦਾਨਾਂ ਨੂੰ ਆਪਣੇ ਹਾਣੀ ਬਣਾਕੇ ਖੇਡਾਂ ਨਾਲ ਜੁੜਨ ਤਾਂ ਜੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਯਤਨਸ਼ੀਲ ਹੈ ਜਿਸਦੇ ਤਹਿਤ ਅਨੇਕਾਂ ਖੇਡ ਮੈਦਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਡੀ.ਐਸ.ਪੀ ਰਣਜੀਤ ਸਿੰਘ, ਵਿਧਾਇਕ ਅਮਰਗੜ੍ਹ ਦੇ ਭਰਾ ਕੁਲਵੰਤ ਸਿੰਘ ਗੱਜਣਮਾਜਰਾ, ਹਲਕਾ ਕੋਆਰਡੀਨੇਟਰ ਜਗਦੀਪ ਸਿੰਘ ਜੱਗਾ, ਬੀ.ਡੀ.ਪੀ.ਓ ਬਬਲਜੀਤ ਕੌਰ, ਵਿਧਾਇਕ ਦੇ ਪੀ.ਏ ਅਭੀਜੋਤ ਸਿੰਘ, ਪੀ.ਏ ਰਾਜੀਵ ਕੁਮਾਰ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।