← ਪਿਛੇ ਪਰਤੋ
FCI ਦੇ ਗੁਦਾਮਾਂ 'ਚ ਸ਼ੈਲਰ ਮਾਲਕਾਂ ਦਾ 'ਦੋ ਨੰਬਰੀ ਮਾਲ': ਅਧਿਕਾਰੀਆਂ ਨੇ ਸਹੀ ਜਵਾਬ ਦੇਣ ਤੋਂ ਕੰਨੀਂ ਕਤਰਾਈ
ਦੀਪਕ ਜੈਨ
ਜਗਰਾਓ, 30 ਮਈ 2025- ਜਗਰਾਉਂ ਐਫਸੀਆਈ ਦੇ ਗੁਦਾਮਾਂ ਵਿੱਚ ਸ਼ੈਲਰ ਮਾਲਕਾਂ ਨਾਲ ਮਿਲੀ ਭੁਗਤ ਕਰਕੇ 50% ਤੋਂ ਜਿਆਦਾ ਚੌਲਾਂ ਦੀਆਂ ਬੋਰੀਆਂ ਲਗਾਉਣ ਕਾਰਨ ਸੈਂਟਰ ਸਰਕਾਰ ਨੂੰ ਲੱਖਾਂ ਦਾ ਚੂਨਾ ਲਗਾਉਣ ਵਾਲੀ ਖਬਰ ਜਿਸ ਵਿੱਚ ਦੱਸਿਆ ਗਿਆ ਸੀ ਕਿ ਨਿਗਮ ਦੇ ਗੁਦਾਮਾ ਅੰਦਰ ਲੱਗੇ ਹੋਏ ਚੋਲ ਵਿੱਚ ਟੋਟੇ ਦੀ ਮਾਤਰਾ 50 ਪ੍ਰਤੀਸ਼ਤ ਦੇ ਕਰੀਬ ਹੈ ਜੋ ਕਿ ਨਿਯਮਾਂ ਨੂੰ ਤੋੜ ਕੇ ਹੀ ਲੱਗ ਸਕਦੀ ਹੈ। ਕਿਉਂ ਜੋ ਸਰਕਾਰੀ ਨਿਯਮਾਂ ਮੁਤਾਬਕ 25% ਤੋਂ ਜਿਆਦਾ ਟੋਟੇ ਵਾਲੇ ਚੋਲ ਗੁਦਾਮ ਵਿੱਚ ਸਟੋਰ ਨਹੀਂ ਕੀਤੇ ਜਾ ਸਕਦੇ। ਇਸ ਬਾਰੇ ਜਦੋਂ ਭਾਰਤੀ ਖਾਦਿਆ ਨਿਗਮ ਦੇ ਡੀਐਮ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਸਾਰੇ ਮਾਮਲੇ ਤੋਂ ਪੱਲਾ ਹੀ ਝਾੜਦੇ ਹੋਏ ਜਵਾਬ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਉਹ ਮੀਡੀਆ ਨੂੰ ਕਿਸੇ ਗੱਲ ਦਾ ਵੀ ਜਵਾਬ ਦੇਣ ਲਈ ਜਵਾਬਦੇਹ ਨਹੀਂ ਹਨ। ਇਸ ਲਈ ਜੇ ਮੀਡੀਆ ਕੋਈ ਸਵਾਲ ਕਰਨਾ ਚਾਹੁੰਦਾ ਹੈ ਤਾਂ ਉਹ ਚੰਡੀਗੜ੍ਹ ਦਫਤਰ ਉਚ ਅਧਿਕਾਰੀਆਂ ਨਾਲ ਹੀ ਗੱਲ ਕਰਨ। ਹਾਲਾਂਕਿ ਬਾਅਦ ਵਿੱਚ ਉਕਤ ਅਧਿਕਾਰੀ ਨੇ ਕਹਿ ਦਿੱਤਾ ਕਿ ਉਹ ਇੱਕ ਪ੍ਰਸ਼ਾਸਨਿਕ ਅਧਿਕਾਰੀ ਹੈ। ਕੁਆਲਿਟੀ ਕੰਟਰੋਲ ਦੇਖਣਾ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਉਹਨਾਂ ਦੇ ਜਵਾਬ ਦੇਣ ਦੇ ਲਹਿਜੇ ਤੋਂ ਲੱਗ ਰਿਹਾ ਸੀ ਕਿ ਇਹ ਮਿਲੀ ਭੁਗਤ ਦੀ ਰਕਮ ਲੱਖਾਂ ਰੁਪਏ ਤੋਂ ਵੱਧ ਕੇ ਕਈ ਕਰੋੜਾਂ ਵਿੱਚ ਹੋ ਸਕਦੀ ਹੈ। ਐਫਸੀਆਈ ਦੇ ਸੂਤਰਾਂ ਨੇ ਹੀ ਦੱਸਿਆ ਕਿ ਇਹ ਸਾਰੇ ਘਪਲੇ ਦੇ ਤਾਰ ਲੁਧਿਆਣਾ ਚੰਡੀਗੜ੍ਹ ਤੋਂ ਹੁੰਦੇ ਹੋਏ ਉੱਪਰ ਤੱਕ ਵੀ ਜੁੜੇ ਹੋਏ ਹੋ ਸਕਦੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਸੈਂਟਰ ਸਰਕਾਰ ਦੀ ਇਸ ਵੱਲ ਨਜ਼ਰ ਪੈਂਦੀ ਹੈ ਜਾਂ ਫਿਰ ਇਹ ਗੋਰਖ ਧੰਦਾ ਇਸੇ ਤਰ੍ਹਾਂ ਹੀ ਚੱਲਦਾ ਰਵੇਗਾ।
Total Responses : 1781