ਨਰਸਿੰਗ ਕਾਲਜ ਬਬਰੀ ਵਿਖੇ ਪੀਜੀ ਕੋਰਸ ਅਤੇ ਹੋਸਟਲ ਲਈ ਇਮਾਰਤ ਦਾ ਕੰਮ ਜਲਦ ਹੋਵੇਗਾ ਪੂਰਾ- ਸਿਵਲ ਸਰਜਨ
ਜਿਲਾ ਹਸਪਤਾਲ ਵਿਖੇ ਆਈਪੀਐਚਐਲ ਲੈਬ ਵੀ ਜਲਦ ਹੋਵੇਗੀ ਜਨਤਾ ਨੂੰ ਸਮਰਪਤ
ਰੋਹਿਤ ਗੁਪਤਾ
ਗੁਰਦਾਸਪੁਰ, 22 ਮਈ 2025- ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੀ ਅਗੁਵਾਈ ਹੇਠ ਸਰਕਾਰੀ ਨਰਸਿੰਗ ਕਾਲਜ ਬਬਰੀ ਅਤੇ ਜਿਲਾ ਹਸਪਤਾਲ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਹੌਈ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਲਾ ਹਸਪਤਾਲ ਵਿਖੇ ਆਈਪੀਐਚਐਲ ਲੈਬ ਅਤੇ ਐਮਸੀਐਚ ਵਿੰਗ ਦਾ ਕੰਮ ਅੰਤਿਮ ਛੋਹਾਂ ਤੇ ਹੈ। ਡਿਸਟਰਿਕਟ ਅਰਲੀ ਇੰਟਰਵੈੰਸ਼ਨ ਸੈੰਟਰ ਦਾ ਕੰਮ ਵੀ ਜਾਰੀ ਹੈ। ਸਰਕਾਰੀ ਏਐਨਐਮ/ਜੀਐਨਐਮ ਸਕੂਲ ਬਬਰੀ ਵਿਖੇ ਨਵੇਂ ਹੋਸਟਲ ਦਾ ਨਿਰਮਾਣ ਹੋ ਰਿਹਾ ਹੈ। ਇਸ ਦੇ ਨਾਲ ਹੀ ਨਰਸਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਕੋਰਸ ਲਈ ਨਵੀਂ ਇਮਾਰਤ ਦਾ ਵੀ ਨਿਰਮਾਣ ਜਾਰੀ ਹੈ। ਇਨ੍ਹਾਂ ਇਮਾਰਤਾਂ ਦਾ ਨਿਰਮਾਣ ਕਾਰਜ ਜਲਦ ਹੀ ਪੂਰਾ ਹੋ ਜਾਵੇਗਾ ਅਤੇ ਇਸ ਸੰਸਥਾ ਵਿੱਚ ਨਰਸਿੰਗ ਦੇ ਪੀ ਜੀ ਕੋਰਸ 2026 ਦੇ ਨਵੇਂ ਸ਼ੈਸ਼ਨ ਵਿੱਚ ਸ਼ੁਰੂ ਹੋ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਉਕਤ ਨਿਰਮਾਣ ਕਾਰਜ ਦੀ ਪ੍ਰਗਤੀ ਰਿਪੋਰਟ ਸਮੇਂ ਸਮੇਂ ਦਿੱਤੀ ਜਾਵੇ। ਇਹ ਖੇਤਰਵਾਸੀਆਂ ਲਈ ਖੁਸ਼ੀ ਦੀ ਗੱਲ ਹੈ ਕਿ ਨਰਸਿੰਗ ਸਟੁਡੇਂਟ ਨੂੰ ਪੀਜੀ ਕੋਰਸ ਗੁਰਦਾਸਪੁਰ ਵਿੱਚ ਹੀ ਮੁਹੱਈਆ ਹੋ ਜਾਵੇਗਾ। ਇਸ ਮੌਕੇ ਡਾਕਟਰ ਸਮੀਤਾ, ਪ੍ਰਿੰਸੀਪਲ ਪਰਮਜੀਤ ਕੌਰ, ਏਐਚਏ ਮਨਿੰਦਰ ਕੌਰ ਆਦਿ ਹਾਜਰ ਸਨ!