ਸਰਹੱਦੀ ਜ਼ਿਲ੍ਹੇ 'ਚ ਮੋਟਰ ਚੋਰ ਗਿਰੋਹ ਸਰਗਰਮ; ਦੁਖੀ ਕਿਸਾਨਾਂ ਨੇ ਰਾਤ ਖੁਦ ਪਹਿਰਾ ਲਾ ਕੇ ਫੜੇ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ , 22 ਮਈ 2025- ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਅਧੀਨ ਆਉਂਦੇ ਪਿੰਡ ਲਾਧੂਪੁਰ ਵਾਸੀਆਂ ਨੇ ਰਾਤ ਸਮੇਂ ਬੇਟ ਇਲਾਕੇ ਵਿਚੋਂ ਚੋਰ ਗਰੋਹ ਦੇ 2 ਮੈਂਬਰ ਕਾਬੂ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਨਿਸ਼ਾਨ ਸਿੰਘ ਮੇਹੜੇ ਨੇ ਦੱਸਿਆ ਕਿ ਬੀਤੇ ਰਾਤ ਕਿਸਾਨਾਂ ਵੱਲੋਂ ਖੇਤਾਂ ਵਿੱਚ ਟਿਊਬਵੈੱਲ ਮੋਟਰਾਂ ਦੀਆਂ ਚੋਰੀਆਂ ਰੋਕਣ ਲਈ ਲਗਾਏ ਪਹਿਰੇ ਦੌਰਾਨ ਇੱਕ ਚੋਰ ਗਰੋਹ ਦਾ ਪਤਾ ਲੱਗਣ ਉੱਤੇ ਇਲਾਕੇ ਭਰ ਦੇ ਕਿਸਾਨ ਘਟਨਾ ਸਥਾਨ ਵੱਲ ਆਉਣੇ ਸ਼ੁਰੂ ਹੋ ਗਏ। ਇਸ ਦੌਰਾਨ ਹਨੇਰੇ ਵਿੱਚ ਚੋਰ ਗਰੋਹ ਦੇ ਕੁਝ ਮੈਂਬਰ ਮੌਕੇ ਤੋਂ ਮੋਟਰਸਾਈਕਲਾਂ ਉੱਤੇ ਫ਼ਰਾਰ ਹੋ ਗਏ।
ਪਰ ਇਸ ਦੌਰਾਨ ਇੱਕ ਛੋਟੀ ਗੱਡੀ ਸਮੇਤ ਕਥਿਤ ਤੌਰ ਤੇ 2 ਚੋਰ ਕਾਬੂ ਕਰ ਲਏ ਗਏ। ਇਸ ਮੌਕੇ ਕਿਸਾਨਾਂ ਨੇ ਫੜੇ ਗਏ ਚੋਰ ਗਰੋਹ ਦੇ ਮੈਂਬਰਾਂ ਨੂੰ ਕਿਸਾਨਾਂ ਨੇ ਪੁਲਿਸ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਕਾਹਨੂੰਵਾਨ ਦੇ ਐਸਐਚਓ ਕੁਲਵਿੰਦਰ ਸਿੰਘ ਨਾਲ ਜਦ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਤਫਤੀਸ਼ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਆਣਗੇ ਉਸ ਦੇ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।