ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਜੈਤੋ ਦੇ ਲੋਕ ਬੇਹੱਦ ਪ੍ਰੇਸ਼ਾਨ..?
- ਅੱਕੇ ਹੋਏ ਖਪਤਕਾਰਾਂ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ
ਮਨਜੀਤ ਸਿੰਘ ਢੱਲਾ
ਜੈਤੋ,18 ਮਈ 2025 - ਜੈਤੋ ਇਲਾਕੇ ਵਿਚ ਅਤੇ ਜੈਤੋ ਪਿੰਡ ਸਾਦਾ ਪੱਤੀ,ਰਸਾਲ ਪੱਤੀ ਦੇ ਖੇਤਰ ਵਿੱਚ ਲੱਗਦੇ ਬਿਜਲੀ ਦੇ ਵੱਡੇ-ਵੱਡੇ ਅਣਐਲਾਨੇ ਕੱਟਾਂ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਜੈਤੋ ਪਿੰਡ ਵਾਲੇ ਪਾਸੇ ਗੰਗਸਰ ਫੀਡਰ ਤੋਂ ਪਿਛਲੇ ਲੰਮੇ ਸਮੇਂ ਤਕਨੀਕੀ ਖਰਾਬੀ ਦਾ ਪਾਵਰਕੌਮ ਦੇ ਅਧਿਕਾਰੀਆਂ ਤੋਂ ਪੱਕੇ ਤੌਰ ਹੱਲ ਨਹੀਂ ਹੋ ਰਿਹਾ ਹੈ, ਇੱਕ ਘੰਟਾ ਬਿਜਲੀ ਆਉਂਦੀ ਹੈ ਅਤੇ ਦੋ ਘੰਟੇ ਫਿਰ ਬੰਦ ਹੋ ਜਾਂਦੀ ਹੈ,ਪ੍ਰਾਪਤ ਜਾਣਕਾਰੀ ਮੁਤਾਬਕ ਰਾਤ ਨੂੰ ਦੋ-ਦੋ ਵਜੇ ਤੱਕ ਬਿਜਲੀ ਨਹੀਂ ਆ ਰਹੀ, ਦਿਨ ਵੇਲੇ ਅਣਗਿਣਤ ਕੱਟ ਲੱਗਦੇ ਅਤੇ ਕਈ ਵਾਰ ਤਾਂ ਜੇਕਰ ਲਾਇਟ ਭੁੱਲ ਭੁਲੇਖਾ ਆ ਵੀ ਜਾਂਦੀ ਹੈ ਤਾਂ ਡਿੰਮ ਜਾਂ ਫਿਰ ਤੇਜ਼ ਆਉਂਦੀ ਹੈ, ਇੱਥੇ ਦੱਸਣਯੋਗ ਹੈ ਕਿ ਬਿਜਲੀ ਘੱਟ ਜਾਂ ਵੱਧ ਆਉਣ ਕਾਰਨ ਘਰਾਂ ਵਿੱਚ ਲੱਗੇ ਬਿਜਲੀ ਦੇ ਯੰਤਰ ਪੱਖੇ ,ਫ੍ਰਿਜ,ਕੁੱਲਰ, ਬਿਜਲੀ ਦੇ ਬਲਬ ਸੜਨ ਦੀ ਸੰਭਾਵਨਾ ਬਣੀ ਰਹਿੰਦੀ ਹੈ ਜਿਸ ਦੀ ਸੂਚਨਾ ਲਾਇਟ ਆਉਣ ਜਾਣ ਸਬੰਧੀ ਖਪਤਕਾਰਾਂ ਨੂੰ ਨਹੀਂ ਦਿੱਤੀ ਜਾਂਦੀ, ਇਸ ਮੌਕੇ ਦਰਸ਼ਨਾ ਜੋਸ਼ੀ ਸ਼ਰਮਾ, ਗੁਰਜੀਤ ਸਿੰਘ ਢੱਲਾ, ਲਵਪ੍ਰੀਤ ਸ਼ਰਮਾ, ਡਾਕਟਰ ਚੇਤਨ ਸ਼ਰਮਾ, ਜਗਦੇਵ ਸਿੰਘ ਢੱਲਾ,ਅਮਨ ਸ਼ਰਮਾ ਭੂਰਾ ਸਿੰਘ ਰਮਨ, ਮਨਪ੍ਰੀਤ ਕੌਰ ਨੇ ਕਿਹਾ ਕਿ ਜੈਤੋ ਬਿਜਲੀ ਦਫਤਰ ਗਰਿੱਡ ਤੇ ਬੈਠੇ ਕਰਮਚਾਰੀ ਖਪਤਕਾਰਾਂ ਦੇ ਫੋਨ ਕਾਲ ਨਹੀਂ ਚੁੱਕਦੇ ਬਿਜਲੀ ਦੇ ਕੱਟ ਲੱਗਣ ਕਾਰਨ ਅਸੀਂ ਪ੍ਰੇਸ਼ਾਨ ਹਾਂ।
ਜਿਸ ਨਾਲ ਘਰੇਲੂ ਲੋਕ ਅਤੇ ਕਿਸਾਨ, ਛੋਟੇ ਦੁਕਾਨਦਾਰ ਅਤੇ ਵਪਾਰੀ ਬੇਹੱਦ ਪ੍ਰੇਸ਼ਾਨ ਹਨ। ਬਿਜਲੀ ਦੇ ਕੱਟਾ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਇਲਾਕੇ ਵਿੱਚ ਗੰਭੀਰ ਹੁੰਦੀ ਜਾ ਰਹੀ ਹੈ।ਪਾਵਰਕੌਮ ਮੰਡਲ ਜੈਤੋ ਦੇ ਕਾਰਜਕਾਰੀ ਇੰਜੀਨੀਅਰ ਅਮਨਦੀਪ ਸਿੰਘ ਨੇ ਦੱਸਿਆ ਕਿ ਬਿਜਲੀ ਦੇ ਤਕਨੀਕੀ ਨੁਕਸ ਹੋਣ ਕਾਰਨ ਸਮੱਸਿਆ ਆ ਰਹੀ ਹੈ, ਜਿਸ ਨੂੰ ਛੇਤੀ ਹੀ ਹੱਲ ਕਰ ਲਿਆ ਜਾਵੇਗਾ ਅਤੇ ਸਾਡੇ ਕਰਮਚਾਰੀਆਂ ਵੱਲੋਂ ਲਗਾਤਾਰ ਬਿਜਲੀ ਦੀ ਸਪਲਾਈ ਨੂੰ ਠੀਕ ਕਰਨ ਲਈ ਯਤਨ ਕੀਤੇ ਜਾਂ ਰਹੇ ਹਨ।
ਇਸ ਮੌਕੇ ਜੈਤੋ ਪਿੰਡ ਵਾਸੀਆਂ ਵੱਲੋਂ ਬਿਜਲੀ ਦੀ ਸਪਲਾਈ ਨਿਰਵਿਘਨ ਨਾਂ ਆਉਣ ਵਜੋਂ ਰੋਸ ਜਤਾਇਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਕਾਰਨ ਪ੍ਰੇਸ਼ਾਨ ਹਨ, ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਬਿਜਲੀ ਆਉਣ ਜਾਣ ਦੀ ਕੋਈ ਸੂਚਨਾ ਮਿਲਦੀ ਹੈ ਨਾਂ ਇਨ੍ਹਾਂ ਲੋਕਾਂ ਦਾ ਦਫ਼ਤਰ ਵੱਲੋਂ ਫੋਨ ਨੰਬਰ ਚੁੱਕਿਆ ਜਾਂਦਾ ਹੈ।
ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਹ ਹਾਲ ਰਿਹਾ ਤਾਂ ਭਲਕੇ ਪਿੰਡ ਅਤੇ ਸ਼ਹਿਰ ਵਾਸੀਆਂ ਨੂੰ ਨਾਲ ਲੈਕੇ ਪਾਵਰਕੌਮ ਦੇ ਉਪਮੰਡਲ ਮੰਡਲ ਜੈਤੋ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹਨ। ਅੱਕੇ ਹੋਏ ਲੋਕਾਂ ਨੇ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਨਾ ਹੋਇਆ ਤਾਂ ‘ਆਪ’ ਦੇ ਹਲਕਾ ਵਿਧਾਇਕ ਅਮੋਲਕ ਸਿੰਘ ਅਤੇ ਜੈਤੋ ਬਿਜਲੀ ਦੇ ਘਰ ਅਤੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।