ਇੰਸਪੈਕਟਰ ਜਨਰਲ ਪੁਲਿਸ ਪੰਜਾਬ ਗੌਤਮ ਚੀਮਾਂ ਦੀ ਨਿਗਰਾਨੀ ਹੇਠ ਸਥਾਨਕ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ
- ਸਥਾਨਕ"ਰਤਨ ਮੈਡੀਕੋਜ" ਮੈਡੀਕਲ ਸਟੋਰ ਸ਼ੱਕ ਦੇ ਆਧਾਰ ਤੇ ਅਗਲੇ ਹੁਕਮਾਂ ਤੱਕ ਸੀਲ਼
ਮਾਲੇਰਕੋਟਲਾ 08 ਮਈ 2025 - ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ "ਯੁੱਧ ਨਸਿਆਂ ਵਿਰੁੱਧ" ਆਰੰਭੀ ਮੁਹਿੰਮ ਤਹਿਤ ਅੱਜ ਡਾਇਰੈਕਟਰ ਜਨਰਲ ਪੁਲਿਸ, ਪੰਜਾਬ (ਚੰਡੀਗੜ੍ਹ)ਦੇ ਦਿਸ਼ਾ ਨਿਰਦੇਸ਼ ਤਹਿਤ ਇੰਸਪੈਕਟਰ ਜਨਰਲ ਪੁਲਿਸ ਐੱਸ.ਓ.ਜੀ, ਪੰਜਾਬ ਗੌਤਮ ਚੀਮਾਂ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾ ਕੇ ਸਥਾਨਕ ਮੈਡੀਕਲ ਸਟੋਰਾਂ (ਦਵਾਈਆਂ ਦੀਆਂ ਦੁਕਾਨਾਂ) ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ, ਕਪਤਾਨ ਪੁਲਿਸ (ਇੰਨਵੈਸਟੀਗੇਸਨ)ਸੱਤਪਾਲ ਸ਼ਰਮਾ,ਡੀ.ਐਸ.ਪੀ.ਅਮਰਗੜ੍ਹ ਦਵਿੰਦਰ ਸਿੰਘ ,ਡੀ.ਐਸ.ਪੀ.(ਸਪੈਸਲ ਬ੍ਰਾਂਚ) ਰਣਜੀਤ ਸਿੰਘ ਅਤੇ ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ ।
ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੈਕਿੰਗ ਦੌਰਾਨ "ਰਤਨ ਮੈਡੀਕੋਜ" ਨਾਮ ਦੇ ਮੈਡੀਕਲ ਸਟੋਰ ਦਾ ਮਾਲਕ ਪੁਲਿਸ ਪਾਰਟੀ ਦੇਖ ਕੇ ਆਪਣਾ ਮੈਡੀਕਲ ਸਟੋਰ ਬੰਦ ਕਰਕੇ ਫਰਾਰ ਹੋ ਗਿਆ, ਜਿਸ ਨਾਲ ਸੰਪਰਕ ਕਰਨ ਦੀ ਕੋਸਿਸ ਕੀਤੀ ਗਈ, ਪ੍ਰੰਤੂ ਉਸ ਵੱਲੋਂ ਆਪਣਾ ਮੋਬਾਇਲ ਫੋਨ ਸਵਿੱਚ ਆਫ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਡਰੱਗ ਇੰਸਪੈਕਟਰ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਉਦੇ ਹੋਏ ਉਕਤ ਮੈਡੀਕਲ ਸਟੋਰ ਨੂੰ ਸ਼ੱਕ ਦੇ ਆਧਾਰ ਤੇ ਅਗਲੇ ਹੁਕਮਾਂ ਤੱਕ ਸੀਲ਼ ਕਰ ਦਿੱਤਾ ਗਿਆ।
ਇੰਸਪੈਕਟਰ ਜਨਰਲ ਪੁਲਿਸ ਐੱਸ.ਓ.ਜੀ, ਪੰਜਾਬ ਗੌਤਮ ਚੀਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸਿਆ ਵਿਰੁੱਧ ਚਲਾਈ ਮੁਹਿੰਮ ਨੂੰ ਕਰੀਬ ਤਿੰਨ ਮਹੀਨੇ ਹੋ ਚੁੱਕੇ ਹਨ, ਜਿਸ ਦੇ ਤਹਿਤ ਅੱਜ ਸਹਿਰ ਮਾਲੇਰਕੋਟਲਾ ਵਿਖੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਨੂੰ ਨਸਾ ਮੁਕਤ ਬਣਾਉਣ ਵਿਸ਼ੇਸ਼ ਅਭਿਆਨ ਆਰੰਭੇ ਗਏ ਹਨ । ਉਨ੍ਹਾਂ ਆਮ ਲੋਕਾਂ ਨੂੰ ਵਿਸ਼ਵਾਸ਼ ਦਿਵਾਉਦਿਆਂ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਆਰੰਭੀ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ । ਉਨ੍ਹਾਂ ਜ਼ਿਲ੍ਹੇ ਦੀ ਅਵਾਮ ਨੂੰ ਪੁਲਿਸ ਪ੍ਰਸਾਸ਼ਨ ਦਾ ਸਾਥ ਦੇਣ ਦੀ ਅਪੀਲ ਕੀਤੀ ।