ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਨੁੱਕੜ ਨਾਟਕ ਰਾਹੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
- ਯੂਨੀਵਰਸਿਟੀ ਪਟਿਆਲਾ ਤੋਂ ਆਈ ਟੀਮ ਨੇ ਦਿੱਤੀ ਪੇਸ਼ਕਾਰੀ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਅਪ੍ਰੈਲ 2025: ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਈ ਟੀਮ ਵੱਲੋਂ ਇੱਕ ਨੁੱਕੜ ਨਾਟਕ ਪੇਸ਼ ਕਰਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਐਮ.ਏ ਥੀਏਟਰ ਟੈਲੀਵੀਜਨ ਡਿਪਾਰਟਮੈਂਟ ਤੋਂ ਆਈ ਟੀਮ ਵਿੱਚ ਸ਼ਾਮਿਲ ਬਲਜਿੰਦਰ ਸਿੰਘ ਸੰਧੂ ਅਤੇ ਜੱਸੀ ਕਮੀਰੀਆ ਨੇ ਵਿਦਿਆਰਥੀਆਂ ਨੂੰ ਦੀਪ ਜਗਦੀਪ ਵੱਲੋਂ ਲਿਖੇ ਨਾਟਕ ਵੈਂਗੀ ਰਾਹੀਂ ਵਿਦਿਆਰਥੀ ਅਤੇ ਅਧਿਆਪਕ ਵਿਚਕਾਰ ਦੇ ਰਿਸਤੇ ਦੀ ਕੜੀ ਦਾ ਪੂਰਾ ਬਿਰਤਾਂਤ ਸਿਰਜਿਆ। ਨਾਟਕ ਵਿੱਚ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਲੰਘੇ ਸਮੇਂ ਦੌਰਾਨ ਵਿਦਿਆਰਥੀਆਂ ਦਾ ਅਧਿਆਪਕਾਂ ਪ੍ਰਤੀ ਵਿਵਹਾਰ ਅਤੇ ਸਤਿਕਾਰ ਕਿਵੇਂ ਦਾ ਹੁੰਦਾ ਸੀ ਅਤੇ ਹੁਣ ਵਰਤਮਾਨ ਸਮੇਂ ਵਿੱਚ ਵਿਦਿਆਰਥੀਆਂ ਦੇ ਮਨ ਵਿੱਚ ਅਧਿਆਪਕਾਂ ਪ੍ਰਤੀ ਕਿਸ ਤਰ੍ਹਾਂ ਦੀ ਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ ਵਿਦਿਆਰਥੀਆਂ ਦਾ ਵਿਵਹਾਰ ਅਧਿਆਪਕਾਂ ਪ੍ਰਤੀ ਵਧੀਆ ਨਹੀਂ ਰਹਿ ਗਿਆ ਹੈ। ਉਨ੍ਹਾਂ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਅਤੇ ਪੜ੍ਹਾਈ ਵਿੱਚ ਮਨ ਲਗਾਉਣ ਦਾ ਸੱਦਾ ਦਿੱਤਾ ਅਤੇ ਭਵਿੱਖ ਵਿੱਚ ਤੁਸੀਂ ਕਿਵੇ ਆਪਣੇ ਟੀਚੇ ਹਾਸਿਲ ਕਰ ਸਕਦੇ ਹੋ , ਇਸ ਸਬੰਧੀ ਜਾਗਰੂਕ ਕੀਤਾ। ਵਿਦਿਆਰਥੀਆਂ ਵੱਲੋਂ ਨਾਟਕ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਮੌਕੇ ਅਧਿਆਪਕ ਸਿਓ ਰਾਮ, ਨਰਿੰਦਰ ਸਿੰਘ, ਲਬਪ੍ਰੀਤ ਸਿੰਘ, ਸੰਜੀਵ ਕੁਮਾਰ, ਰਵਿੰਦਰ ਕੌਰ, ਸਵੀਤਾ ਸੈਣੀ, ਰਮਨ ਤੇ ਜਗਮੋਹਨ ਕੌਰ ਸਮੇਤ ਵਿਦਿਆਰਥੀ ਹਾਜ਼ਰ ਸਨ।