ਪਿੰਡਾਂ/ਵਾਰਡਾਂ ਵਿੱਚ ਰੱਖਿਆ ਕਮੇਟੀਆਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਨਸ਼ਾ ਮੁਕਤੀ ਯਾਤਰਾਵਾਂ 7 ਮਈ ਤੋਂ
- ਬਟਾਲਾ ਵਿੱਚ ਵਿਧਾਇਕ ਸ਼ੈਰੀ ਕਲਸੀ, ਡੇਰਾ ਬਾਬਾ ਨਾਨਕ ਵਿੱਚ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਵਿਧਾਇਕ ਅਮਰਪਾਲ ਸਿੰਘ ਯਾਤਰਾਵਾਂ ਦੀ ਕਰਨਗੇ ਅਗਵਾਈ
ਰੋਹਿਤ ਗੁਪਤਾ
ਗੁਰਦਾਸਪੁਰ, 6 ਮਈ 2025 - ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਬੀਤੀ 24 ਫਰਵਰੀ ਤੋਂ ਆਰੰਭੀ ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਦੇ ਅਗਲੇ ਪੜਾਅ ਵਿੱਚ ਹੁਣ ਸਰਕਾਰ ਵੱਲੋਂ ਪਿੰਡ ਪੱਧਰ ਅਤੇ ਵਾਰਡ ਪੱਧਰ `ਤੇ ਜਾ ਕੇ ਰੱਖਿਆ ਕਮੇਟੀਆਂ ਨਾਲ ਜਾਗਰੂਕਤਾ ਮੀਟਿੰਗਾਂ ਦਾ ਸਿਲਸਿਲਾ ਆਰੰਭਿਆ ਗਿਆ ਹੈ। ਇਨ੍ਹਾਂ ਮੀਟਿੰਗਾਂ ਦਾ ਮੰਤਵ ਪਿੰਡ ਰੱਖਿਆ ਕਮੇਟੀਆਂ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ, ਨਸ਼ਾ ਪੀੜਤਾਂ ਦੇ ਇਲਾਜ ਲਈ ਉਹਨਾਂ ਨੂੰ ਪ੍ਰੇਰ ਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਲਿਆਉਣ ਲਈ ਜਾਗਰੂਕ ਕਰਨਾ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਇਹ ਯਾਤਰਾ 7 ਮਈ ਤੋਂ ਸ਼ੁਰੂ ਹੋਵੇਗੀ। ਇਸ ਸਬੰਧੀ ਪਿੰਡਾਂ ਵਿੱਚ ਸ਼ਾਮ 4 ਵਜੇ ਤੋਂ ਸ਼ਾਮ 7 ਵਜੇ ਤੱਕ ਵਿਸ਼ੇਸ਼ ਇਕੱਠ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 7 ਮਈ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਵਿਧਾਨ ਸਭਾ ਹਲਕਾ ਬਟਾਲਾ ਦੇ ਤਿੰਨ ਪਿੰਡਾਂ ਲਖੋਰਾ, ਦੀਵਾਨੀਵਾਲ ਕਲਾਂ ਅਤੇ ਦੀਵਾਨੀਵਾਲ ਖੁਰਦ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਕਰਨਗੇ। ਉਨ੍ਹਾਂ ਦੱਸਿਆ ਕਿ 7 ਮਈ ਨੂੰ ਹੀ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡਾਂ ਹਰਦੋਵਾਲ ਖੁਰਦ, ਹਰਦੋ ਵਾਲ ਕਲਾਂ ਅਤੇ ਸਮਰਾਏ ਵਿੱਚ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰਨਗੇ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ 7 ਮਈ ਨੂੰ ਸ਼ਾਮ 4 ਤੋਂ 6 ਵਜੇ ਤੱਕ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਵਿੱਚ ਪਨਸਪ ਦੇ ਚੇਅਰਮੈਨ ਸ੍ਰੀ ਬਲਬੀਰ ਸਿੰਘ ਪੰਨੂ ਦੀ ਅਗਵਾਈ ਹੇਠ ਪਿੰਡ ਵੀਲਾ ਤੇਜਾ, ਡੋਗਰ ਅਤੇ ਬੱਦੋਵਾਲ ਕਲਾਂ ਵਿਖੇ ਨਸ਼ਾ ਮੁਕਤੀ ਯਾਤਰਾ ਹੋਵੇਗੀ। ਉਨ੍ਹਾਂ ਦੱਸਿਆ ਕਿ 7 ਮਈ ਨੂੰ ਦੀਨਾਨਗਰ ਹਲਕੇ ਦੇ ਪਿੰਡ ਅੱਲੜ ਪਿੰਡੀ, ਬਾਊਪੁਰ ਅਫ਼ਗਾਨਾ ਅਤੇ ਆਧੀ ਵਿਖੇ ਨਸ਼ਾ ਮੁਕਤੀ ਯਾਤਰਾ ਹੋਵੇਗੀ। 7 ਮਈ ਨੂੰ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਕੋਟ ਸੰਤੋਖ ਰਾਏ, ਥੇਹ ਤਿੱਖਾ ਅਤੇ ਛੋਟੇਪੁਰ ਵਿਖੇ ਨਸ਼ਾ ਮੁਕਤੀ ਯਾਤਰਾ ਹੋਵੇਗੀ ਜਿਸਦੀ ਅਗਵਾਈ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਜਗਰੂਪ ਸਿੰਘ ਸੇਖਵਾਂ ਕਰਨਗੇ। ਉਨ੍ਹਾਂ ਦੱਸਿਆ ਕਿ ਏਸੇ ਤਰਾਂ 7 ਮਈ ਨੂੰ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਵੱਡਾ ਰੰਗੜ ਨੰਗਲ, ਜੈਤੋਸਰਜਾ ਅਤੇ ਜਾਹਦਪੁਰ ਵਿਖੇ ਵਿਧਾਇਕ ਸ. ਅਮਰਪਾਲ ਸਿੰਘ ਦੀ ਅਗਵਾਈ ਹੇਠ ਯਾਤਰਾ ਹੋਵੇਗੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਖੇ ਨਸ਼ਾ ਮੁਕਤੀ ਯਾਤਰਾ 8 ਮਈ ਤੋਂ ਸ਼ੁਰੂ ਹੋਵੇਗੀ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਗੁਰਦਾਸਪੁਰ ਸ਼ਹਿਰ ਦੇ ਵਾਰਡ ਨੰਬਰ 4, 6 ਅਤੇ 3 ਵਿਖੇ ਇਸ ਯਾਤਰਾ ਦੀ ਅਗਵਾਈ ਕਰਨਗੇ।
ਡਿਪਟੀ ਕਮਿਸ਼ਨਰ ਨੇ ਸਮੂਹ ਪਿੰਡਾਂ ਅਤੇ ਵਾਰਡਾਂ ਦੇ ਲੋਕਾਂ ਨੂੰ ਆਪੋ ਆਪਣੇ ਪਿੰਡ ਦੀ ਨੀਯਤ ਮਿਤੀ ਨੂੰ ਹੋਣ ਵਾਲੀ ਯਾਤਰਾ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਨਸ਼ਿਆਂ ਖਿਲਾਫ ਅਸੀਂ ਜ਼ਮੀਨੀ ਪੱਧਰ ਤੇ ਇੱਕਜੁੱਟ ਨਾ ਹੋਏ ਤਾਂ ਇਸ ਦਾ ਨੁਕਸਾਨ ਸਾਡੀ ਨੌਜਵਾਨ ਪੀੜ੍ਹੀ ਨੂੰ ਝੱਲਣਾ ਪਵੇਗਾ। ਉਹਨਾਂ ਕਿਹਾ ਕਿ ਇਹ ਸਾਡਾ ਕਰਤਵ ਬਣ ਜਾਂਦਾ ਹੈ ਕਿ ਅਸੀਂ ਵੀ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਡੱਟ ਕੇ ਸਾਥ ਦੇਈਏ।