ਐਸ.ਡੀ.ਐਮ. ਮਾਲੇਰਕੋਟਲਾ ਨੇ ਸੜਕ ਹਾਦਸੇ ਦੇ ਸ਼ਿਕਾਰ ਰਾਹਗੀਰ ਦੀ ਕੀਤੀ ਮਦਦ
• ਦੁਰਘਟਨਾ ਦੇ ਸਿਕਾਰ ਵਿਅਕਤੀ ਦੀ ਮਦਦ ਕਰਨਾ ਹਰੇਕ ਨਾਗਰਿਕ ਦੀ ਨੈਤਿਕ ਜਿੰਮੇਵਾਰ- ਰਾਕੇਸ਼ ਪ੍ਰਕਾਸ਼ ਗਰਗ
• ਵਾਪਰੀ ਇਹ ਸੜਕੀ ਘਟਨਾ ਸਾਡੀ ਸੋਚ ਨੂੰ ਝੰਝੋੜਦੀ ਹੈ ਅਤੇ ਸਿੱਖਾਉਂਦੀ ਹੈ ਕਿ ਮਦਦ ਕਰਕੇ ਅਸੀਂ ਕਿਸੇ ਜ਼ਿੰਦਗੀ ਬਚਾ ਸਕਦੇ ਹਾਂ
ਮਾਲੇਰਕੋਟਲਾ, 6 ਮਈ:2025 - ਸਥਾਨਕ ਐਸ.ਡੀ.ਐਮ. ਸ਼੍ਰੀ ਰਾਕੇਸ ਪ੍ਰਕਾਸ ਗਰਗ ਨੇ ਸਮਾਜਿਕ ਜਿੰਮੇਵਾਰੀ ਦੀ ਮਿਸਾਲ ਪੇਸ਼ ਕਰਦਿਆਂ ਅੱਜ ਮਾਲੇਰਕੋਟਲਾ ਨੇੜੇ ਰੰਣਵਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਜਖਮੀ ਹੋਏ ਵਿਅਕਤੀ ਦੀ ਮੌਕੇ 'ਤੇ ਮਦਦ ਕਰਕੇ ਨਵਾਂ ਜੀਵਨ ਦੇਣ ਦੀ ਕੋਸ਼ਿਸ਼ ਕੀਤੀ। ਇਸ ਪੂਰੀ ਘਟਨਾ ਕ੍ਰਮ ਨੇ ਸਥਾਨਕ ਲੋਕਾਂ ਵਿੱਚ ਨੈਤਿਕਤਾ ਅਤੇ ਸਮਾਜਿਕ ਜਿੰਮੇਵਾਰੀ ਬਾਰੇ ਚਰਚਾ ਛੇੜ ਦਿੱਤੀ ਹੈ।
ਇਹ ਹਾਦਸਾ ਖੰਨਾ-ਮਾਲੇਰਕੋਟਲਾ ਰੋਡ 'ਤੇ ਰੰਣਵਾ ਕੋਲ ਹੋਇਆ ਜਦੋਂ ਇੱਕ ਰਾਹਗੀਰ ਅਚਾਨਕ ਰੋਡ 'ਤੇ ਆ ਗਿਆ ਅਤੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰੀ ਤੇ ਦੋ ਪਹੀਆ ਵਾਹਨ ਸਲਿਪ ਹੋ ਗਿਆ । ਉੱਥੇ ਦੇ ਸਥਾਨਕ ਲੋਕਾਂ ਵੱਲੋਂ 108 ਐਮਬੂਲੈਂਸ ਨੂੰ ਕਾਲ ਕਰਕੇ ਦੁਰਘਟਨਾ ਦੀ ਜਾਣਕਾਰੀ ਦਿੱਤੀ ਪਰ ਐਮਬੂਲੈਂਸ ਦੇ ਦੇਰੀ ਨਾਲ ਪੁੱਜਣ ਕਾਰਨ ਦੁਰਘਟਨਾ ਸਥਾਨ ਤੇ ਫੱਟੜ ਵਿਅਕਤੀ ਬੇਬਸ ਤੇ ਲਚਾਰ ਮਹਿਸੂਸ ਕਰ ਰਿਹਾ ਸੀ। ਹਾਦਸਾ ਸਥਾਨ ਕੋਲ, ਇਤਫ਼ਾਕ ਨਾਲ ਲੰਘ ਰਹੇ ਐਸ.ਡੀ.ਐਮ. ਮਾਲੇਰਕੋਟਲਾ ਰਾਕੇਸ਼ ਪ੍ਰਕਾਸ਼ ਗਰਗ ਨੇ ਬਿਨਾਂ ਕਿਸੇ ਹਿਚਕਚਾਹਟ ਦੇ ਮੌਕੇ 'ਤੇ ਰੁਕ ਕੇ ਜਖਮੀ ਵਿਅਕਤੀ ਦੀ ਮਦਦ ਕੀਤੀ। ਵਿਅਕਤੀ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਨਜ਼ਦੀਕੀ ਸਰਕਾਰੀ ਹਸਪਤਾਲ ਭੇਜਿਆ ਅਤੇ ਹਸਪਤਾਲ ਪ੍ਰਸ਼ਾਸਨ ਨਾਲ ਗੱਲ ਕਰਕੇ ਵਿਅਕਤੀ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ। ਉਨ੍ਹਾਂ ਕਿਹਾ ਹਾਦਸੇ ਦੇ ਗੰਭੀਰ ਹੋਣ ਦੇ ਬਾਵਜੂਦ, ਐਸ.ਡੀ.ਐਮ. ਦੀ ਤੁਰੰਤ ਮਦਦ ਕਾਰਨ ਜਖਮੀ ਦੀ ਜਾਨ ਬਚਾਈ ਜਾ ਸਕੀ।
ਇਸ ਮੌਕੇ ਰਾਕੇਸ ਪ੍ਰਕਾਸ ਗਰਗ ਨੇ ਕਿਹਾ ਕਿ "ਸੜਕ ਹਾਦਸੇ ਦੇ ਸਿਕਾਰ ਵਿਅਕਤੀਆਂ ਦੀ ਮਦਦ ਕਰਨਾ ਹਰੇਕ ਨਾਗਰਿਕ ਦੀ ਨੈਤਿਕ ਜਿੰਮੇਵਾਰੀ ਹੈ। ਅਕਸਰ ਅਸੀਂ ਵੇਖਦੇ ਹਾਂ ਕਿ ਲੋਕ ਹਾਦਸਿਆਂ ਦੇ ਮੌਕੇ 'ਤੇ ਰੁਕਣ ਤੋਂ ਕਤਰਾਉਂਦੇ ਹਨ, ਪਰ ਜੇ ਅਸੀਂ ਤੁਰੰਤ ਮਦਦ ਪਹੁੰਚਾਈਏ, ਤਾਂ ਅਨਮੌਲ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ।"
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸੜਕ ਹਾਦਸੇ ਜਾਂ ਅਣਸੁਖਾਵੇਂ ਮੌਕੇ 'ਤੇ ਮਦਦ ਕਰਨ ਵਿੱਚ ਹਿਚਕਚਾਉਣ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਦੀ ‘ਫ਼ਰਿਸ਼ਤੇ ਸਕੀਮ’ ਦੀ ਸ਼ੁਰੂਆਤ ਹੋ ਗਈ ਹੈ। ਸਕੀਮ ਮੁਤਾਬਕ ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਵਾਲੇ ਨੂੰ 2000 ਰੁਪਏ ਮਿਲਣਗੇ ਤੇ ਨਾਲ ਹੀ ਪੁਲਿਸ ਜਾਂ ਹਸਪਤਾਲ ਪ੍ਰਸ਼ਾਸਨ ਮਦਦ ਕਰਨ ਵਾਲੇ ਤੋਂ ਕੋਈ ਪੁੱਛਗਿੱਛ ਨਹੀਂ ਕਰੇਗਾ ਜਦੋਂ ਤੱਕ ਉਹ ਖੁਦ ਚਸ਼ਮਦੀਦ ਗਵਾਹ ਨਹੀਂ ਬਣਨਾ ਚਾਹੁੰਦਾ।
ਇਹ ਸਕੀਮ ਪੰਜਾਬ ਸਰਕਾਰ ਵੱਲੋਂ ਇਸ ਤਹਿਤ ਲਾਗੂ ਕੀਤੀ ਗਈ ਹੈ ਕਿ ਸੜਕ ਹਾਦਸਿਆਂ ਵਿਚ ਲੋਕਾਂ ਦੀਆਂ ਜਾਨਾਂ ਨਾ ਜਾਣ ਤੇ ਉਨ੍ਹਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਤੇ ਵਿਅਕਤੀ ਬਿਨਾਂ ਕਿਸੇ ਡਰੋਂ ਜ਼ਖਮੀਆਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਚਾਉਣ। ਹਾਦਸਿਆਂ ਦੇ ਪੀੜਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਜਾਂ ਨੇੜਲੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਜਾ ਸਕਦਾ ਹੈ। ਉਥੇ ਉਸ ਨੂੰ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ।
ਐਸ.ਡੀ.ਐਮ. ਦੀ ਇਸ ਮਨੁੱਖਤਾ ਭਰੀ ਕਾਰਵਾਈ ਦੀ ਸਥਾਨਕ ਲੋਕਾਂ ਵੱਲੋਂ ਸਧਾਰਨ ਨਾਗਰਿਕ ਵਜੋ ਸਰਾਹਨਾ ਕੀਤੀ ਗਈ। ਉਨ੍ਹਾਂ ਦੀ ਇਹ ਘਟਨਾ ਦੱਸਦੀ ਹੈ ਕਿ ਪ੍ਰਸ਼ਾਸਨਕ ਅਧਿਕਾਰੀ ਸਿਰਫ ਦਫ਼ਤਰ ਤੱਕ ਸੀਮਿਤ ਨਹੀਂ, ਸਗੋਂ ਸਮਾਜ ਦੇ ਚੰਗੇ ਭਵਿੱਖ ਲਈ ਜਿੰਮੇਵਾਰ ਭੂਮਿਕਾ ਨਿਭਾ ਸਕਦੇ ਹਨ। ਆਓ ਅਸੀਂ ਸਾਰੇ ਸਮਾਜ ਅੰਦਰ ਮਦਦ ਕਰਨ ਦੀ ਸਾਂਝੀ ਜਿੰਮੇਵਾਰੀ ਨਿਭਾਈਏ ਅਤੇ ਹਾਦਸਿਆਂ ਦੀ ਸਥਿਤੀ ਵਿੱਚ ਪਹਿਲੀ ਮਦਦ ਦੇਣ ਤੋਂ ਨਾ ਡਰੀਏ, ਨਾ ਪਿੱਛੇ ਹਟਈਏ।
ਰੰਣਵਾ ਵਿੱਚ ਵਾਪਰੀ ਇਹ ਘਟਨਾ ਸਾਡੀ ਸੋਚ ਨੂੰ ਝੰਝੋੜਦੀ ਹੈ ਅਤੇ ਸਿੱਖਾਉਂਦੀ ਹੈ ਕਿ ਮਦਦ ਕਰਕੇ ਅਸੀਂ ਕਿਸੇ ਦੀ ਅਜਾਈ ਜਾਂਦੀ ਜ਼ਿੰਦਗੀ ਬਚਾ ਸਕਦੇ ਹਾਂ ।