4 ਸਾਲ ਪਹਿਲਾਂ ਭਰੀ ਸੀ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੀ ਫਾਈਲ, ਚਾਰ ਮਹੀਨੇ ਪਹਿਲਾਂ ਘਰ ਦੀ ਛੱਤ ਡਿੱਗਣ ਕਾਰਨ ਹੋਈ ਪਤੀ ਦੀ ਮੌਤ, ਬੱਚਿਆਂ ਸਮੇਤ ਗੁਆਂਢੀਆਂ ਦੇ ਘਰ ਸੌਣ ਨੂੰ ਮਜਬੂਰ
- ਦੋ ਬੱਚਿਆਂ ਸਮੇਤ ਗੁਆਂਢੀਆਂ ਦੇ ਘਰ ਸੌਣ ਨੂੰ ਮਜਬੂਰ ਹੈ ਇਹ ਔਰਤ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ , 31 ਜਨਵਰੀ 2023 - ਸਰਕਾਰਾਂ ਵਲੋਂ ਗਰੀਬ ਲੋਕਾਂ ਲਈ ਬੁਹਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਸਰਕਾਰੀ ਅੰਕੜੇ ਦੇਖੀਏ ਤਾਂ ਇੰਝ ਲਗਦਾ ਹੈ ਕਿ ਜਿਵੇਂ ਸਾਰੇ ਦੇ ਸਾਰੇ ਗਰੀਬ ਪਰਿਵਾਰ ਇਹਨਾਂ ਯੋਜਨਾਵਾਂ ਦਾ ਲਾਭ ਉਠਾ ਰਹੇ ਹੋਣ ਪਰ ਗ੍ਰਾਉੰਡ ਲੈਵਲ ਤੇ ਨਜ਼ਰ ਮਾਰੀ ਜਾਵੇ ਤਾਂ ਇਹਨਾਂ ਅੰਕੜਿਆਂ ਵਿੱਚ ਕੋਈ ਸੱਚਾਈ ਨਜ਼ਰ ਨਹੀਂ ਆਉਂਦੀ ਕਿਉਕਿ ਸਮੇਂ ਨਾਲ ਉਹ ਸਕੀਮਾਂ ਜ਼ਰੂਰਤਮੰਦ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀਆਂ।
ਬਟਾਲਾ ਦੇ ਉਮਰਪੁਰਾ ਦੇ ਇਕ ਪਰਿਵਾਰ ਦੀ ਕਹਾਣੀ ਸਰਕਾਰੀ ਸਕੀਮਾਂ ਦੀ ਸਫਲਤਾ ਦੀ ਪੋਲ ਖੋਲਦੀ ਹੈ। ਇਸ ਪਰਵਾਰ ਵਿਚ ਹੁਣ ਇਕ ਵਿਧਵਾ ਔਰਤ ਅਤੇ ਉਸ ਦੇ ਦੋ ਬੱਚੇ ਹਨ ਕਿਉਂਕਿ ਪਤੀ ਦੀ ਮੌਤ ਚਾਰ ਮਹੀਨੇ ਪਹਿਲਾਂ ਘਰ ਦੀ ਛੱਤ ਡਿੱਗਣ ਕਾਰਨ ਹੋ ਗਈ ਸੀ। ਹੁਣ ਤੱਕ ਉਹ ਛੱਤ ਨਹੀ ਬਣੀ ਅਤੇ ਘਰ ਦਾ ਸਾਰਾ ਸਮਾਨ ਰਸੋਈ ਵਿੱਚ ਹੀ ਪਿਆ ਹੈ ਜਦਕਿ ਔਰਤ ਅਤੇ ਉਸ ਦੇ ਦੋਨੋਂ ਬੱਚੇ ਗੁਆਂਢੀਆਂ ਦੇ ਘਰ ਸੌਣ ਨੂੰ ਮਜਬੂਰ ਹਨ।
ਵੱਡੀ ਗੱਲ ਇਹ ਹੈ ਕਿ ਇਸ ਪਰਿਵਾਰ ਨੇ ਚਾਰ ਸਾਲ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਕਾਨ ਬਣਾਉਣ ਦੇ ਫਾਰਮ ਭਰੇ ਸਨ ਪਰ ਜੇਕਰ ਇਨ੍ਹਾਂ ਨੂੰ ਸਮੇਂ ਸਿਰ ਮਕਾਨ ਬਣਾਉਣ ਲਈ ਮਦਦ ਮਿਲ ਜਾਂਦੀ ਤਾਂ ਨਾ ਹੀ ਘਰ ਦਾ ਜੀਅ ਜਾਣਾ ਸੀ ਅਤੇ ਨਾ ਹੀ ਔਰਤ ਨੂੰ ਬੱਚਿਆਂ ਸਮੇਤ ਗੁਆਂਢੀਆਂ ਦੇ ਘਰ ਸੌਣ ਲਈ ਮਜਬੂਰ ਹੋਣਾ ਪਿਆ ਸੀ।
ਜਾਣਕਾਰੀ ਦਿੰਦਿਆ ਸੁਨੀਤਾ ਨੇ ਦੱਸਿਆ ਕਿ ਉਸਨੇ 4 ਸਾਲ ਪਹਿਲਾਂ ਪ੍ਰਧਾਨਮੰਤਰੀ ਅਵਾਸ ਯੋਜਨਾ ਦੀ ਫਾਇਲ ਭਰੀ ਸੀ ਅਤੇ ਲਗਾਤਾਰ ਪ੍ਰਸ਼ਾਸਨ ਦੇ ਚੱਕਰ ਲਾਏ ਪਰ ਗ੍ਰਾੰਟ ਮੁਹਾਇਆ ਨਹੀਂ ਹੋਈ ਅਤੇ ਇਕ ਦਿਨ ਐਸਾ ਆਇਆ ਕਿ ਤੜਕਸਾਰ ਘਰ ਦੀ ਛੱਤ ਡਿੱਗ ਗਈ ਅਤੇ ਮਲਬੇ ਹੇਠਾਂ ਸਾਰਾ ਪਰਿਵਾਰ ਦੱਬ ਗਿਆ। ਹਾਦਸੇ ਵਿੱਚ ਬਾਕੀ ਤਾਂ ਬਚ ਗਏ ਪਰ ਉਸ ਦੇ ਪਤੀ ਦੀ ਮੌਤ ਹੋ ਗਈ।ਜਿਸ ਤੋਂ ਬਾਅਦ ਉਹ ਖੁਦ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਆਪਣੇ ਦੋਵਾਂ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ | ਸੁਨੀਤਾ ਅਨੁਸਾਰ ਕੁੱਝ ਦੇਰ ਤੋਂ ਆਪਣੇ ਗੁਆਂਢੀਆਂ ਦੇ ਘਰ ਬੱਚਿਆਂ ਸਮੇਤ ਸੌਂ ਰਹੀ ਹੈ ਪਰ ਉਨ੍ਹਾਂ ਨੇ ਵੀ ਹੁਣ ਮਨਾਂ ਕਰ ਦਿੱਤਾ ਹੈ |
ਦੂਜੇ ਪਾਸੇ ਪ੍ਰਸਾਸ਼ਨ ਦੇ ਨੁਮਾਇੰਦੇ ਨਗਰ ਨਿਗਮ ਬਟਾਲਾ ਦੇ ਸਕੱਤਰ ਅਨਿਲ ਅਰੋੜਾ ਨੇ ਕਿਹਾ ਸਾਡੇ ਵਲੋਂ ਦੇਰੀ ਨਹੀਂ ਕੀਤੀ ਜਾਂਦੀ ਅਸੀਂ ਸਭ ਨੂੰ ਗ੍ਰਾੰਟ ਦੇ ਰਹੇ ਹਾਂ ਜਿਸ ਜਿਸ ਤਰਾਂ ਸਰਕਾਰ ਵਲੋਂ ਫੰਡ ਭੇਜੇ ਜਾਂਦੇ ਹਨ ਫਿਰ ਵੀ ਜੇਕਰ ਕੋਈ ਐਸਾ ਹੈ ਤਾਂ ਉਹ ਆਪਣਾ ਅਧਾਰ ਕਾਰਡ ਲੈਕੇ ਆਵੇ ਅਸੀਂ ਚੈੱਕ ਕਰ ਲਵਾਂਗੇ ਅਤੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਉਹਨਾ ਦੀ ਗ੍ਰਾੰਟ ਮੁਹਾਇਆ ਕਰਵਾਵਾਂਗੇ |