ਰਾਏਕੋਟ ਨੇੜਿਓ ਲਾਵਾਰਸ ਮਿਲੇ ਨਵ ਜਨਮੇ ਬੱਚੇ ਦਾ ਧਾਮ ਤਲਵੰਡੀ ਖੁਰਦ ਬਾਲ ਘਰ ਹੋਵੇਗਾ ਪਾਲਣ ਪੋਸ਼ਣ
ਦੀਦਾਰ ਗੁਰਨਾ
ਰਾਏਕੋਟ, 23 ਜੁਲਾਈ 2021 - ਪਿਛਲੇ ਦਿਨੀਂ ਰਾਏਕੋਟ ਦੇ ਨੇੜਲੇ ਪਿੰਡ ਬੱਸੀਆਂ ਦੀ ਦਾਣਾ ਮੰਡੀ ਪਾਸ ਕੂੜੇ ਦੇ ਢੇਰ ਤੋਂ ਲਾਵਾਰਸ ਹਾਲਤ ਮਿਲੇ ਨਵ ਜਨਮੇ ਲੜਕੇ ਦਾ ਹੁਣ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਵਿਖੇ ਪਾਲਣ ਪੋਸ਼ਣ ਹੋਵੇਗਾ।
ਇਸ ਸਬੰਧੀ ਐਸ.ਜੀ.ਬੀ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਸਕੱਤਰ ਕੁਲਦੀਪ ਸਿੰਘ ਮਾਨ ਅਤੇ ਬੀਬੀ ਜਸਵੀਰ ਕੌਰ ਪ੍ਰਧਾਨ ਨੇ ਦੱਸਿਆ ਕਿ ਮਿਤੀ 19 ਜੁਲਾਈ ਦੀ ਰਾਤ ਨੂੰ ਕੂੜੇ ਕਰਕਟ 'ਚੋਂ ਕਬਾੜ ਦੇ ਰੂਪ 'ਚ ਵੇਚੀਆਂ ਜਾਣ ਵਾਲੀਆਂ ਵਸਤਾਂ ਚੁਗਣ ਵਾਲੀਆਂ ਔਰਤਾਂ ਨੂੰ ਬੋਰੀ 'ਚ ਬੰਦ ਇੱਕ ਬੱਚਾ ਮਿਲਿਆ ਸੀ, ਜਿਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਜਗਦੇਵ ਸਿੰਘ ਨੂੰ ਮਿਲਣ ਉਪਰੰਤ ਬੱਚੇ ਨੂੰ ਮੁਢਲੀ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਰਾਏਕੋਟ ਦਾਖਲ ਕੀਤਾ ਗਿਆ।
ਇਹ ਘਿਨਾਉਣੇ ਕਾਰੇ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਵਲੋਂ ਏਨੀ ਕਾਹਲ ਵਿਖਾਈ ਗਈ ਕਿ ਬੱਚੇ ਦਾ ਨਾੜੂਆ ਵੀ ਨਹੀਂ ਸੀ ਕੱਟਿਆ ਗਿਆ, ਜਿਸ ਵਾਸਤੇ ਬੱਚੇ ਨੂੰ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਨਾ ਪਿਆ।ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਹਰ ਡਾਕਟਰ ਵਲੋਂ ਬੱਚੇ ਨੂੰ ਸਰੀਰਿਕ ਤੌਰ 'ਤੇ ਤੰਦਰੁਸਤ ਘੋਸ਼ਿਤ ਕਰਨ 'ਤੇ ਬਾਲ ਭਲਾਈ ਕਮੇਟੀ ਲੁਧਿਆਣਾ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਬੱਚੇ ਦੀ ਸਹੀ ਸੰਭਾਲ, ਮਾਪਿਆਂ ਦਾ ਪਤਾ ਲੱਗਾਉਣ ਜਾਂ ਗੋਦ ਦੇਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਬੱਚੇ ਨੂੰ ਸਵਾਮੀ ਸੰਕਰਾ ਨੰਦ ਮਹਾਰਾਜ ਜੀ ਭੂਰੀ ਵਾਲਿਆਂ ਦੀ ਅਗਵਾਈ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਭੇਜਿਆ ਗਿਆ ਹੈ। ਇਸ ਮੌਕੇ ਬੀਬੀ ਜਸਬੀਰ ਕੌਰ ਪ੍ਰਧਾਨ, ਸਕੱਤਰ ਕੁਲਦੀਪ ਸਿੰਘ ਮਾਨ ਤੋਂ ਇਲਾਵਾ ਸੇਵਾ ਸਿੰਘ ਖੇਲਾ ਆੜ੍ਹਤੀਆ, ਨਰਦੀਪ ਕੌਰ ਖੇਲਾ, ਮਨਪ੍ਰੀਤ ਕੌਰ, ਏਕਮਦੀਪ ਕੌਰ ਗਰੇਵਾਲ ਗੋਦ ਕੋਆਰਡੀਨੇਟਰ ਹਾਜ਼ਰ ਸਨ।