ਕੀ ਕੈਪਟਨ ਸਿੱਧੂ ਦੇ ਤਾਜਪੋਸ਼ੀ 'ਚ ਸ਼ਾਮਲ ਹੋਣਗੇ ? ਸਿੱਧੂ ਕੈਂਪ ਦੀ ਰਣਨੀਤੀ ਬਾਰੇ ਵੱਖੋ ਵੱਖ ਦਾਅਵੇ ਤੇ ਕਿਆਸੇ
ਹੁਣ ਨਜ਼ਰਾਂ 23 ਦੇ ਤਾਜਪੋਸ਼ੀ ਸਮਾਗਮ ’ਤੇ, ਸਿੱਧੂ ਹਮਾਇਤੀ ਵਿਧਾਇਕਾਂ ਦੀ ਗਿਣਤੀ ਤੇ ਰਣਨੀਤੀ ਬਾਰੇ ਵੱਖੋ ਵੱਖ ਦਾਅਵੇ
ਚੰਡੀਗੜ੍ਹ , 22 ਜੁਲਾਈ, 2021: ਪੰਜਾਬ ਕਾਂਗਰਸ ਵਿਚ ਚਲ ਰਿਹਾ ਕਾਟੋ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਸਗੋਂ ਇਕਕ ਵਾਰ ਤਾਂ ਵੱਧਦਾ ਹੀ ਨਜ਼ਰ ਆ ਰਿਹਾ ਹੈ । ਭਾਵੇਂ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੱਧੂ ਨੁੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪ ਦਿੱਤਾ ਹੈ ਪਰ ਹਾਲੇ ਤੱਕ ਮੁੱਖਮੰਤਰੀ ਨਾਲ ਉਹਨਾਂ ਦਾ ਰੇੜਕਾ ਨਹੀਂ ਨਿਬੜਿਆ। ਇਸ ਵਿਚਾਲੇ ਹੁਣ ਲੋਕਾਂ ਦੀਆਂ ਨਜ਼ਰਾਂ ਕੱਲ੍ਹ 23 ਜੁਲਾਈ ਨੁੰ ਹੋਣ ਵਾਲੇ ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ ’ਤੇ ਟਿਕ ਗਈਆਂ ਹਨ।
ਇਕ ਪਾਸੇ ਸਿੱਧੂ ਕੈਂਪ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸਿੱਧੂਦੇ ਘਰ ਪੁੱਜੇ 62 ਵਿਧਾਇਕ ਕੱਲ੍ਹ ਅੰਮ੍ਰਿਤਸਰ ਵਿੱਚ ਮੌਜੂਦ ਰਹੇ ਦੂਜੇ ਪਾਸੇ ਵੱਖ ਵੱਖ ਰਿਪੋਰਟਾਂ ਮੁਤਾਬਕ ਸਿੱਧੂ ਘਰ ਪੁੱਜਣ ਵਾਲੇ ਵਿਧਾਇਕਾਂ ਦੀ ਗਿਣਤੀ 40 ਦੇ ਕਰੀਬ ਸੀ । ਸਿੱਧੂ ਕੈਂਪ ਵੱਲੋਂ ਵਿਧਾਇਕਾਂ ਦੇ ਨਾਵਾਂ ਦੀ ਸੂਚੀ ਵੀ ਜਾਰੀ ਨਹੀਂ ਕੀਤੀ ਗਈ। ਜਿੱਥੋਂ ਤਕ ਵਜ਼ੀਰਾਂ ਦਾ ਸਬੰਧ ਹੈ ਸਿਰਫ਼ 4 ਮੰਤਰੀ ਹੀ ਸਿੱਧੂ ਨਾਲ ਮੌਜੂਦ ਸਨ ਜਦੋਂ ਕੀ 13 ਮੰਤਰੀ ਉੱਥੇ ਨਹੀਂ ਗਏ .
ਇਸ ਦੌਰਾਨ ਰੋਜ਼ਾਨਾ ਅਜੀਤ ਦੀ ਇਕ ਰਿਪੋਰਟ ਵਿਚ ਖੁੱਲ੍ਹਾਸਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੁੰ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਸਿੱਧੂ ਉਹਨਾਂ ਤੋਂ ਉਲਟਾਂ ਖਿਲਾਫ ਕੀਤੇ ਟਵੀਟਾਂ ਲਈ ਮੁਆਫੀ ਮੰਗ ਲੈਂਦੇ ਹਨ ਤਾਂ ਫਿਰ ਉਹ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਣਗੇ।ਇਹ ਸੰਭਾਵਨਾ ਹੈਕਿ ਸੋਨੀਆ ਗਾਂਧੀ ਵੱਲੋਂ ਅੱਜ 22 ਜੁਲਾਈ ਨੁੰ ਇਸ ਬਾਰੇ ਕੋਈ ਫੈਸਲਾ ਲਿਆ ਜਾਵੇ।
ਉਧਰ ਸਿੱਧੂ ਧੜੇ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ 62 ਵਿਧਾਇਕਾਂ ਦੇ ਹਸਤਾਖਰ ਵਾਲਾ ਸੱਦਾ ਪੱਤਰ ਲੈਕੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਮੁੱਖ ਮੰਤਰੀ ਨੂੰ ਮਿਲਣਗੇ ਜਦਕਿ ਨਾਗਰਾ ਦਾ ਕਹਿਣਾ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਤੋਂ ਮਿਲਣ ਵਾਸਤੇ ਸਮਾਂ ਪਰਸੋਂ ਦਾ ਹੀ ਮੰਗਿਆ ਹੋਇਆ ਹੈ ਅਤੇ ਸਾਂਝੇ ਸੱਦਾ ਪੱਤਰ ਬਾਰੇ ਸਵਾਲ ਦਾ ਜਵਾਬ ਉਨ੍ਹਾਂ ਨਹੀਂ ਸੀ ਦਿੱਤਾ.