ਜ਼ਮੀਨ ਅਰਬਨ ਸਟੇਟ 'ਚ ਲੈਣ ਦਾ ਨੋਟੀਫਿਕੇਸ਼ਨ ਰੱਦ ਕਰਾਉਣ ਲਈ ਕਿਸਾਨਾਂ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ
ਰੋਹਿਤ ਗੁਪਤਾ
ਗੁਰਦਾਸਪੁਰ 17 ਜੂਨ 2025 - ਅੱਜ ਇਥੇ ਗੁਰੂ ਨਾਨਕ ਪਾਰਕ ਵਿਖੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਵਰਕਰ ਇਕੱਤਰ ਹੋਏ ਅਤੇ ਰੈਲੀ ਕਰਨ ਉਪਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਪਿੰਡ ਘਰਾਲੇ ਦੀ ਜਮੀਨ ਅਰਬਨ ਸਟੇਟ ਲਈ ਕਿਸਾਨਾਂ ਤੋਂ ਖੋਹਣ ਵਿਰੁੱਧ ਮੰਗ ਪੱਤਰ ਦਿੱਤਾ।
ਇਸ ਦੀ ਅਗਵਾਈ ਸਾਂਝੇ ਤੌਰ ਤੇ ਰਘਬੀਰ ਸਿੰਘ ਪਕੀਵਾਂ ਅਜੀਤ ਸਿੰਘ ਹੁੰਦਲ ਰਾਜਗੁਰਵਿੰਦਰ ਸਿੰਘ ਲਾਡੀ ਰਘਬੀਰ ਸਿੰਘ ਚਾਹਲ ਸੁਖਦੇਵ ਸਿੰਘ ਭਾਗੋਕਾਵਾਂ ਗੁਲਜਾਰ ਸਿੰਘ ਬਸੰਤਕੋਟ ਬਲਬੀਰ ਸਿੰਘ ਕਤੋਵਾਲ ਅਤੇ ਮਜ਼ਦੂਰ ਆਗੂਆਂ ਧਿਆਨ ਸਿੰਘ ਠਾਕੁਰ ਗੁਰਮੀਤ ਸਿੰਘ ਬਖਤਪੁਰ ਸੁਭਾਸ਼ ਕੈਰੇ ਰਣਬੀਰ ਸਿੰਘ ਵਿਰਕ ਰੂਪ ਸਿੰਘ ਪੱਡਾ ਵਿਜੇ ਸੋਹਲ ਧੀਰ ਸਿੰਘ ਸਿੱਧੂ ਤੋਂ ਇਲਾਵਾ ਦਵਿੰਦਰ ਸਿੰਘ ਲਾਡੀ ਸ਼ਾਹ ਬਲਪ੍ਰੀਤ ਸਿੰਘ ਪ੍ਰਿੰਸ ਐਡਵੋਕੇਟ ਸੁਖਵਿੰਦਰ ਸਿੰਘ ਅਤੇ ਅਮਰਜੀਤ ਕੌਰ ਆਦਿ ਨੇ ਸਾਂਝੇ ਤੌਰ ਤੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਪੰਜਾਬ ਦੀ ਮਾਨ ਸਰਕਾਰ ਕਿਸਾਨਾਂ ਤੋਂ ਜਮੀਨ ਖੋਹਣ ਲਈ ਐਸਾ ਘਟੀਆ ਕਾਰਜ ਕਰ ਰਹੀ ਹੈ ਜੋ ਇਸ ਤੋਂ ਪਹਿਲਾਂ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਵੀ ਨਹੀਂ ਕਰ ਸਕੀਆਂ ।ਅਰਬਨ ਅਸਟੇਟ ਕਲੋਨੀਆਂ ਬਣਾਉਣ ਦੇ ਜਿਸ ਕਾਨੂੰਨ ਦਾ ਕਿਸਾਨ ਪੱਖੀ ਹੋਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਉਹ ਬੇਹੱਦ ਕਿਸਾਨ ਵਿਰੋਧੀ ਅਤੇ ਖਤਰਨਾਕ ਹੈ। ਅਸਲ ਵਿੱਚ ਉਹ ਕਸਾਈ ਵੱਲੋਂ ਬੱਕਰੇ ਨੂੰ ਝਟਕਾਉਣ ਲਈ ਕਤਲਗਾਹ ਲਿਜਾਣ ਵਾਸਤੇ ਹਰਾ ਚਾਰਾ ਦਿਖਾਉਣ ਦੇ ਬਰਾਬਰ ਹੀ ਹੈ।
ਆਗੂਆਂ ਕਿਹਾ ਕਿ ਇਨਕਲਾਬੀ ਇਸ ਕਿਸਾਨ ਉਜਾੜੂ ਨਿਯਮ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਕਿਹਾ ਕਿ ਉਝ ਵੀ ਘਰਾਲੇ ਪਿੰਡ ਦੀ ਜਮੀਨ ਪਹਿਲਾਂ ਵੀ ਦੋ ਵਾਰ ਹਾਈਵੇ ਅਤੇ ਇੰਪਰੂਵਮੈਂਟ ਟਰਸਟ ਸਕੀਮ ਨੰਬਰ ਸੱਤ ਅਧੀਨ ਵੱਡੇ ਪੱਧਰ ਤੇ ਲੈ ਕੇ ਇਸ ਪਿੰਡ ਨੂੰ ਉਜਾੜਿਆ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੂੰ ਇਸ ਸਬੰਧੀ 80 ਏਕੜ ਜਮੀਨ ਮਾਲਕਾਂ ਦੇ ਦਸਤਖਤਾ ਹੇਠ ਪ ਅਤੇ ਪਿੰਡ ਦੇ ਹੋਰ ਕਿਸਾਨਾਂ ਮਜ਼ਦੂਰਾਂ ਵੱਲੋਂ ਮੰਗ ਪੱਤਰ ਦੇ ਕੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਪਰੰਤ ਆਗੂਆਂ ਨੇ ਕਿਹਾ ਕਿ ਜਲਦੀ ਹੀ ਵੱਡੀ ਮੀਟਿੰਗ ਕਰਕੇ ਇੱਕ ਵੱਡੇ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇਗੀ।