ਹੜ੍ਹਾਂ ਨੂੰ ਲੈ ਕੇ ਪਟਿਆਲਾ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਈਜ਼ਰੀ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 31 ਅਗਸਤ, 2025: ਪਟਿਆਲਾ ਪ੍ਰਸ਼ਾਸਨ ਨੇ ਹੜ੍ਹਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ।
ਘਨੌਰ ਅਤੇ ਸਨੌਰ ਖੇਤਰਾਂ ਵਿੱਚ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਹੁਣ ਘੱਟ ਗਿਆ ਹੈ ਪਰ ਇਹ ਪਾਣੀ ਸਮਾਣਾ ਅਤੇ ਪਾਤੜਾਂ ਖੇਤਰ ਦੇ ਖੇਤਾਂ ਵਿੱਚੋਂ ਲੰਘ ਸਕਦਾ ਹੈ। ਇਸ ਤੋਂ ਇਲਾਵਾ ਟਾਂਗਰੀ ਅਤੇ ਮਾਰਕੰਡਾ ਤੋਂ ਆਉਣ ਵਾਲਾ ਪਾਣੀ ਸਮਾਣਾ ਪਾਤੜਾਂ ਖੇਤਰ ਵਿੱਚ ਘੱਗਰ ਦਰਿਆ ਦਾ ਪੱਧਰ ਵਧਾ ਸਕਦਾ ਹੈ।
ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ, ਸਰਾਲਾ ਘੱਗਰ ਸਥਾਨ 'ਤੇ ਪਾਣੀ ਦਾ ਪੱਧਰ ਵੀ 13 ਫੁੱਟ ਤੱਕ ਘਟ ਗਿਆ ਹੈ ਅਤੇ ਹੋਰ ਘੱਟ ਰਿਹਾ ਹੈ। ਟਾਂਗਰੀ ਮਾਰਕੰਡਾ ਦੇ ਪੱਧਰ ਦੇ ਆਧਾਰ 'ਤੇ ਸਮਾਣਾ ਪਾਤੜਾਂ ਖੇਤਰਾਂ ਲਈ ਸਲਾਹਕਾਰੀ ਜਾਰੀ ਕੀਤੀ ਜਾਂਦੀ ਹੈ।
ਬੇਸ਼ੱਕ ਇਸ ਵੇਲੇ ਸਥਿਤੀ ਕਾਬੂ ਹੇਠ ਹੈ ਪਰ ਪਟਿਆਲਾ ਸਬ ਡਵੀਜ਼ਨ ਤੇ ਸਮਾਣਾ/ਸ਼ੁਤਰਾਣਾ ਹਲਕਿਆਂ ਦੇ ਪਿੰਡ ਉਲਟਪੁਰ, ਦੁੜਦ, ਮਰਦਾਹੇੜੀ, ਮਰੌੜੀ, ਸਪਰਹੇੜੀ, ਰਤਨਹੇੜੀ, ਅਸਮਾਨਪੁਰ, ਹਰਚੰਦਪੁਰਾ, ਬਾਦਸ਼ਾਹਪੁਰ, ਰਸੌਲੀ, ਮਤੌਲੀ, ਤੇਈਪੁਰ, ਕਾਂਗਥਲਾ, ਗੁਰੂਨਾਨਕ ਪੁਰਾ, ਸਾਗਰਾ, ਜੋਗੇਵਾਲ, ਗੁਲਾਹੜ ਆਦਿ ਪ੍ਰਭਾਵਿਤ ਹੋ ਸਕਦੇ ਹਨ।ਇਸ ਲਈ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਹੈ ਕਿ ਉਹ ਪਾਣੀ ਦੇ ਵਹਾਅ ਨੇੜੇ ਨਾ ਜਾਣ ਅਤੇ ਚੌਕਸ ਰਹਿਣ ਪਰ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ‘ਤੇ ਯਕੀਨ ਨਾ ਕਰੋ।
ਜੇਕਰ ਜ਼ਿਆਦਾ ਪਾਣੀ ਆਉਣ ਦੀ ਕੋਈ ਸੂਚਨਾ ਹੋਵੇ ਤਾਂ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਤੇ 2358550 ਉਪਰ ਸੂਚਿਤ ਕੀਤਾ ਜਾਵੇ।