ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀ ਖਿਡਾਰਨ ਮਨਪ੍ਰੀਤ ਕੌਰ ਨੇ ਕੌਮੀ ਚੈਂਪੀਅਨਸ਼ਿਪ 'ਚ ਜਿੱਤੇ ਚਾਂਦੀ ਤੇ ਕਾਂਸੇ ਤਮਗੇ
*ਪੇਂਡੂ ਇਲਾਕੇ ਦੇ ਬੱਚਿਆਂ ਵਿੱਚ ਬੇਅੰਤ ਪ੍ਰਤਿਭਾ ਮੌਜੂਦ : ਸੰਤ ਸੀਚੇਵਾਲ*
*ਇਸ ਸੈਂਟਰ ਰਾਹੀਂ ਪਿੰਡਾਂ ਦੀਆਂ ਧੀਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਦਾ ਰਾਹ ਮਿਿਲਆ*
ਬਲਵਿੰਦਰ ਸਿੰਘ ਧਾਲੀਵਾਲ / ਬਾਬੂਸ਼ਾਹੀ ਬਿਊਰੋ
ਸੁਲਤਾਨਪੁਰ ਲੋਧੀ, 17 ਜੂਨ 2026
ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀ ਖਿਡਾਰਨ ਮਨਪ੍ਰੀਤ ਕੌਰ ਨੇ ਕੌਮੀ ਕਿਸ਼ਤੀ ਮੁਕਾਬਲਿਆਂ ਵਿੱਚ ਚਾਂਦੀ ਤੇ ਕਾਂਸੇ ਤਮਗਿਆਂ ਨੂੰ ਜਿੱਤ ਕੇ ਪੰਜਾਬ ਦਾ ਸਿਰ ਉੱਚਾ ਕੀਤਾ ਹੈ। ਤਮਗੇ ਜਿੱਤਣ ਤੋਂ ਬਾਅਦ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜੇਤੂ ਖਿਡਾਰਨ ਦਾ ਸਨਮਾਨ ਕੀਤਾ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਿੰਡਾਂ ਦੇ ਬੱਚਿਆਂ ਵਿੱਚ ਬੇਅੰਤ ਪ੍ਰਤਿਭਾ ਮੌਜੂਦ ਹੈ। ਉਹਨਾਂ ਬੱਚਿਆਂ ਨੂੰ ਲੋੜ ਸਿਰਫ਼ ਸਹੀ ਮੰਚ ਅਤੇ ਸਹੂਲਤਾਂ ਪ੍ਰਦਾਨ ਕਰਨ ਦੀ ਹੈ।
ਇਸ ਮੌਕੇ ਸੰਤ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸੂਬੇ ਦੇ ਖੇਡ ਵਿਭਾਗ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਇਹਨਾਂ ਬੱਚਿਆਂ ਨੂੰ ਕੌਮੀ ਮੁਕਾਬਲਿਆਂ ਵਿੱਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੀ ਸਥਾਪਨਾ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਬੱਚਿਆਂ ਨੂੰ ਪਾਣੀਆਂ ਨਾਲ ਵੀ ਜੋੜ ਰਹੀ ਹੈ ਅਤੇ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਦੇ ਬੱਚੇ ਹੁਣ ਮੁੜ ਪਾਣੀਆਂ ਵਾਲੀਆਂ ਖੇਡਾਂ ਨਾਲ ਜੁੜ ਰਹੇ ਹਨ। ਉਨ੍ਹਾਂ ਮਨਪ੍ਰੀਤ ਕੌਰ ਦੀ ਸਫਲਤਾ ਨੂੰ ਹੋਰ ਲੜਕੀਆਂ ਲਈ ਪ੍ਰੇਰਣਾਦਾਇਕ ਦੱਸਿਆ।
ਯਾਦ ਰਹੇ ਕਿ ਹਾਲ ਹੀ ਵਿੱਚ ਇੰਡੀਅਨ ਕਿਆਕਿੰਗ ਕਨੋਇੰਗ ਐਸੋਸੀਏਸ਼ਨ ਵੱਲੋਂ 12 ਤੋਂ 14 ਜੂਨ ਤੱਕ ਰਾਏਪੁਰ (ਛੱਤੀਸਗੜ੍ਹ) ਵਿਖੇ ਕਰਵਾਈ ਗਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 500 ਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਮੈਡਲ ਅਤੇ 200 ਮੀਟਰ ਦੇ ਫਸਵੇਂ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਹਾਸਲ ਕਰਨ ਵਿੱਚ ਕਾਮਜਾਬ ਰਹੀ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਵੱਲੋਂ ਕੁੱਲ 22 ਲੜਕੇ ਅਤੇ ਲੜਕੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 5 ਖਿਡਾਰੀ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਨਾਲ ਸਬੰਧਤ ਸਨ। ਇਨ੍ਹਾਂ ਖਿਡਾਰੀਆਂ ਦੀ ਚੋਣ ਲਈ ਟਰਾਇਲ ਰੂਪਨਗਰ (ਰੋਪੜ) ਵਿਖੇ ਕਰਵਾਏ ਗਏ ਸਨ। ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੀਆਂ 23 ਟੀਮਾਂ ਨੇ ਹਿੱਸਾ ਲਿਆ।
ਮੁੱਖ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਖਿਡਾਰੀਆਂ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਤਿਆਰੀ ਕੀਤੀ ਸੀ, ਜਿਸ ਦਾ ਨਤੀਜਾ ਹੁਣ ਮੈਡਲਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਹਾਇਕ ਕੋਚ ਵਰਿੰਦਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਖੁੱਲ੍ਹਣ ਨਾਲ ਇਲਾਕੇ ਦੇ ਬੱਚਿਆਂ ਨੂੰ ਆਪਣੇ ਹੀ ਖੇਤਰ ਵਿੱਚ ਵਿਸ਼ਵ ਪੱਧਰੀ ਸਿਖਲਾਈ ਅਤੇ ਖੇਡ ਸਹੂਲਤਾਂ ਮਿਲ ਰਹੀਆਂ ਹਨ। ਇਸ ਨਾਲ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਮੌਕਾ ਮਿਿਲਆ ਹੈ।
ਸਹਾਇਕ ਕੋਚ ਪ੍ਰਿਆ ਸੈਣੀ ਨੇ ਕਿਹਾ ਕਿ ਸੈਂਟਰ ਵਿੱਚ ਲੜਕੀਆਂ ਨੂੰ ਵੀ ਬਰਾਬਰ ਮੌਕੇ ਅਤੇ ਉੱਚ ਪੱਧਰੀ ਕੋਚਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਕਾਰਨ ਪਿੰਡਾਂ ਦੀਆਂ ਧੀਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਅਤੇ ਦੇਸ਼ ਲਈ ਮੈਡਲ ਜਿੱਤਣ ਦਾ ਸੁਪਨਾ ਸਾਕਾਰ ਕਰਨ ਦਾ ਰਾਹ ਮਿਿਲਆ ਹੈ। ਖਿਡਾਰਨ ਮਨਪ੍ਰੀਤ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਸੰਤ ਬਲਬੀਰ ਸਿੰਘ ਸੀਚੇਵਾਲ, ਸੈਂਟਰ ਦੇ ਕੋਚਾਂ ਅਤੇ ਮਾਪਿਆਂ ਨੂੰ ਦਿੰਦਿਆਂ ਕਿਹਾ ਕਿ ਉਹ ਇੱਕ ਸਧਾਰਨ ਅਤੇ ਆਰਥਿਕ ਤੌਰ 'ਤੇ ਸੀਮਤ ਪਰਿਵਾਰ ਨਾਲ ਸਬੰਧਤ ਹੈ। ਉਸਨੇ ਦੱਸਿਆ ਕਿ ਕਿਆਕਿੰਗ ਅਤੇ ਕਨੋਇੰਗ ਵਰਗੀ ਖੇਡ ਵਿੱਚ ਅੱਗੇ ਵਧਣ ਲਈ ਮਹਿੰਗੇ ਸਾਜ਼ੋ-ਸਾਮਾਨ, ਬੋਟਾਂ ਅਤੇ ਵਿਸ਼ੇਸ਼ ਸਿਖਲਾਈ ਦੀ ਲੋੜ ਹੁੰਦੀ ਹੈ, ਜੋ ਉਸਦੇ ਪਰਿਵਾਰ ਲਈ ਆਪਣੇ ਬਲਬੂਤੇ ਉਪਲਬਧ ਕਰਵਾਉਣਾ ਸੰਭਵ ਨਹੀਂ ਸੀ।
ਬਾਕਸ ਆਈਟਮ : ਮਨਪ੍ਰੀਤ ਨੇ ਕਿਹਾ, “ਜੇਕਰ ਸੰਤ ਸੀਚੇਵਾਲ ਜੀ ਵੱਲੋਂ ਇਹ ਵਾਟਰ ਸਪੋਰਟਸ ਸੈਂਟਰ ਨਾ ਬਣਾਇਆ ਜਾਂਦਾ ਤਾਂ ਸ਼ਾਇਦ ਮੈਂ ਕਦੇ ਵੀ ਇਸ ਖੇਡ ਦਾ ਹਿੱਸਾ ਨਾ ਬਣ ਸਕਦੀ। ਸੈਂਟਰ ਵਿੱਚ ਮੈਨੂੰ ਮੁਫ਼ਤ ਸਿਖਲਾਈ, ਲੋੜੀਂਦਾ ਸਾਜ਼ੋ-ਸਾਮਾਨ ਅਤੇ ਮਾਹਿਰ ਕੋਚਾਂ ਦੀ ਰਹਿਨੁਮਾਈ ਮਿਲੀ। ਸੰਤ ਸੀਚੇਵਾਲ ਜੀ ਦੇ ਸਹਿਯੋਗ ਸਦਕਾ ਹੀ ਮੈਂ ਅੱਜ ਕੌਮੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕਰ ਰਹੀ ਹਾਂ ਅਤੇ ਮੈਡਲ ਜਿੱਤਣ ਵਿੱਚ ਸਫਲ ਹੋਈ ਹਾਂ। ਮੈਂ ਚਾਹੁੰਦੀ ਹਾਂ ਕਿ ਪਿੰਡਾਂ ਦੀਆਂ ਹੋਰ ਧੀਆਂ ਵੀ ਇਸ ਮੌਕੇ ਦਾ ਲਾਭ ਉਠਾਉਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ।”
- Download Babushahi App
-
-