ਸਿਹਤ ਵਿਭਾਗ ਬਠਿੰਡਾ ਨੇ ਨੁੱਕੜ ਨਾਟਕ ਰਾਂਹੀ ਕੀਤਾ ਐਚ.ਆਈ.ਵੀ/ਏਡਜ਼ ਸਬੰਧੀ ਜਾਗਰੂਕ
ਅਸ਼ੋਕ ਵਰਮਾ
ਬਠਿੰਡਾ, 12 ਅਗਸਤ 2025 :ਡਾ. ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਏਡਜ਼ ਕੰਟਰੋਲ ਅਫਸਰ ਡਾ ਰੋਜੀ ਅਗਰਵਾਲ ਦੀ ਅਗਵਾਈ ਹੇਠ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦਿਸ਼ਾ ਕਲੱਸਟਰ ਦੇ ਸਹਿਯੋਗ ਨਾਲ ਏ.ਆਰ.ਟੀ ਸੈਂਟਰ ਅਤੇ ਸਿਵਲ ਹਸਪਤਾਲ ਦੀ ਓ.ਪੀ.ਡੀ ਵਿੱਚ ਨੁੱਕੜ ਨਾਟਕ ਰਾਂਹੀ ਏਡਜ਼ ਸਬੰਧੀ ਜਾਗਰੂਕ ਕੀਤਾ ਗਿਆ ।ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਤਪਿੰਦਰਜੋਤ ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਸਾਲ 2030 ਤੱਕ ਏਡਜ਼ ਦੇ ਨਵੇਂ ਮਰੀਜ਼ਾਂ ਨਾ ਆਉਣ ਦੇ ਟੀਚਾ ਲੈ ਕੇ ਸਿਹਤ ਸਟਾਫ਼ ਅਤੇ ਆਮ ਲੋਕਾਂ ਨੂੰ ਏਡਜ਼ ਬਿਮਾਰੀ ਪ੍ਰਤੀ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਸਬੰਧੀ ਜਾਗਰੂਕ ਕਰਨਾ ਹੈ। ਇਸ ਤਹਿਤ ਦਿਸ਼ਾ ਕਲੱਸਟਰ ਦੇ ਸਹਿਯੋਗ ਨਾਲ ਮਿਤੀ 12 ਅਗਸਤ 2025 ਤੋਂ 12 ਅਕਤੂਬਰ 2025 ਤੱਕ ਇੰਟੈਂਸੀਫਾਈਡ ਮੁਹਿੰਮ ਸੁਰੂ ਕੀਤੀ ਗਈ ਹੈ । ਇਸ ਮੁਹਿੰਮ ਦਾ ਮੁੱਖ ਮਖਸਦ HIV ਅਤੇ STI ਨੂੰ ਘਟਾਉਣ, ਟੈਸਟਿੰਗ ਅਤੇ ਇਲਾਜ ਨੂੰ ਵਧਾਉਣਾ ਹੈ । ਉਹਨਾਂ ਦੱਸਿਆ ਕਿ ਏਡਜ਼ ਇੱਕ ਐਚ.ਆਈ.ਵੀ ਵਾਇਰਸ ਨਾਲ ਹੁੰਦੀ ਹੈ, ਜੋ ਸਾਡੇ ਸਰੀਰ 'ਤੇ ਹਮਲਾ ਕਰਕੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਕਿਸੇ ਵੀ ਵਿਅਕਤੀ ਨੂੰ ਖਾਂਸੀ, ਜੁਕਾਮ, ਬੁਖਾਰ, ਦਸਤ, ਉਲਟੀਆਂ, ਭਾਰ ਦਾ ਘਟਣਾ, ਕਮਜ਼ੋਰੀ ਆਦਿ ਲੱਛਣ ਲੰਬੇ ਸਮੇਂ ਤੋਂ ਹੋਣ ਅਤੇ ਠੀਕ ਨਾ ਹੋ ਰਿਹਾ ਹੋਵੇ ਤਾਂ ਉਸ ਵਿਅਕਤੀ ਨੂੰ ਆਪਣੇ ਸਰੀਰ ਦੇ ਟੈਸਟ ਜਲਦੀ ਤੋਂ ਜਲਦੀ ਕਰਵਾ ਲੈਣੇ ਚਾਹੀਦੇ ਹਨ ਤਾਂ ਜੋ ਸਮਾਂ ਰਹਿੰਦੇ ਉਸ ਦੀ ਬੀਮਾਰੀ ਦਾ ਜਲਦੀ ਤੋਂ ਜਲਦੀ ਲਗਾਇਆ ਜਾ ਸਕੇ। ਇਸ ਲਈ ਉਸ ਨੂੰ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਤੋ ਜਲਦੀ ਤੋਂ ਜਲਦੀ ਟੈਸਟ ਕਰਵਾਉਣਾ ਚਾਹੀਦਾ ਹੈ। ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦੇ ਆਈ.ਸੀ.ਟੀ.ਸੀ. ਸੈਂਟਰਾਂ ਵਿੱਚ ਐਚ.ਆਈ.ਵੀ. ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਸਿਵਲ ਹਸਪਤਾਲ ਬਠਿੰਡਾ ਵਿਖੇ ਏ.ਆਰ.ਟੀ. ਸੈਂਟਰ ਬਣਿਆ ਹੋਇਆ ਹੈ, ਜਿਥੇ ਮਰੀਜ਼ਾਂ ਦਾ ਇਲਾਜ ਅਤੇ ਕੌਂਸਲਿੰਗ ਮਾਹਿਰ ਡਾਕਟਰਾਂ ਦੁਆਰਾ ਮੁਫ਼ਤ ਕੀਤੀ ਜਾਂਦੀ ਹੈ।
ਡਾ. ਰੋਜੀ ਅਗਰਵਾਲ ਨੇ ਦੱਸਿਆ ਕਿ ਇਹ ਬਿਮਾਰੀ ਦੂਸ਼ਿਤ ਵਿਅਕਤੀ ਦੀਆਂ ਸੂਈਆਂ ਤੇ ਸਰਿੰਜਾਂ ਵਰਤਣ ਨਾਲ, ਗਰਭਵਤੀ ਮਰੀਜ਼ ਮਾਂ ਤੋਂ ਬੱਚੇ ਨੂੰ, ਦੂ਼ਸ਼ਿਤ ਖੂਨ ਚੜ੍ਹਾਉਣ ਨਾਲ,ਅਣ-ਸੁਰੱਖਿਅਤ ਸੈਕਸ ਸਬੰਧ ਬਨਾਉਣ ਨਾਲ, ਟੈਟੂ ਬਨਵਾਉਣ ਨਾਲ ਇੱਕ ਮਨੂੱਖ ਤੋਂ ਦੂਸਰੇ ਮਨੂੱਖ ਨੂੰ ਫੈਲਦੀ ਹੈ। ਇਹ ਬਿਮਾਰੀ ਹੱਥ ਮਿਲਾਉਣ, ਇਕੱਠੇ ਬੈਠਣ ਨਾਲ, ਇਕੱਠੇ ਸੌਣ ਨਾਲ, ਚੁੰਮਣ ਨਾਲ, ਇਕੱਠੇ ਖਾਣਾ ਖਾਣ ਆਦਿ ਕਾਰਨਾਂ ਨਾਲ ਨਹੀਂ ਫੈਲਦੀ। ਉਹਨਾਂ ਦੱਸਿਆ ਕਿ ਏਡਜ਼ ਵਾਲੇ ਮਰੀਜਾਂ ਨੂੰ ਟੀ.ਬੀ. ਹੋਣ ਦਾ ਵੀ ਖਤਰਾ ਹੁੰਦਾ ਹੈ। ਉਹਨਾਂ ਦੱਸਿਆ ਕਿ ਨਸ਼ਾ ਵਰਤਣ ਵਾਲੇ ਲੋਕ ਨਸ਼ੇ ਦੇ ਟੀਕੇ ਇੱਕੋ ਸਰਿੰਜ ਨਾਲ ਲਗਾ ਰਹੇ ਹਨ, ਜਿਸ ਨਾਲ ਏਡਜ਼ ਫੈਲਣ ਦਾ ਜ਼ਿਆਦਾ ਖਤਰਾ ਹੈ। ਉਹਨਾਂ ਨਸ਼ਾ ਵਰਤਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਛੁਡਾਓ ਕੇਂਦਰਾਂ ਸਿਵਲ ਹਸਪਤਾਲ ਬਠਿੰਡਾ ਵਿਖੇ ਆ ਕੇ ਦਾਖਲ ਹੋ ਕੇ ਨਸ਼ਾ ਛੱਡ ਸਕਦੇ ਹਨ, ਸਿਹਤ ਵਿਭਾਗ ਵੱਲੋਂ ਇਹ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਓਟ ਸੈਂਟਰਾਂ ਤੋਂ ਡਾਕਟਰ ਦੀ ਸਲਾਹ ਨਾਲ ਮੁਫ਼ਤ ਦਵਾਈਆਂ ਪ੍ਰਾਪਤ ਕਰ ਸਕਦੇ ਹਨ। ਡਾ ਕਰਮਜੀਤ ਕੌਰ ਨੇ ਕਿਹਾ ਕਿ ਏਡਜ਼ ਦੇ ਮਰੀਜ਼ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਏਡਜ਼ ਮਰੀਜ਼ ਨਾਲ ਵਧੀਆ ਤਰੀਕੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ, ਸਗੋਂ ਮਰੀਜਾਂ ਦਾ ਇਲਾਜ ਕਰਵਾਉਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਦਿਸ਼ਾ ਕਲੱਸਟਰ ਬਠਿੰਡਾ ਤੋਂ ਪ੍ਰਭਜੋਤ ਕੌਰ,ਪ੍ਰਭਜੋਤ ਸਿੰਘ ਅਤੇ ਸੋਨੀਕਾ ਹਾਜ਼ਰ ਸਨ ।