ਸਵੱਛਤਾ ਸਰਵੇਖਣ ਗ੍ਰਾਮੀਣ ਨੂੰ ਅਧਿਕਾਰੀ ਗੰਭੀਰਤਾ ਨਾਲ ਲੈਣਾ ਬਣਾਉਣ ਯਕੀਨੀ : DC ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 17 ਜੂਨ 2025: ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਧੀਨ ਜਲ ਸ਼ਕਤੀ ਵਿਭਾਗ ਭਾਰਤ ਸਰਕਾਰ ਵਲੋਂ ਸਵੱਛਤਾ ਸਰਵੇਖਣ ਗ੍ਰਾਮੀਣ 2025 ਕਰਵਾਇਆ ਜਾ ਰਿਹਾ ਹੈ ਜੋ ਕਿ 19 ਜੁਲਾਈ 2025 ਤੱਕ ਚੱਲੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਚਲਾਏ ਜਾ ਰਹੇ ਇਸ ਸਰਵੇਖਣ ਨੂੰ ਗੰਭੀਰਤਾ ਨਾਲ ਲੈਣ ਤਾਂ ਜੋ ਜ਼ਿਲ੍ਹੇ ਦੀ ਪੰਜਾਬ ਤੇ ਭਾਰਤ ਪੱਧਰ ‘ਤੇ ਵਧੀਆਂ ਰੈਕਿੰਗ ਹਾਸਲ ਕੀਤੀ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਸ੍ਰੀ ਮਨਪ੍ਰੀਤ ਸਿੰਘ ਅਰਸ਼ੀ ਨੇ ਦੱਸਿਆ ਕਿ ਇਸ ਸਰਵੇਖਣ ਵਿੱਚ ਕੁੱਲ 1000 ਅੰਕ ਹਨ, ਜਿਸ ਵਿੱਚ 540 ਅੰਕ ਭਾਰਤ ਸਰਕਾਰ ਦੀ ਟੀਮ ਵਲੋਂ ਜ਼ਿਲ੍ਹੇ ਦੇ 20 ਪਿੰਡਾਂ ਨੂੰ ਚੈਕ ਕਰਨ ਉਪਰੰਤ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਗਠਿਤ ਕੀਤੀਆਂ ਟੀਮਾਂ ਵਲੋਂ ਜ਼ਿਲ੍ਹੇ ਵਿੱਚ ਠੋਸ ਕੂੜਾ, ਤਰਲ, ਪਲਾਸਟਿਕ ਵੇਸਟ ਮੈਨੈਜਮੈਂਟ ਯੂਨਿਟ ਤੇ ਗੋਬਰਧਨ ਪਲਾਂਟਾਂ ਦੇ ਦੌਰੇ ਕੀਤੇ ਜਾਣਗੇ, ਜਿਸ ਅਨੁਸਾਰ ਜ਼ਿਲ੍ਹੇ ਨੂੰ ਨੰਬਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪਿੰਡ ਵਾਸੀ ਮੋਬਾਇਲ ਐਪ ਰਾਹੀਂ ਵੀ ਆਪਣੀ ਰਾਇ ਸ਼ੇਅਰ ਕਰ ਸਕਦੇ ਹਨ, ਜਿਸ ਦੇ ਵੀ 50 ਅੰਕ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਕੰਚਨ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ ਗੁਰਪ੍ਰਤਾਪ ਸਿੰਘ, ਕਾਰਜਕਾਰੀ ਇੰਜੀਨੀਅਰ ਸ਼੍ਰੀ ਅਮਿਤ ਕੁਮਾਰ, ਸਮੂਹ ਬੀਡੀਪੀਓ, ਉਪ ਮੰਡਲ ਇੰਜੀਨੀਅਰ ਤੇ ਜੂਨੀਅਰ ਇੰਜੀਨੀਅਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਮੌਜੂਦ ਸਨ।