ਮਾਨਸਾ ਪੁਲਿਸ ਵੱਲੋਂ ਸੱਤ ਨਾਬਾਲਗ ਮੁੰਡਿਆਂ ਸਮੇਤ ਗੋਲੀਬਾਰੀ ਮਾਮਲੇ ਵਿੱਚ 9 ਗ੍ਰਿਫਤਾਰ
ਅਸ਼ੋਕ ਵਰਮਾ
ਮਾਨਸਾ, 18 ਸਤੰਬਰ 2026 : ਮਾਨਸਾ ਪੁਲੀਸ ਨੇ ਲੰਘੇ ਦਿਨੀਂ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਸੱਤ ਨਾਬਾਲਗ ਮੁੰਡਿਆਂ ਸਮੇਤ ਨੌਂ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪੁਨੀਤ ਕੁਮਾਰ ਅਤੇ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਦੋਵੇਂ ਮਾਨਸਾ ਦੇ ਰਹਿਣ ਵਾਲੇ ਹਨ, ਜਦਕਿ ਸੱਤ ਨਾਬਾਲਗਾਂ ਦੀ ਪਛਾਣ ਗੁਪਤ ਰੱਖੀ ਗਈ ਹੈ।ਮਾਨਸਾ ਦੇ ਐੱਸ ਐੱਸ ਪੀ ਵੈਭਵ ਚੌਧਰੀ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਇੱਕ ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ।
ਇਸ ਗੋਲੀਬਾਰੀ ਦੌਰਾਨ ਸੋਮਵਾਰ ਦੁਪਹਿਰ ਨੂੰ ਇੱਕ ਸਥਾਨਕ ਨਿਵਾਸੀ ਹਰਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ।ਘਟਨਾ ਤੋਂ ਬਾਅਦ ਮਾਨਸਾ ਸਿਟੀ-2 ਪੁਲੀਸ ਸਟੇਸ਼ਨ ਵਿਖੇ ਬੀ ਐੱਨ ਐੱਸ (2NS) ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਹੋਏ ਹਮਲੇ ਤੋਂ ਬਾਅਦ ਹਰਵਿੰਦਰ ਸਿੰਘ ਨੂੰ ਗੋਲੀਆਂ ਲੱਗੀਆਂ ਸਨ।ਪੁਲੀਸ ਅਨੁਸਾਰ ਮੁਲਜ਼ਮ ਹਰਵਿੰਦਰ ਦੇ ਘਰ ਆਏ ਅਤੇ ਉਸ ਨੂੰ ਬਾਹਰ ਬੁਲਾਇਆ। ਜਦੋਂ ਉਸਨੇ ਮੁੱਖ ਗੇਟ ਵਿੱਚੋਂ ਬਾਹਰ ਦੇਖਿਆ, ਤਾਂ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਸਦੇ ਜਬਾੜੇ 'ਤੇ ਲੱਗੀ ਜਦੋਂ ਕਿ ਦੂਜੀ ਉਸਦੇ ਨੱਕ 'ਤੇ ਲੱਗੀ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਅਨੁਸਾਰ ਇਸ ਘਟਨਾ ਦਾ ਕਾਰਨ ਪੁਰਾਣਾ ਲੜਾਈ ਝਗੜਾ ਸੀ ਜਿਸ ਕਰਕੇ ਗੋਲੀਆਂ ਚਲਾਈਆਂ ਗਈਆਂ ਸਨ।
- Download Babushahi App
-
-