ਪੰਜਾਬ ਸਰਕਾਰ ਨਸ਼ੇ ਨੂੰ ਠੱਲ੍ਹ ਪਾਉਣ ਲਈ ਜ਼ਮੀਨੀ ਪੱਧਰ ‘ਤੇ ਕਰ ਰਹੀ ਕਾਰਜ: ਚੁਸਪਿੰਦਰ ਚਹਿਲ
ਅਸ਼ੋਕ ਵਰਮਾ
ਬਠਿੰਡਾ, 2 ਮਈ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ‘ਚ ਨਸ਼ਿਆਂ ਦੇ ਕੋਹੜ ਨੂੰ ਮੁਕੰਮਲ ਤੌਰ ’ਤੇ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਸ਼ਾ ਮੁਕਤੀ ਮੋਰਚਾ ਮਾਲਵਾ ਵੈਸਟ ਦੇ ਜੋਨ ਕੋਆਰਡੀਨੇਟਰ ਸ੍ਰੀ ਚੁਸਪਿੰਦਰ ਚਹਿਲ ਨੇ ਅੱਜ ਇਥੇ ਮੀਡੀਆਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹਾ ਕੋਆਰਡੀਨੇਟਰ ਸ. ਜਤਿੰਦਰ ਸਿੰਘ ਭੱਲਾ ਨੇ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਇਸ ਮੌਕੇ ਸ਼੍ਰੀ ਚੁਸਪਿੰਦਰ ਸਿੰਘ ਚਹਿਲ ਨੇ ਮੀਡੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਿਰਫ ਗੱਲਾਂ ਹੀ ਨਹੀਂ ਸਗੋਂ ਪੰਜਾਬ ਸਰਕਾਰ ਵਲੋਂ ਜ਼ਮੀਨੀ ਪੱਧਰ ‘ਤੇ ਜਾ ਕੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੇ ਉੱਚ ਅਧਿਆਰੀਆਂ ਨੇ ਕਿਹਾ ਕਿ ਰਾਜ ਅੰਦਰ 31 ਮਈ ਤੱਕ ਜੇਕਰ ਕਿਸੇ ਵੀ ਅਧਿਆਰੀ ਦੇ ਇਲਾਕੇ ‘ਚੋਂ ਨਸ਼ੇ ਦੀ ਬਰਾਮਦੀ ਹੁੰਦੀ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਦੌਰਾਨ ਸ਼੍ਰੀ ਚਹਿਲ ਨੇ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਨਸ਼ੇ ਨੂੰ ਰੋਕਣ ਲਈ ਹਲਕਾ ਕੋਆਰਡੀਨੇਟਰ ਨਿਯੁਕਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਬਠਿੰਡਾ (ਸ਼ਹਿਰੀ) ਤੋਂ ਮੋਹਿੰਦਰ ਸਿੰਘ, ਬਠਿੰਡਾ (ਦਿਹਾਤੀ) ਤੋਂ ਗੁਰਸੇਵਕ ਸਿੰਘ, ਰਾਮਪੁਰਾ ਹਲਕੇ ਤੋਂ ਰਾਜਵਿੰਦਰ ਸਿੰਘ, ਭੁੱਚੋ ਮੰਡੀ ਤੋਂ ਬਲਕਾਰ ਸਿੰਘ, ਮੌੜ ਤੋਂ ਹਿੰਮਤ ਸਿੰਘ ਅਤੇ ਤਲਵੰਡੀ ਸਾਬੋ ਹਲਕੇ ਤੋਂ ਹਰਜੀਤ ਸਿੰਘ ਨੂੰ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹਾ ਕੋਆਰਡੀਨੇਟਰ ਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸੁਰੂ ਕੀਤੀ ਮੁਹਿੰਮ ਦੇ ਸਾਰਥਿਕ ਨਤੀਜ਼ੇ ਸਾਹਮਣੇ ਆ ਰਹੇ ਹਨ। ਉਨ੍ਹਾਂ ਮੀਡੀਆਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੇ ਯੋਗ ਅਗਵਾਈ ਵਾਲੀ ਸਰਕਾਰ ਦਾ ਇੱਕੋ-ਇੱਕ ਏਜੰਡਾ ਹੈ ਪੰਜਾਬ ਅੰਦਰੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨਾ।
ਉਨ੍ਹਾਂ ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਹਰ ਵਰਗ ਦੇ ਲੋਕਾਂ ਵਲੋਂ ਇਸ ਮੁਹਿੰਮ ਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ। ਚੈਅਰਮੈਨ ਸ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ 4 ਮਈ ਨੂੰ ਬਠਿੰਡਾ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਸਾਂਝੇ ਤੌਰ ‘ਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਸਹਿਯੋਗੀ ਸੰਸਥਾਵਾਂ ਵਲੋਂ ਹਿੱਸਾ ਲਿਆ ਜਾਵੇਗਾ। ਉਨ੍ਹਾਂ ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਅੰਦਰੋਂ ਨਸ਼ੇ ਦਾ ਅਲਾਮਤ ਨੂੰ ਖਤਮ ਕਰਨ ਦੇ ਲਈ ਹਰ ਗਹਿਰਾਈ ਤੱਕ ਉਤਰਿਆਂ ਜਾਵੇਗਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ/ਸ਼ਹਿਰਾਂ ਵਿੱਚ ਪੰਚਾਇਤਾਂ ਅਤੇ ਮਿਊਸੀਪਲ ਕੌਸਲਰਾਂ ਵਲੋਂ ਨਸ਼ੇ ਰੋਕੂ ਮੁਹਿੰਮ ਤਹਿਤ ਮਤੇ ਵੀ ਪਾਏ ਜਾ ਚੁੱਕੇ ਹਨ।
ਸ੍ਰੀ ਜਤਿੰਦਰ ਸਿੰਘ ਭੱਲਾ ਨੇ ਪਿੰਡਾਂ/ਸ਼ਹਿਰਾਂ ਦੇ ਹਰ ਨੌਜਵਾਨ, ਬਜ਼ੁਰਗ, ਬੱਚੇ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਦਾ ਪੂਰਨ ਸਹਿਯੋਗ ਦੇਣ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਮੁੜ ਤੋਂ ਰੰਗਲਾ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।