ਨਸ਼ਿਆਂ ਵਿਰੁੱਧ ਲੜਾਈ ਵਿੱਚ ਪੰਜਾਬ ਇੱਕ ਨਵਾਂ ਰਾਹ ਦਸੇਰਾ ਬਣ ਕੇ ਉਭਰੇਗਾ : ਸਿਹਤ ਮੰਤਰੀ
ਹਰਜਿੰਦਰ ਸਿੰਘ ਭੱਟੀ
- ਮੋਹਾਲੀ ਵਿਖੇ ਅੱਪਗ੍ਰੇਡ ਕੀਤੇ ਅਤੇ ਨਵੀਨੀਕਰਨ ਕੀਤੇ ਨਸ਼ਾ ਮੁਕਤੀ ਕੇਂਦਰ ਦਾ ਉਦਘਾਟਨ
- 100 ਬਿਸਤਰਿਆਂ ਦੀ ਸਮਰੱਥਾ, ਮੁੜ ਵਸੇਬੇ ਲਈ ਹੁਨਰ ਕੋਰਸਾਂ ਦੀ ਸ਼ੁਰੂਆਤ, ਸੀ ਐਮ ਦੀ ਯੋਗਸ਼ਾਲਾ, ਨਸ਼ਾ ਪੀੜਤਾਂ ਨੂੰ ਇਲਾਜ ਤੋਂ ਬਾਅਦ ਸਨਮਾਨਜਨਕ ਜੀਵਨ ਜਿਊਣ ਵਿੱਚ ਮਦਦ ਕਰੇਗੀ
- ਨਸ਼ਾ ਪੀੜਤਾਂ ਲਈ ਹੁਨਰ ਸਿਖਲਾਈ ਕੋਰਸ ਸ਼ੁਰੂ ਕਰਨ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚ ਸਾਥ ਦੇਣ ਲਈ ਐਮ ਪੀ ਵਿਕਰਮਜੀਤ ਸਿੰਘ ਸਾਹਨੀ ਅਤੇ ਸਨ ਫਾਊਂਡੇਸ਼ਨ ਦਾ ਧੰਨਵਾਦ ਪ੍ਰਗਟ ਕੀਤਾ
- ਨਸ਼ਾ ਪੀੜਤਾਂ ਦੇ ਇਲਾਜ ਲਈ ਪੰਜਾਬ ਨੇ ਬਿਸਤਰਿਆਂ ਦੀ ਸਮਰੱਥਾ 1500 ਤੋਂ ਵਧਾ ਕੇ 5000 ਕੀਤੀ
- ਓ ਓ ਏ ਟੀ (ਹੁਣ ਨਸ਼ਾ ਮੁਕਤੀ ਦਵਾਈ ਕੇਂਦਰ) ਕੇਂਦਰਾਂ ਦੀ ਗਿਣਤੀ 565 ਕੀਤੀ ਗਈ
ਐਸ ਏ ਐਸ ਨਗਰ, 1 ਮਈ, 2025: ਭਗਵੰਤ ਸਿੰਘ ਮਾਨ ਸਰਕਾਰ ਨੇ ਆਪਣੀ ਚੱਲ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਹਿੱਸੇ ਵਜੋਂ ਇੱਕ ਹੋਰ ਨਵਾਂ ਰਾਹ ਦਸੇਰਾ ਕਦਮ ਚੁੱਕਦੇ ਹੋਏ, ਅੱਜ ਸੈਕਟਰ 66 ਮੋਹਾਲੀ ਵਿਖੇ, ਅੱਪਗ੍ਰੇਡ ਕੀਤੇ ਅਤੇ ਨਵੀਨੀਕਰਨ ਕੀਤੇ "ਨਸ਼ਾ ਮੁਕਤੀ ਕੇਂਦਰ" ਦੀ ਸ਼ੁਰੂਆਤ ਕੀਤੀ। ਇਸ ਵਿੱਚ ਬਿਸਤਰਿਆਂ ਦੀ ਸਮਰੱਥਾ 100 ਤੱਕ ਵਧਾ ਦਿੱਤੀ ਗਈ ਹੈ ਅਤੇ ਸਨ ਫਾਊਂਡੇਸ਼ਨ ਦੀ ਮਦਦ ਨਾਲ ਹੁਨਰ ਸਿਖਲਾਈ ਕੋਰਸਾਂ ਨੂੰ ਸ਼ੁਰੂ ਕੀਤਾ ਗਿਆ ਹੈ। ਜਲਦੀ ਹੀ ਇੱਥੇ ਇੱਕ ਹੋਰ ਮੰਜ਼ਿਲ ਬਣਾ ਕੇ ਬਿਸਤਰਿਆਂ ਦੀ ਸਮਰੱਥਾ 200 ਤੱਕ ਵਧਾ ਦਿੱਤੀ ਜਾਵੇਗੀ।
ਪੰਜਾਬ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਬਲਬੀਰ ਸਿੰਘ ਨੇ ਰਾਜ ਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਸਰਪ੍ਰਸਤ, ਵਿਕਰਮਜੀਤ ਸਿੰਘ ਸਾਹਨੀ ਅਤੇ ਐਸ ਏ ਐਸ ਨਗਰ ਦੇ ਵਿਧਾਇਕ, ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਇਸ ਨਵੀਨੀਕਰਨ ਬੁਨਿਆਦੀ ਢਾਂਚੇ ਦਾ ਉਦਘਾਟਨ ਕੀਤਾ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਡਾ. ਬਲਬੀਰ ਸਿੰਘ ਨੇ ਕਿਹਾ ਕਿ 'ਆਪ' ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ ਨਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਜਲਦੀ ਹੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਦੁਨੀਆ ਭਰ ਵਿੱਚ ਇੱਕ ਮਾਰਗ ਦਰਸ਼ਕ ਮਾਡਲ ਵਜੋਂ ਉਭਰੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਵਿਸ਼ਵ ਦੀ ਸਾਂਝੀ ਸਮੱਸਿਆ ਹੈ ਅਤੇ ਹਰ ਕੋਈ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਇਸ ਤੋਂ ਛੁਟਕਾਰਾ ਪਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਭਗ ਇੱਕ ਮਹੀਨਾ ਪਹਿਲਾਂ 'ਯੁੱਧ ਨਸ਼ਿਆਂ ਵਿਰੁੱਧ' ਨਾਮ ਨਾਲ ਨਸ਼ਾ ਤਸਕਰਾਂ ਵਿਰੁੱਧ, ਭਗਵੰਤ ਸਿੰਘ ਮਾਨ ਸਰਕਾਰ ਨੇ ਫੈਸਲਾਕੁੰਨ ਜੰਗ ਛੇੜੀ ਹੈ, ਇਸ ਵਿੱਚ ਤਸਕਰਾਂ ਨੂੰ ਸਲਾਖਾਂ ਪਿੱਛੇ ਭੇਜ ਕੇ, ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਅਤੇ ਘਰ ਢਾਹੁਣ ਵਰਗੀ ਮਿਸਾਲੀ ਮੁਹਿੰਮ ਚਲਾਈ ਗਈ ਹੈ, ਜਿਸਦਾ ਸਿੱਧਾ ਪ੍ਰਭਾਵ ਸਪਲਾਈ ਚੇਨ ਨੂੰ ਖਤਮ ਕਰਨ 'ਤੇ ਪਿਆ ਹੈ। ਹੁਣ, ਸੂਬੇ ਵਿੱਚ ਨਸ਼ਿਆਂ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਬਚਾਉਣ ਲਈ, ਇਲਾਜ ਅਤੇ ਪੁਨਰਵਾਸ ਹਿੱਸੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਪੰਜਾਬ ਨੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਮੌਜੂਦਾ 1500 ਤੋਂ 5000 ਬਿਸਤਰਿਆਂ ਨੂੰ ਵਧਾ ਦਿੱਤਾ ਹੈ ਅਤੇ ਵੱਖ-ਵੱਖ ਐਨ ਜੀ ਓਜ਼ ਦੀ ਮਦਦ ਨਾਲ ਮੁੜ ਵਸੇਬਾ ਕੇਂਦਰਾਂ ਵਿੱਚ ਹੁਨਰ ਸਿਖਲਾਈ ਕੋਰਸਾਂ ਨੂੰ ਸ਼ੁਰੂ ਕੀਤਾ ਗਿਆ ਹੈ।
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਅਗਵਾਈ ਵਾਲੀ ਸਨ ਫਾਊਂਡੇਸ਼ਨ ਵੱਲੋਂ ਹੁਨਰ ਸਿਖਲਾਈ ਦੇ ਕੇ ਆਦੀ ਨੌਜਵਾਨਾਂ ਦੇ ਮੁੜ ਵਸੇਬੇ ਲਈ ਹੱਥ ਵਧਾਉਣ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਇਸ ਐਨ ਜੀ ਓ ਨੇ ਅੰਮ੍ਰਿਤਸਰ, ਜਲੰਧਰ ਅਤੇ ਅੱਜ ਮੋਹਾਲੀ ਵਿਖੇ ਸ਼ੁਰੂਆਤ ਕਰਕੇ, ਰਾਜ ਦੇ 19 ਸਰਕਾਰੀ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰਾਂ ਵਿੱਚ ਇਹ ਹੁਨਰ ਸਿਖਲਾਈ ਕੇਂਦਰ ਸਥਾਪਤ ਕਰਨ ਲਈ ਸਹਿਮਤੀ ਦਿੱਤੀ ਹੈ। ਨਸ਼ਾ ਮੁਕਤੀ ਕੇਂਦਰ ਮੋਹਾਲੀ ਵਿਖੇ ਸ਼ੁਰੂ ਕੀਤੇ ਗਏ ਕੋਰਸਾਂ/ਗਤੀਵਿਧੀਆਂ ਦੀ ਸੂਚੀ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਕੰਪਿਊਟਰ ਕੋਰਸ, ਮੋਬਾਈਲ ਰਿਪੇਅਰ ਕੋਰਸ, ਖਾਣਾ ਪਕਾਉਣ ਦਾ ਕੋਰਸ, ਇਲੈਕਟ੍ਰੀਸ਼ੀਅਨ, ਕੋਰਸ, ਜੈਵਿਕ ਸਬਜ਼ੀਆਂ ਅਤੇ ਫਲਾਂ ਦੀ ਬਾਗਬਾਨੀ, ਮਨੋਰੰਜਨ ਕਮਰਾ, ਜਿੰਮ ਅਤੇ ਖੇਡ ਖੇਤਰ ਆਦਿ ਇਸ ਦਾ ਹਿੱਸਾ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਓ.ਓ.ਏ.ਟੀ. ਸੈਂਟਰਾਂ (ਹੁਣ ਤੋਂ ਨਸ਼ਾ ਮੁਕਤੀ ਦਵਾਈ ਕੇਂਦਰ ਵਜੋਂ ਜਾਣੇ ਜਾਣਗੇ) ਦੀ ਗਿਣਤੀ ਵਧਾ ਕੇ 565 ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਸੈਂਟਰਾਂ ਰਾਹੀਂ ਦਵਾਈਆਂ ਦੀ ਵੰਡ ਦਾ ਰਿਕਾਰਡ ਡਿਜੀਟਾਈਜ਼ ਕੀਤਾ ਗਿਆ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਰੇ ਪ੍ਰਾਈਵੇਟ ਮੈਡੀਕਲ ਕਾਲਜਾਂ ਅਤੇ ਨਰਸਿੰਗ ਕਾਲਜਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ 'ਯੁੱਧ ਨਸ਼ਾ ਵਿਰੁੱਧ' ਮੁਹਿੰਮ ਦਾ ਹਿੱਸਾ ਬਣਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਮੈਡੀਕਲ ਕਾਲਜਾਂ ਨੇ ਸਰਕਾਰ ਨੂੰ ਨਸ਼ਾ ਮੁਕਤੀ ਦੇ ਇਲਾਜ ਲਈ 1200 ਸੀਟਾਂ ਦੀ ਪੇਸ਼ਕਸ਼ ਕਰਕੇ ਹਾਂ-ਪੱਖੀਹੁੰਗਾਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁੱਲ 5000 ਬਿਸਤਰਿਆਂ ਦੇ ਮੁਕਾਬਲੇ ਨਸ਼ਾ ਮੁਕਤ ਕੇਂਦਰਾਂ ਵਿੱਚ ਲਗਭਗ 2500 ਮਰੀਜ਼ ਹਨ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਗੈਰ-ਸਰਕਾਰੀ ਸੰਗਠਨ ਹਨ ਜੋ ਨਸ਼ਿਆਂ ਵਿਰੁੱਧ ਲੜਾਈ ਵਿੱਚ ਸੂਬੇ ਦੀ ਮਦਦ ਲਈ ਅੱਗੇ ਆ ਰਹੇ ਹਨ।
ਨਸ਼ਿਆਂ ਵਿਰੁੱਧ ਸਾਂਝੀ ਲੜਾਈ ਦਾ ਸੱਦਾ ਦਿੰਦੇ ਹੋਏ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਨਾਰਕੋ ਅੱਤਵਾਦ ਅਤੇ ਗੈਂਗਸਟਰਵਾਦ ਨੂੰ ਖਤਮ ਕੀਤਾ ਜਾਵੇ।
ਰਾਜ ਸਭਾ ਮੈਂਬਰ, ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਗੈਰ-ਸਰਕਾਰੀ ਸੰਸਥਾ, ਸਨ ਫਾਊਂਡੇਸ਼ਨ ਹਮੇਸ਼ਾ ਨੌਜਵਾਨਾਂ ਦੀ ਭਲਾਈ ਲਈ ਕੰਮ ਕਰੇਗੀ ਅਤੇ ਉਨ੍ਹਾਂ ਨੇ ਰਾਜ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਇਤਿਹਾਸਕ ਲੜਾਈ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਗਿਆ, ਜਿਸ ਨਾਲ ਪੀੜਤ ਨੌਜਵਾਨਾਂ ਨੂੰ ਸਿਹਤਮੰਦ ਅਤੇ ਮਾਣਮੱਤਾ ਜੀਵਨ ਜਿਊਣ ਦਾ ਮੌਕਾ ਮਿਲੇਗਾ।
ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਨਸ਼ਾ ਛੁਡਾਊ ਕੇਂਦਰ ਦੀ ਇਨ੍ਹਾਂ ਸੁਧਾਰਾਂ ਅਤੇ ਨਵੀਨੀਕਰਨ ਲਈ ਚੋਣ ਕਰਨ ਲਈ ਸਿਹਤ ਮੰਤਰੀ ਦਾ ਧੰਨਵਾਦ ਕੀਤਾ, ਜਿਸ ਨਾਲ ਇੱਥੇ ਹੁਨਰ ਸਿਖਲਾਈ ਕੋਰਸ ਸ਼ੁਰੂ ਕਰਕੇ ਬੁਨਿਆਦੀ ਢਾਂਚਾ ਅਤੇ ਹੋਰ ਨਵੀਨਤਾ ਪ੍ਰਦਾਨ ਕੀਤੀ ਗਈ ਹੈ।
ਸਿਹਤ ਮੰਤਰੀ ਨੇ ਰਾਜ ਸਭਾ ਮੈਂਬਰ ਅਤੇ ਮੋਹਾਲੀ ਦੇ ਵਿਧਾਇਕ ਦੇ ਨਾਲ, ਅਪਗ੍ਰੇਡ ਕੀਤੇ ਨਸ਼ਾ ਮੁਕਤੀ ਕੇਂਦਰ ਦਾ ਵੀ ਦੌਰਾ ਕੀਤਾ ਅਤੇ ਇੱਥੇ ਇਲਾਜ ਕਰਵਾ ਰਹੇ ਨੌਜੁਆਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਇਲਾਜ ਅਤੇ ਪੁਨਰਵਾਸ ਦਾ ਭਰੋਸਾ ਦਿੱਤਾ। ਸਾਰੇ ਪਤਵੰਤਿਆਂ ਨੇ ਕੇਂਦਰ ਵਿੱਚ ਬਣਾਏ ਗਏ ਕਿਚਨ ਗਾਰਡਨ ਵਿੱਚ ਪੌਦੇ ਵੀ ਲਗਾਏ ਤਾਂ ਜੋ ਨਸ਼ਾ ਪੀੜਤਾਂ ਨੂੰ ਸਬਜ਼ੀਆਂ ਅਤੇ ਫਲਾਂ ਦੇ ਰੁੱਖਾਂ ਨੂੰ ਨਿੱਜੀ ਤੌਰ 'ਤੇ ਗੋਦ ਲੈ ਕੇ ਉਨ੍ਹਾਂ ਦੀ ਦੇਖਭਾਲ ਕਰਨ ਦੇ ਯੋਗ ਬਣਾਇਆ ਜਾ ਸਕੇ।
ਚੇਅਰਮੈਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਰਮਨ ਬਹਿਲ, ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਘਨੌਰ, ਪ੍ਰਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਸਕੱਤਰ ਬਸੰਤ ਗਰਗ, ਏ ਡੀ ਸੀ ਸੋਨਮ ਚੌਧਰੀ ਅਤੇ ਸਿਵਲ ਸਰਜਨ ਡਾ. ਸੰਗੀਤਾ ਜੈਨ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਸ਼ਾਮਲ ਸਨ।