ਡੇਂਗੂ ਸਬੰਧੀ ਹਰੇਕ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ - ਡਾ ਊਸ਼ਾ ਗੋਇਲ
ਅਸ਼ੋਕ ਵਰਮਾ
ਬਠਿੰਡਾ, 3 ਮਈ 2025: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ,ਸਿਹਤ ਵਿਭਾਗ ਵੱਲੋਂ ਡੇਂਗੂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਜੱਚਾ ਬੱਚਾ ਹਸਪਤਾਲ ਬਠਿੰਡਾ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਊਸ਼ਾ ਗੋਇਲ ਨੇ ਲੋਕਾਂ ਨੂੰ ਡੇਂਗੂ ਦੇ ਚਿੰਨ-ਲੱਛਣ, ਕਾਰਨ ਅਤੇ ਇਸ ਤੋਂ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਡਾ. ਊਸ਼ਾ ਗੋਇਲ ਨੇ ਕਿਹਾ ਕਿ ਡੇਂਗੂ ਇੱਕ ਮੱਛਰ ਰਾਹੀਂ ਫੈਲਣ ਵਾਲੀ ਖਤਰਨਾਕ ਬਿਮਾਰੀ ਹੈ, ਜਿਸ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਸਰੀਰ ਵਿਚ ਦਰਦ, ਅੱਖਾਂ ਦੇ ਪਿੱਛੇ ਦਰਦ, ਥਕਾਵਟ, ਅਤੇ ਕਈ ਵਾਰ ਖੂਨ ਦੀ ਘਾਟ ਆਉਂਦੀ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ, ਛੱਤਾਂ ਅਤੇ ਆਲੇ ਦੁਆਲੇ ਸਾਫ-ਸੁਥਰਾ ਬਣਾਈ ਰੱਖਣ ਦੀ ਅਪੀਲ ਕੀਤੀ, ਤਾਂ ਜੋ ਡੇਂਗੂ ਪੈਦਾ ਕਰਨ ਵਾਲੇ ਐਡੀਜ਼ ਮੱਛਰਾਂ ਦੀ ਪੈਦਾ ਹੋਣ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ।ਉਨ੍ਹਾਂ ਨੇ ਲੋਕਾਂ ਨੂੰ ਸਮੇਂ-ਸਮੇਂ 'ਤੇ ਪਾਣੀ ਵਾਲੇ ਭਾਂਡਿਆਂ ਦੀ ਜਾਂਚ ਕਰਨ, ਕੁਲਰਾਂ, ਗਮਲਿਆਂ ਅਤੇ ਹੋਰ ਜਗ੍ਹਾਵਾਂ 'ਚ ਪਾਣੀ ਨਾ ਇਕੱਠਾ ਹੋਣ ਦੀ ਅਪੀਲ ਕੀਤੀ ।
ਉਹਨਾਂ ਐਲਾਨ ਕੀਤਾ ਕਿ ਅਗਲੇ ਦਿਨਾਂ ਵਿੱਚ ਵੀ ਜਿਲਾ ਬਠਿੰਡਾ ਅਧੀਨ ਇਸ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਨਿਰੰਤਰ ਚਲਾਈ ਜਾਣਗੀਆਂ ਤਾਂ ਜੋ ਲੋਕ ਡੇਂਗੂ, ਮਲੇਰੀਆ ਰੋਗਾਂ ਤੋਂ ਬਚ ਸਕਣ। ਇਸ ਮੌਕੇ ਐਸਐਮਓ ਡਾ. ਪ੍ਰੀਤ ਮਨਿੰਦਰ ਕੌਰ , ਡਿਪਟੀ ਮੀਡੀਆ ਅਫਸਰ ਸ਼੍ਰੀਮਤੀ ਮਲਕੀਤ ਕੌਰ, ਬੀ.ਈ.ਈ. ਸ਼੍ਰੀਮਤੀ ਹਰਜਿੰਦਰ ਕੌਰ, ਮਲਟੀ ਪਰਪਜ ਸਿਹਤ ਸੁਪਰਵਾਈਜ਼ਰ ਸ੍ਰੀ ਬੂਟਾ ਸਿੰਘ ਅਤੇ ਹਸਪਤਾਲ ਦਾ ਪੂਰਾ ਸਟਾਫ ਮੌਜੂਦ ਰਿਹਾ।