ਨਸ਼ੇ ਤੋਂ ਉੱਦਮਤਾ ਤੱਕ: ਪੰਜਾਬ ਸਰਕਾਰ-ਸਨ ਫਾਊਂਡੇਸ਼ਨ ਨੇ ਮੁੜ-ਵਸੇਬੇ ਦਾ ਰਾਹ ਪੱਧਰਾ ਕਰਨ ਲਈ ਮਿਲਾਇਆ ਹੱਥ
- ਸੰਸਦ ਮੈਂਬਰ ਸਾਹਨੀ ਵੱਲੋਂ ਨਸ਼ਾ ਮੁੜ-ਵਸੇਬਾ ਕੇਂਦਰਾਂ ਲਈ 1 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ
ਚੰਡੀਗੜ੍ਹ, 1 ਮਈ 2025 - ਨਸ਼ਿਆਂ ਦੀ ਲਾਹਣਤ ਦੇ ਮੁਕੰਮਲ ਖ਼ਾਤਮੇ ਲਈ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਰਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਚੱਲ ਰਹੀ ਮੁਹਿੰਮ ‘‘ਯੁੱਧ ਨਸ਼ਿਆਂ ਵਿਰੁੱਧ’’ ਦੌਰਾਨ, ਪੰਜਾਬ ਸਰਕਾਰ ਨੇ ‘ਸਨ ਫਾਊਂਡੇਸ਼ਨ’ ਨਾਲ ਭਾਈਵਾਲੀ ਕੀਤੀ ਹੈ ਤਾਂ ਜੋ ਰਾਜ ਭਰ ਦੇ ਸਾਰੇ 19 ਸਰਕਾਰੀ ਨਸ਼ਾ ਮੁੜ-ਵਸੇਬਾ ਕੇਂਦਰਾਂ ਵਿੱਚ ਹੁਨਰ ਵਿਕਾਸ ਨੂੰ ਹੋਰ ਬੜ੍ਹਾਵਾ ਦਿੱਤਾ ਜਾ ਸਕੇ। ਅੱਜ ਇੱਥੇ ਪੰਜਾਬ ਭਵਨ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ‘ਸਨ ਫਾਊਂਡੇਸ਼ਨ’ ਦੇ ਚੇਅਰਮੈਨ ਤੇ ਸੰਸਦ ਮੈਂਬਰ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੀ ਮੌਜੂਦਗੀ ਵਿੱਚ ਇੱਕ ਐਮ.ਓ.ਯੂ. ਸਹੀਬੱਧ ਕੀਤਾ ਗਿਆ।
ਇਸ ਮਹੱਤਵਪੂਰਨ ਤੇ ਨੇਕ ਕਾਰਜ ਪ੍ਰਤੀ ਆਪਣੇ ਸਮਰਪਣ ਨੂੰ ਉਜਾਗਰ ਕਰਦੇ ਹੋਏ, ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਨਸ਼ਾ ਮੁੜ-ਵਸੇਬਾ ਕੇਂਦਰਾਂ ਨੂੰ ਮਜ਼ਬੂਤ ਕਰਨ ਲਈ ਆਪਣੇ ਐਮ.ਪੀ.ਐਲ.ਏ.ਡੀ. ਫੰਡਾਂ ਵਿੱਚੋਂ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਫਾਊਂਡੇਸ਼ਨ ਵੱਲੋਂ ਹੀ ਇਨ੍ਹਾਂ ਸਕਿੱਲ ਸੈਂਟਰਾਂ ਲਈ ਸਟਾਫ ਮੁਹੱਈਆ ਕਰਵਾਇਆ ਜਾਵੇਗਾ ਅਤੇ ਰੱਖ-ਰਖਾਅ ਦਾ ਖਰਚਾ ਵੀ ਫਾਊਂਡੇਸ਼ਨ ਦਾ ਹੋਵੇਗਾ ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ੍ਰੀ ਸਾਹਨੀ ਦੇ ਇਸ ਯੋਗਦਾਨ ਨੂੰ ਸੂਬੇ ਦੀ ‘‘ਯੁੱਧ ਨਸ਼ਿਆਂ ਵਿਰੁੱਧ’’ ਪਹਿਲਕਦਮੀ ਲਈ ਮਹੱਤਵਪੂਰਨ ਦੱਸਿਆ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਸੁਹਿਰਦਤਾ ਨਾਲ ਅੱਗੇ ਆਉਣ ਲਈ ਸ੍ਰੀ ਸਾਹਨੀ ਦੀ ਸ਼ਲਾਘਾ ਕੀਤੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਨੂੰ ਉਜਾਗਰ ਕਰਦੇ ਹੋਏ, ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਤਰਜੀਹ 80-90 ਫੀਸਦ ਦੀ ਵੱਡੀ ਰੀਲੈਪਸ ਦਰ ਨਾਲ ਨਜਿੱਠਣ ’ਤੇ ਹੈ ਤਾਂ ਜੋ ਨਸ਼ਾ ਪੀੜਤਾਂ ਨੂੰ ਮਜ਼ਬੂਤ ਹੁਨਰ ਵਿਕਾਸ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਮਨੋਰੰਜਨ ਅਤੇ ਕਿੱਤਾ ਮੁਖੀ ਗਤੀਵਿਧੀਆਂ ਨਾਲ ਜੋੜ ਕੇ, ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਗਾਂਹਵਧੂ ਫੈਸਲਿਆਂ ਸਦਕਾ ਹੁਣ, ਨਸ਼ਾਖੋਰੀ ਦੇ ਸ਼ਿਕਾਰ ਲੋਕਾਂ ਨੂੰ ਕਿਸੇ ਅਪਰਾਧੀ ਦੇ ਰੂਪ ਵਿੱਚ ਨਹੀਂ ਦੇਖਿਆ ਜਾਂਦਾ ਸਗੋਂ , ਉਨ੍ਹਾਂ ਨੂੰ ਵਿਸ਼ੇਸ਼ ਮਰੀਜ਼ਾਂ ਮੰਨਦਿਆਂ ਸੁਚੱਜੀ ਦੇਖਭਾਲ ਹੇਠ ਇਲਾਜ ਕਰਵਾਇਆ ਜਾਂਦਾ ਹੈ।
ਡਾ. ਬਲਬੀਰ ਸਿੰਘ ਨੇ ਸਰਕਾਰ ਦੀ ਅਹਿਮ ਤੇ ਕਾਰਗਰ ਰਣਨੀਤੀ ਬਾਰੇ ਵੀ ਵਿਸਥਾਰ ਨਾ ਦੱਸਿਆ , ਜੋ ਕਿ ਨਾੜੀ ਰਾਹੀਂ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ, ਗੋਲੀਆਂ ਅਤੇ ਤਰਲ ਮੈਥਾਡੋਨ ਵਰਗੇ ਸੁਰੱਖਿਅਤ ਵਿਕਲਪਾਂ ਵੱਲ ਲਿਜਾਣ ’ਤੇ ਕੇਂਦ੍ਰਿਤ ਹੈ, ਤਾਂ ਜੋ ਐਚਆਈਵੀ ਅਤੇ ਹੈਪਾਟਾਈਟਸ ਸੀ ਦੇ ਫੈਲਾਅ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ, ‘‘ਮੇਰਾ ਸੁਪਨਾ ਹੁਨਰ ਵਿਕਾਸ ਦੁਆਰਾ ਨਸ਼ੇ ਦੇ ਆਦੀ ਲੋਕਾਂ ਨੂੰ ਉੱਦਮੀ ਬਣਾਉਣਾ ਹੈ,’’ ਤਾਂ ਜੋ ਉਹ ਹੋਰਨਾਂ ਵਾਂਗ ਮੁੱਖ ਧਾਰਾ ਵਿੱਚ ਆ ਕੇ ਖੁਸ਼ਾਹਲ ਜੀਵਨ ਜਿਉਂ ਸਕਣ।
ਡਾ. ਬਲਬੀਰ ਸਿੰਘ ਨੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ’ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ 1886 ਦੇ ਸ਼ਿਕਾਗੋ ਮਜ਼ਦੂਰ ਹੜਤਾਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।
‘ਸਨ ਫਾਊਂਡੇਸ਼ਨ’ ਦੇ ਚੇਅਰਮੈਨ, ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸਿਰਫ਼ ਪੰਜਾਬ ਨੂੰ ਇੱਕ ਨਸ਼ਾ-ਗ੍ਰਸਤ ਰਾਜ ਵਜੋਂ ਉਭਾਰਨ ਵਾਲੇ ਸੌੜੇ ਬਿਰਤਾਂਤਾਂ ਦਾ ਜ਼ੋਰਦਾਰ ਖੰਡਨ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਅਤੇ ਗੁਜਰਾਤ ਵਰਗੇ ਰਾਜਾਂ ਸਮੇਤ ਪੂਰਾ ਭਾਰਤ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਇਸ ਚੁਣੌਤੀ ਤੋਂ ਉਭਰਨ ਲਈ ਪੰਜਾਬ ਦੀ ਮਦਦ ਕਰਨ ਪ੍ਰਤੀ ਆਪਣੀ ‘ਦਿਲੀ ਇੱਛਾ’ ਦੀ ਪੁਸ਼ਟੀ ਕਰਦਿਆਂ ਸਾਰੇ 19 ਨਸ਼ਾ ਮੁੜ-ਵਸੇਬਾ ਕੇਂਦਰਾਂ ਨੂੰ ਚਲਾਉਣ ਲਈ ‘ਸਨ- ਫਾਊਂਡੇਸ਼ਨ’ ਦੀ ਵਚਨਬੱਧਤਾ ਦ੍ਰਿੜਾਈ। ਜ਼ਿਕਰਯੋਗ ਹੈ ਕਿ ਸਨ ਫਾਊਂਡੇਸ਼ਨ ਪਹਿਲਾਂ ਹੀ ਅੰਮ੍ਰਿਤਸਰ, ਜਲੰਧਰ ਅਤੇ ਮੋਹਾਲੀ ਵਿੱਚ ਤਿੰਨ ਅਜਿਹੇ ਕੇਂਦਰਾਂ ਦਾ ਸਫਲਤਾਪੂਰਵਕ ਪ੍ਰਬੰਧਨ ਕਰ ਰਿਹਾ ਹੈ।
ਸ਼੍ਰੀ ਸਾਹਨੀ ਨੇ ਕਿਹਾ ਕਿ ‘ਸਨ- ਫਾਊਂਡੇਸ਼ਨ’ ਕੇਂਦਰਾਂ ਵਿੱਚ ਮਨੋਰੰਜਨ, ਪ੍ਰੇਰਣਾਦਾਇਕ ਅਤੇ ਅਧਿਆਤਮਿਕ ਗਤੀਵਿਧੀਆਂ ਨੂੰ ਲਾਗੂ ਕਰੇਗਾ । ਇਸ ਤੋਂ ਇਲਾਵਾ ਖੇਡਾਂ, ਯੋਗਾ, ਸੰਗੀਤ, ਗੁਰਬਾਣੀ, ਟੈਲੀਵਿਜ਼ਨ ਨਾਲ ਲੈਸ ਮਨੋਰੰਜਨ ਕਮਰੇ ਅਤੇ ਕਾਊਂਸÇਲੰਗ ਦੀ ਸਹੂਲਤ ਵੀ ਹੋਵੇਗੀ। ਇਸ ਦੇ ਨਾਲ ਹੀ ਜੈਵਿਕ ਖੇਤੀ, ਪਲੰਬਿੰਗ, ਬਿਜਲੀ ਦਾ ਕੰਮ, ਮੋਬਾਈਲ ਮੁਰੰਮਤ ਅਤੇ ਰਸੋਈ ਵਰਗੇ ਖੇਤਰਾਂ ਵਿੱਚ ਵਿਅਕਤੀਆਂ ਨੂੰ ਹੁਨਰਮੰਦ ਬਣਾਉਣ ’ਤੇ ਜ਼ੋਰ ਦਿੱਤਾ ਜਾਵੇਗਾ। ਇਲਾਜ ਤੋਂ ਬਾਅਦ ਪੀੜਤਾਂ ਲਈ ਰੋਜ਼ੀ-ਰੋਟੀ ਸੁਰੱਖਿਅਤ ਕਰਨ ਅਤੇ ਦੁਬਾਰਾ ਹੋਣ ਵਾਲੇ ਜੋਖਮਾਂ ਨੂੰ ਘਟਾਉਣ ਲਈ ਸਸ਼ਕਤ ਬਣਾਇਆ ਜਾਵੇਗਾ।
ਇਸ ਮੌਕੇ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ- ਕਮ- ਨੋਡਲ ਅਫ਼ਸਰ ਨਸ਼ਾ ਵਿਰੋਧੀ ਮੁਹਿੰਮ ਬਸੰਤ ਗਰਗ, ਡਾਇਰੈਕਟਰ ਡਾ. ਹਿਤਿੰਦਰ ਕੌਰ, ਸਹਾਇਕ ਡਾਇਰੈਕਟਰ ਡਾ. ਸੰਦੀਪ ਭੋਲਾ ਅਤੇ ਹੋਰ ਸੀਨੀਅਰ ਸਿਹਤ ਅਧਿਕਾਰੀ ਵੀ ਮੌਜੂਦ ਸਨ।