← ਪਿਛੇ ਪਰਤੋ
ਬਠਿੰਡਾ ਪੁਲਿਸ ਵੱਲੋਂ ਅੱਧਾ ਕਿੱਲੋਂ ਚਿੱਟੇ ਸਮੇਤ ਦੋ ਨਸ਼ਾ ਤਸਕਰ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 3ਮਈ2025:ਬਠਿੰਡਾ ਪੁਲਿਸ ਨੇ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁਧ ਕਾਰਵਾਈ ਕਰਦਿਆਂ ਅੱਜ ਅੱਧਾ ਕਿੱਲੋ ਤੋਂ ਵੱਧ ਚਿੱਟੇ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਕਾਨੂੰਨ ਅਨੁਸਾਰ ਵਪਾਰਿਕ ਮਾਤਰਾ ਹੈ। ਅੱਜ ਐਸਪੀ ਸਿਟੀ ਨਰਿੰਦਰ ਸਿੰਘ ਨੇ ਪੁਲਿਸ ਨੂੰ ਮਿਲੀ ਇਸ ਸਫਲਤਾ ਦਾ ਖੁਲਾਸਾ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੇ ਸਰਹਿੰਦ ਨਹਿਰ ਦੇ ਨਜ਼ਦੀਕ ਦੋ ਸ਼ੱਕੀ ਮੋਟਰਸਾਈਕਲ ਸਵਾਰਾਂ ਦੇ ਬੈਗ ਦੀ ਤਲਾਸ਼ ਲਈ ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ 513 ਗ੍ਰਾਮ ਸੀ। ਮੁਲਜਮਾਂ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਬੱਬੂ ਪੁੱਤਰ ਕਾਕਾ ਸਿੰਘ ਵਾਸੀਅਨ ਬੀੜ ਤਲਾਬ ਵਜੋਂ ਕੀਤੀ ਗਈ ਹੈ। ਐਸਪੀ ਨੇ ਦੱਸਿਆ ਕਿ ਮੁਲਜਮਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੌਰਾਨ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਮੁਲਜਮ ਹੈਰੋਇਨ ਕਿਸ ਤੋਂ ਲਿਆਏ ਸਨ ਅਤੇ ਅੱਗੇ ਕਿੰਨ੍ਹਾਂ ਨੂੰ ਵੇਚਣੀ ਸੀ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ ਬੱਬੂ ਪੁੱਤਰ ਕਾਕਾ ਸਿੰਘ ਖਿਲਾਫ ਥਾਣਾ ਸਿਟੀ ਡੱਬਵਾਲੀ ਵਿਖੇ ਪਹਿਲਾਂ ਵੀ ਮੁਕੱਦਮਾ ਦਰਜ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਬੇਰੁਜ਼ਗਾਰ ਹਨ। ਐਸਪੀ ਸਿਟੀ ਨੇ ਪੁਰਜ਼ੋਰ ਅਪੀਲ ਕੀਤੀ ਕਿ ਨਸ਼ਿਆਂ ਦੇ ਕੋਹੜ ਨੂੰ ਜੜੋ ਖਤਮ ਕਰਨ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ੇ ਦਾ ਧੰਦਾ ਕਰਦਾ ਹੈ ਤਾਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ਜਾਂ ਬਠਿੰਡਾ ਪੁਲਿਸ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 91155-02252 ਤੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਹਿਚਾਣ ਗੁਪਤ ਰੱਖੀ ਜਾਵੇਗੀ।
Total Responses : 474