← ਪਿਛੇ ਪਰਤੋ
Babushahi Special: ਸਿਆਸੀ ਧੋਬੀ ਪਟਕਾ: ‘ਸ਼ਰੀਕ ਉੱਜੜਿਆ ਵਿਹੜਾ ਮੋਕਲਾ’ ਕਰਨ ’ਚ ਸਫਲ ਰਹੀ ਨਗਰ ਨਿਗਮ ’ਚ ਹਾਕਮ ਧਿਰ
ਅਸ਼ੋਕ ਵਰਮਾ
ਬਠਿੰਡਾ, 2 ਮਈ2025:ਨਗਰ ਨਿਗਮ ਬਠਿੰਡਾ ਦੇ ਜਰਨਲ ਹਾਊਸ ਦੀ ਮੀਟਿੰਗ ਦੌਰਾਨ ਅੱਜ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਖਿਲਾਫ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ। ਜਰਨਲ ਹਾਊਸ ’ਚ ਹਾਜਰ 40 ਕੌਂਸਲਰਾਂ ਚੋਂ 30 ਨੇ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟਾਂ ਪਾਈਆਂ ਜਦੋਂਕਿ 10 ਕੌਂਸਲਰ ਮਤੇ ਦੇ ਵਿਰੋਧ ਵਿੱਚ ਭੁਗਤੇ ਹਨ। ਨਗਰ ਨਿਗਮ ਦੇ ਇਤਿਹਾਸ ਵਿੱਚ ਇਹ ਇੱਕ ਰਿਕਾਰਡ ਹੀ ਹੈ ਕਿ ਸਾਲ 2021 ਵਿੱਚ 50 ਚੋਂ 43 ਵਾਰਡਾਂ ਵਿੱਚ ਚੋਣ ਜਿੱਤਕੇ ਨਗਰ ਨਿਗਮ ਵਿੱਚ ਸਪਸ਼ਟ ਹੀ ਨਹੀਂ ਬਲਕਿ ਬੰਪਰ ਬਹੁਮੱਤ ਹਾਸਲ ਕਰਨ ਵਾਲੀ ਕਾਂਗਰਸ ਦੇ ਹੱਕ ਵਿੱਚ ਅੱਜ ਸਿਰਫ 10 ਕੌਂਸਲਰ ਹੀ ਰਹਿ ਗਏ ਹਨ। ਇਹੋ ਕਾਰਨ ਹੈ ਕਿ ਕਾਂਗਰਸ ਪਾਰਟੀ ਨੂੰ ਅੱਜ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਹੱਤਵਪੂਰਨ ਇਹ ਵੀ ਹੈ ਕਿ ਅਸ਼ੋਕ ਪ੍ਰਧਾਨ ਦੀ ਮੁੱਛ ਦਾ ਵਾਲ ਮੰਨੇ ਜਾਂਦੇ ਕੌਂਸਲਰਾਂ ਨੇ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ। ਗੱਲ ਇੱਥੇ ਹੀ ਨਹੀਂ ਰੁਕੀ ਕਾਂਗਰਸ ਦੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਅਤੇ ਸ਼ੁਰੂਆਤੀ ਦੌਰ ਦੌਰਾਨ ਮੇਅਰ ਦੀ ਕੁਰਸੀ ਦੀ ਦਾਅਵੇਦਾਰ ਮੰਨੀ ਜਾਂਦੀ ਸੀਨੀਅਰ ਕਾਂਗਰਸੀ ਆਗੂ ਪਵਨ ਮਾਨੀ ਦੀ ਪਤਨੀ ਪ੍ਰਵੀਨ ਗਰਗ ਸਮੇਤ 10 ਕੌਂਸਲਰ ਹਾਊਸ ਮੀਟਿੰਗ ਚੋਂ ਗੈਰ ਹਾਜ਼ਰ ਰਹੇ। ਵਿਧਾਇਕ ਜਗਰੂਪ ਗਿੱਲ ਨੇ ਅੱਜ ਮੀਟਿੰਗ ਤੋਂ ਦੂਰੀ ਰੱਖੀ ਜਦੋਂਕਿ ਮੇਅਰ ਦੀ ਚੋਣ ਮੌਕੇ ਉਨ੍ਹਾਂ ਆਪਣੀ ਪਾਰਟੀ ਦਾ ਵਿਰੋਧ ਕੀਤਾ ਅਤੇ ਰਮਨ ਗੋਇਲ ਨੂੰ ਹਟਾਉਣ ਮੌਕੇ ਵਿਧਾਇਕ ਅਤੇ ਆਪ ਕੌਂਸਲਰ ਨਿਰਪੱਖ ਰਹੇ ਸਨ। ਪਾਰਟੀ ਦੀ ਇਹ ਦੁਰਗਤੀ ਜਰਨਲ ਸਕੱਤਰ ਸੰਦੀਪ ਸੰਧੂ ਅਤੇ ਕਾਂਗਰਸੀ ਆਗੂ ਹਰਦਿਆਲ ਕੰਬੋਜ ਵੱਲੋਂ ਏਕਤਾ ਦਾ ਪਾਠ ਪੜ੍ਹਾਉਣ ਦੇ ਬਾਵਜੂਦ ਹੋਈ ਹੈ। ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਤਾਂ ਨਗਰ ਨਿਗਮ ’ਚ ਬਚੀ ਕਾਂਗਰਸ ਦੀ ਇੱਕੋ ਇੱਕ ਕੁਰਸੀ ਬਚਾਉਣ ਲਈ ਸਿਰ ਧੜ ਦੀ ਬਾਜੀ ਲਾ ਦਿੱਤੀ ਸੀ ਪਰ ਆਪਣਿਆਂ ਵੱਲੋਂ ਸਾਥ ਨਾਂ ਦੇਣ ਕਾਰਨ ਸਫਲਤਾ ਨਾਂ ਮਿਲ ਸਕੀ। ਹਾਲਾਂਕਿ ਇਹ ਪਹਿਲੀ ਨਜ਼ਰੇ ਹਾਰ ਕਾਂਗਰਸ ਦੀ ਜਾਪਦੀ ਹੈ ਪਰ ਸਿਆਸੀ ਮਾਹਿਰਾਂ ਨੇ ਇਸ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਮੇਅਰ ਲੜਕੇ ਪਦਮਜੀਤ ਮਹਿਤਾ ਦੇ ਸਿਆਸੀ ਦਾਅ ਪੇਚਾਂ ਦਾ ਨਤੀਜਾ ਦੱਸਿਆ ਹੈ। ਦਰਅਸਲ ਨਗਰ ਨਿਗਮ ਵਿੱਚ ਕਾਂਗਰਸ ਦੇ ਮਾੜੇ ਦਿਨ ਉਦੋਂ ਸ਼ੁਰੂ ਹੋਏ ਜਦੋਂ ਸਾਲ 2021 ਵਿੱਚ ਜਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਮੇਅਰ ਰਮਨ ਗੋਇਲ ਨੂੰ ਹਟਾਇਆ ਗਿਆ ਸੀ। ਰਮਨ ਗੋਇਲ ਨੂੰ ਹਟਾਉਣ ਖਿਲਾਫ ਕਾਂਗਰਸ ਵਿੱਚ ਬਗਾਵਤ ਹੋ ਗਈ ਤੇ ਕਰੀਬ ਇੱਕ ਦਰਜਨ ਕੌਂਸਲਰ ਮਨਪ੍ਰੀਤ ਬਾਦਲ ਨਾਲ ਚਲੇ ਗਏ ਜਿੰਨ੍ਹਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ। ਅੱਧੀ ਦਰਜਨ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਇਸ ਦੇ ਬਾਵਜੂਦ ਕਾਂਗਰਸ 26 ਕੌਂਸਲਰਾਂ ਦੀ ਹਮਾਇਤ ਦਾ ਦਾਅਵਾ ਕਰ ਰਹੀ ਸੀ ਪਰ ਗਿਣਤੀ 12 ਤੱਕ ਵੀ ਨਾਂ ਪੁੱਜੀ ਜਿਸ ਨੇ ਸਾਫ ਕਰ ਦਿੱਤਾ ਕਿ ਪਾਰਟੀ ਆਪਣੀ ਪਕੜ ਗੁਆ ਚੁੱਕੀ ਹੈ। ਦਿਨੋ ਦਿਨ ਪਿੱਛੇ ਗਈ ਕਾਂਗਰਸ ਰੌਚਕ ਤੱਥ ਇਹ ਵੀ ਹੈ ਕਿ ਨਗਰ ਨਿਗਮ ਵਿੱਚ ਅੰਦਰੂਨੀ ਫੁੱਟ ਕਾਰਨ ਕਾਂਗਰਸ ਦਿਨੋ ਦਿਨ ਪਿੱਛੇ ਹੀ ਜਾਂਦੀ ਰਹੀ। ਲੰਘੀ ਫਰਵਰੀ ਵਿੱਚ ਮੇਅਰ ਦੀ ਚੋਣ ਮੌਕੇ ਵਿਧਾਇਕ ਜਗਰੂਪ ਗਿੱਲ ਵੱਲੋਂ ਆਪਣੀ ਹੀ ਪਾਰਟੀ ਦੇ ਉਮੀਦਵਾਰ ਪਦਮਜੀਤ ਮਹਿਤਾ ਦਾ ਤਿੱਖਾ ਵਿਰੋਧ ਕਰਨ ਦੇ ਬਾਵਜੂਦ ਕਾਂਗਰਸੀ ਉਮੀਦਵਾਰ ਨੂੰ 15 ਵੋਟਾਂ ਹੀ ਪੈ ਸਕੀਆਂ ਸਨ ਜੋ ਹੁਣ ਦੋ ਮਹੀਨਿਆਂ ’ਚ ਘਟਕੇ 10 ਹੀ ਰਹਿ ਗਈਆਂ ਹਨ। ਸਿਆਸੀ ਮਾਹਿਰਾਂ ਨੇ ਇਸ ਲਈ ਕਾਂਗਰਸ ਲੀਡਰਸ਼ਿਪ ’ਚ ਜਿੰਮੇਵਾਰ ਠਹਿਰਾਇਆ ਹੈ ਜੋ ਆਪਣੀ ਪਾਰਟੀ ਦੇ ਕੌਂਸਲਰਾਂ ਨੂੰ ਸੰਭਾਲਣ ਵਿੱਚ ਅਸਫਲ ਰਹੀ ਹੈ। ਜਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਮੌਕੇ ਤੇ ਇੱਕ ਕੌਂਸਲਰ ਵੱਲੋਂ ਪਾਸਾ ਵੱਟਣ ਕਾਰਨ ਤਿੰਨ ਹੋਰਨਾਂ ਨੇ ਵੀ ਦੂਰੀ ਬਣ ਲਈ ਨਹੀਂ ਤਾਂ ਮਤੇ ਤੇ ਜਿੱਤ ਹੋ ਜਾਣੀ ਸੀ। ਨਗਰ ਨਿਗਮ ’ਚ ਸੂਪੜਾ ਸਾਫ ਕਾਂਗਰਸ ਪਾਰਟੀ ਦਾ ਨਗਰ ਨਿਗਮ ਦੀ ਸੱਤਾ ਤੋਂ ਸੂਪੜਾ ਸਾਫ ਹੋ ਗਿਆ ਹੈ। ਸਭ ਤੋਂ ਪਹਿਲਾਂ ਪਾਰਟੀ ਦੀ ਅੰਦਰੂਨੀ ਜੰਗ ਨੇ ਮੇਅਰ ਦਾ ਅਹੁਦਾ ਗੁਆਇਆ ਤਾਂ ਮਗਰੋਂ ਡਿਪਟੀ ਮੇਅਰ ਦੇ ਅਹੁਦੇ ਤੋਂ ਇਲਾਵਾ ਫਾਇਨਾਂਸ ਐਂਡ ਕੰਟਰੈਕਟ ਕਮੇਟੀ ਦੇ ਦੋ ਮੈਂਬਰਾਂ ਨੂੰ ਬਾਹਰ ਹੋਣਾ ਪਿਆ। ਇਸ ਤੋਂ ਪਹਿਲਾਂ ਕਾਂਗਰਸ ਕੋਲ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਹੀ ਬਚਿਆ ਸੀ ਉਹ ਵੀ ਅੱਜ ਚਲਾ ਗਿਆ ਹੈ। ਇੱਕ ਕਾਂਗਰਸੀ ਕੌਂਸਲਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਉਨ੍ਹਾਂ ਨੇ ਪਾਰਟੀ ਆਗੂਆਂ ਮਹੌਲ ਕਾਂਗਰਸ ਖਿਲਾਫ ਹੋਣ ਕਾਰਨ ਅਸਤੀਫੇ ਦੀ ਸਲਾਹ ਦਿੱਤੀ ਸੀ ਪਰ ਗੱਲ ਮੰਨੀ ਨਹੀਂ ਗਈ ਜਿਸ ਦਾ ਨਤੀਜਾ ਸਾਹਮਣੇ ਹੈ। ਸ਼੍ਰੀਮਤੀ ਰਮਨ ਗੋਇਲ ਬਾਗੋ ਬਾਗ ਨਗਰ ਨਿਗਮ ਬਠਿੰਡਾ ਵਿੱਚ ਅੱਜ ਵਾਪਰੇ ਘਟਨਾਕ੍ਰਮ ਤੋਂ ਬਾਅਦ ਸਾਬਕਾ ਮੇਅਰ ਸ਼ੀਮਤੀ ਰਮਨ ਗੋਇਲ ਸਭ ਤੋਂ ਵੱਧ ਖੁਸ਼ ਨਜ਼ਰ ਆਈ ਜੋ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੌੜੀਆਂ ਚੜ੍ਹਨ ਮੌਕੇ ਉਨ੍ਹਾਂ ਦੇ ਚਿਹਰੇ ਤੋਂ ਸਾਫ ਨਜ਼ਰ ਆ ਰਹੀ ਸੀ। ਬੇਭਰੋਸਗੀ ਮਤਾ ਪਾਸ ਹੋਣ ਤੋਂ ਬਾਅਦ ਜਦੋਂ ਕੌਂਸਲਰਾਂ ਨੇ ਮੇਅਰ ਪਦਮਜੀਤ ਮਹਿਤਾ ਨਾਲ ਸਾਂਝੀ ਫੋਟੋ ਕਰਵਾਈ ਤਾਂ ਉਸ ਵਕਤ ਸ਼੍ਰੀਮਤੀ ਸਮਨ ਗੋਇਲ ਮੇਅਰ ਦੇ ਨਾਲ ਬੈਠੇ ਹੋਏ ਸਨ। ਸਾਬਕਾ ਮੇਅਰ ਦੇ ਇੱਕ ਨਜ਼ਦੀਕੀ ਆਗੂ ਨੇ ਮੰਨਿਆ ਕਿ ਕਾਂਗਰਸ ਨੂੰ ਕਿਸੇ ਬਾਹਰਲੇ ਨੇ ਨਹੀਂ ਬਲਕਿ ਪਾਰਟੀ ਦੇ ਸੀਨੀਅਰ ਆਗੂਆਂ ਦੀਆਂ ਮਾੜੀਆਂ ਨੀਤੀਆਂ ਨੇ ਇਸ ਥਾਂ ਲਿਆ ਖੜ੍ਹਾਇਆ ਹੈ।
Total Responses : 210