ਪੰਜਾਬ ਵਿਧਾਨ ਸਭਾ ’ਚ ਬੇਅਦਬੀ ਬਿਲ ਪੇਸ਼, ਕੱਲ੍ਹ ਹੋਵੇਗੀ ਬਹਿਸ
ਚੰਡੀਗੜ੍ਹ, 14 ਜੁਲਾਈ 2025:
ਪੰਜਾਬ ਵਿਧਾਨ ਸਭਾ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀ ਰੋਕੂ ਬਿਲ ਪੇਸ਼ ਕੀਤਾ ਗਿਆ। ਇਸ ਬਿਲ ਦਾ ਮਕਸਦ ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਅਤੇ ਧਾਰਮਿਕ ਸਥਾਨਾਂ ਦੀ ਬੇਅਦਬੀ ਰੋਕਣਾ ਹੈ।
ਵਿਧਾਨ ਸਭਾ ਵਿੱਚ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਕਿ ਬੇਅਦਬੀ ਬਿਲ ’ਤੇ ਵਿਸਥਾਰ ਵਿੱਚ ਚਰਚਾ ਲਈ ਕੱਲ੍ਹ ਸਮਾਂ ਰੱਖਿਆ ਜਾਵੇ। ਮੁੱਖ ਮੰਤਰੀ ਮਾਨ ਨੇ ਪ੍ਰਤਾਪ ਬਾਜਵਾ ਦੀ ਗੱਲ ਨਾਲ ਸਹਿਮਤੀ ਜਤਾਈ ਅਤੇ ਐਲਾਨ ਕੀਤਾ ਕਿ ਕੱਲ੍ਹ ਇਸ ਮਹੱਤਵਪੂਰਨ ਬਿਲ ’ਤੇ ਵਿਸਥਾਰ ਵਿੱਚ ਬਹਿਸ ਕਰਵਾਈ ਜਾਵੇਗੀ।
ਇਹ ਬਿੱਲ ਕਿਸੇ ਵੀ ਧਰਮ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਵਿਵਸਥਾ ਕਰਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕਦਮ ਧਾਰਮਿਕ ਸਹਿਣਸ਼ੀਲਤਾ ਨੂੰ ਮਜ਼ਬੂਤ ਕਰਨ ਅਤੇ ਕਿਸੇ ਵੀ ਕਿਸਮ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਘਟਨਾਕ੍ਰਮਾਂ ਨੂੰ ਰੋਕਣ ਵੱਲ ਉਠਾਇਆ ਗਿਆ ਹੈ।