ਚੰਡੀਗੜ੍ਹ ਯੂਨੀਵਰਸਿਟੀ 'ਚ ਹੰਸ ਰਾਜ ਹੰਸ ਦਾ ਨਵਾਂ ਗੀਤ 'ਆਜਾ ਦੋਵੇਂ ਨੱਚੀਏ' ਲਾਂਚ; ਕਈ ਦਿੱਗਜ ਸ਼ਖਸੀਅਤਾਂ ਨੇ ਲਾਈ ਹਾਜ਼ਰੀ
ਸੂਫ਼ੀ ਗਾਇਕ ਹੰਸ ਰਾਜ ਹੰਸ ਅਤੇ ਯੁਵਰਾਜ ਹੰਸ ਦੀ ਜੁਗਲਬੰਦੀ ਨਾਲ ਸਜਿਆ 'ਆਜਾ ਦੋਵੇਂ ਨੱਚੀਏ', ਚੰਡੀਗੜ੍ਹ ਯੂਨੀਵਰਸਿਟੀ 'ਚ ਹੋਇਆ ਸਮਾਰੋਹ
ਚੰਡੀਗੜ੍ਹ, 29 ਜੁਲਾਈ 2026: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਬੁਧਵਾਰ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਪ੍ਰਸਿੱਧ ਸੂਫ਼ੀ ਅਤੇ ਲੋਕ ਗਾਇਕ ਹੰਸ ਰਾਜ ਹੰਸ ਦੇ ਨਵੇਂ ਪੰਜਾਬੀ ਗੀਤ ‘ਆਜਾ ਦੋਵੇਂ ਨੱਚੀਏ’ ਦਾ ਇੱਕ ਬਹੁਤ ਸ਼ਾਨਦਾਰ ਸਮਾਰੋਹ ਦੌਰਾਨ ਲਾਂਚ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ, ਸੰਗੀਤ ਪ੍ਰੇਮੀਆਂ ਅਤੇ ਵੱਖ-ਵੱਖ ਖੇਤਰਾਂ ਤੋਂ ਆਈਆਂ ਮੁੱਖ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਰੰਗਾ-ਰੰਗ ਸਮਾਰੋਹ ਦੌਰਾਨ ਪਦਮਸ਼੍ਰੀ ਹੰਸ ਰਾਜ ਹੰਸ ਦੇ ਨਾਲ ਉਨ੍ਹਾਂ ਦੇ ਬੇਟੇ ਅਤੇ ਚਰਚਿਤ ਗਾਇਕ ਯੁਵਰਾਜ ਹੰਸ ਤੇ ਨਵਰਾਜ ਹੰਸ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਨ੍ਹਾਂ ਤੋਂ ਇਲਾਵਾ ਪੰਜਾਬੀ ਸੰਗੀਤ ਅਤੇ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ ਸ਼ਮਸ਼ੇਰ ਸਿੰਘ ਸੰਧੂ, ਪ੍ਰਸਿੱਧ ਸੰਗੀਤਕਾਰ ਜੋੜੀ 'ਦੇਸੀ ਕਰੂ' (Desi Crew), ਗਾਇਕ ਹਰਪ੍ਰੀਤ ਸੇਖੋਂ, ਗੁਰਲੇਜ ਅਖਤਰ, ਬੌਬੀ ਬਾਜਵਾ ਸਮੇਤ ਇਸ ਗੀਤ ਦੀ ਪੂਰੀ ਟੀਮ ਅਤੇ ਹੋਰ ਕਈ ਕਲਾਕਾਰਾਂ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਰੌਣਕ ਨੂੰ ਵਧਾਇਆ।
ਪ੍ਰੋਗਰਾਮ ਦੌਰਾਨ ਗੀਤ ਨਾਲ ਜੁੜੇ ਕਲਾਕਾਰਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ 'ਆਜਾ ਦੋਵੇਂ ਨੱਚੀਏ' ਗੀਤ ਪੰਜਾਬੀ ਦੇ ਰਵਾਇਤੀ ਲੋਕ ਸੰਗੀਤ ਅਤੇ ਅੱਜ ਦੇ ਆਧੁਨਿਕ ਸੰਗੀਤਕ ਰੰਗ ਦਾ ਇੱਕ ਬਹੁਤ ਹੀ ਖ਼ੂਬਸੂਰਤ ਸੁਮੇਲ ਹੈ। ਇਹ ਗੀਤ ਹਰ ਉਮਰ ਦੇ ਸਰੋਤਿਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਸਮਾਰੋਹ ਦੌਰਾਨ ਹੰਸ ਰਾਜ ਹੰਸ ਅਤੇ ਯੁਵਰਾਜ ਹੰਸ ਦੀ ਗਾਇਕੀ ਦੀ ਜੁਗਲਬੰਦੀ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਸਭ ਨੇ ਇਸ ਦੀ ਭਰਪੂਰ ਸ਼ਲਾਘਾ ਕੀਤੀ।
ਗੀਤ ਦੇ ਲਾਂਚ ਦੌਰਾਨ ਇਸ ਦੀ ਪਹਿਲੀ ਜਨਤਕ ਝਲਕ (ਸਕ੍ਰੀਨਿੰਗ) ਪੇਸ਼ ਕੀਤੀ ਗਈ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਉੱਥੇ ਮੌਜੂਦ ਹੋਰ ਦਰਸ਼ਕਾਂ ਨੇ ਜ਼ੋਰਦਾਰ ਤਾਲੀਆਂ ਦੀ ਗੂੰਜ ਨਾਲ ਗੀਤ ਦਾ ਸਵਾਗਤ ਕੀਤਾ। ਪ੍ਰੋਗਰਾਮ ਦੇ ਅਗਲੇ ਪੜਾਅ ਵਿੱਚ ਕਲਾਕਾਰਾਂ ਨੇ ਵਿਦਿਆਰਥੀਆਂ ਅਤੇ ਮੀਡੀਆ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਹੰਸ ਰਾਜ ਹੰਸ ਨੇ ਪੰਜਾਬੀ ਸੰਗੀਤ ਦੀ ਅਮੀਰ ਵਿਰਾਸਤ, ਇਸ ਦੀ ਮਹੱਤਤਾ ਅਤੇ ਇਸ ਨੂੰ ਨਵੀਂ ਪੀੜ੍ਹੀ ਤੱਕ ਸਹੀ ਰੂਪ ਵਿੱਚ ਪਹੁੰਚਾਉਣ ਦੀ ਲੋੜ 'ਤੇ ਆਪਣੇ ਵਿਚਾਰ ਸਾਂਝੇ ਕੀਤੇ।
ਚੰਡੀਗੜ੍ਹ ਯੂਨੀਵਰਸਿਟੀ ਦੇ 'ਡਿਪਾਰਟਮੈਂਟ ਓਫ ਡੀ.ਏ.ਸੀ.ਏ.' (DACA) ਦੇ ਸੈਮੀਨਾਰ ਹਾਲ ਵਿੱਚ ਆਯੋਜਿਤ ਇਸ ਸਮਾਰੋਹ ਵਿੱਚ ਸਿੱਖਿਆ, ਸੰਗੀਤ, ਫ਼ਿਲਮ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਕਈ ਮੋਹਰੀ ਸ਼ਖਸੀਅਤਾਂ ਸ਼ਾਮਲ ਹੋਈਆਂ। ਪੂਰੇ ਪ੍ਰੋਗਰਾਮ ਦੌਰਾਨ ਇੱਕ ਵੱਖਰਾ ਹੀ ਉਤਸ਼ਾਹ ਅਤੇ ਪੰਜਾਬੀ ਸੱਭਿਆਚਾਰਕ ਰੰਗ ਦੇਖਣ ਨੂੰ ਮਿਲਿਆ, ਜਿਸ ਨੇ ਸਭ ਦਾ ਮਨ ਮੋਹ ਲਿਆ।
- Download Babushahi App
-
-