ਅਧਿਆਪਕ ਤਾਲਮੇਲ ਕਮੇਟੀ ਬਠਿੰਡਾ ਵੱਲੋਂ 21 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 19 ਅਕਤੂਬਰ 2026 : ਅਧਿਆਪਕ ਤਾਲਮੇਲ ਕਮੇਟੀ ਬਠਿੰਡਾ ਦੀ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਗਈ ਜਿਸ ਵਿੱਚ ਮੁੱਖ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ , ਮਹਿੰਗਾਈ ਭੱਤੇ (ਡੀਏ) ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ, ਐਸੋਸੀਏਟ ਅਧਿਆਪਕਾਂ - ਕੰਪਿਊਟਰ ਅਧਿਆਪਕਾਂ - ਸਪੈਸ਼ਲ ਐਜੂਕੇਟਰ ਅਤੇ ਐਨ. ਐਸ. ਕਿਊ. ਐਫ. ਅਧਿਆਪਕਾਂ , ਮੈਰੀਟੋਰੀਅਸ ਸਕੂਲ ਸਟਾਫ਼ ਨੂੰ ਵਿਭਾਗ ਵਿੱਚ ਪੂਰੇ ਸਕੇਲ ਦਿਲਵਾਉਣਾ, 15-01-2015 ਅਤੇ 17-07-2020 ਦੇ ਤਨਖ਼ਾਹ ਘਟਾਉਣ ਵਾਲੇ ਮਾਰੂ ਪੱਤਰਾਂ ਨੂੰ ਰੱਦ ਕਰਵਾਉਣਾ, ਪੈਨਸ਼ਨਰਾਂ ਉੱਪਰ 2.59 ਦਾ ਗੁਣਾਂਕ ਲਾਗੂ ਕਰਵਾਉਣਾ, ਮਿੱਡ ਡੇ ਮੀਲ ਕੁੱਕਾਂ ਉੱਪਰ ਘੱਟੋ ਘੱਟ ਉਜਰਤਾ ਦਾ ਕਾਨੂੰਨ ਲਾਗੂ ਕਰਵਾਉਣਾ, ਆਦਰਸ਼ ਸਕੂਲ ਦੇ ਟੀਚਰ ਅਤੇ ਉਹਨਾਂ ਦੇ ਅਹੁਦੇ ਬਹਾਲ ਕਰਵਾਉਣਾ ਆਦਿ ਦੀ ਪ੍ਰਾਪਤੀ ਲਈ ਵਿਚਾਰ ਚਰਚਾ ਕਰਦੇ ਹੋਏ ਸਰਵਸੰਮਤੀ ਨਾਲ ਸਾਂਝੀ ਮੁਲਾਜ਼ਮ ਅਤੇ ਪੈਨਸ਼ਨਰ ਤਾਲਮੇਲ ਕਮੇਟੀ ਦੇ ਫੈਂਸਲੇ ਨੂੰ ਲਾਗੂ ਕਰਨ ਦਾ ਫੈਂਸਲਾ ਕੀਤਾ ਗਿਆ |
ਆਗੂਆਂ ਨੇ ਦੱਸਿਆ ਕਿ 21 ਅਕਤੂਬਰ ਨੂੰ ਜ਼ਿਲ੍ਹਾ ਬਠਿੰਡਾ ਦੇ ਸਮੂਹ ਸਕੂਲਾਂ ਦਾ 100% ਸਟਾਫ਼ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਪੱਧਰੀ ਰੋਸ਼ ਪ੍ਰਦਰਸ਼ਨ ਵਿੱਚ ਸਮੂਲੀਅਤ ਕਰੇਗਾ |ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤੇ ਜਾਣ ਕਾਰਨ ਮੁਲਾਜ਼ਮਾਂ ਵਿੱਚ ਰੋਸ ਲਗਾਤਾਰ ਵਧ ਰਿਹਾ ਹੈ। ਕਮੇਟੀ ਨੇ ਸਮੂਹ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਆਪਸੀ ਏਕਤਾ ਕਾਇਮ ਰੱਖਦਿਆਂ 21 ਅਕਤੂਬਰ ਦੇ ਸੰਘਰਸ਼ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤਾਂ ਜੋ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਕੀਤਾ ਜਾ ਸਕੇ। ਇਸ ਸਮੇਂ ਅਧਿਆਪਕ ਤਾਲਮੇਲ ਕਮੇਟੀ ਬਠਿੰਡਾ ਦੇ ਜਗਪਾਲ ਬੰਗੀ, ਬਲਜਿੰਦਰ ਸਿੰਘ, ਕੁਲਵਿੰਦਰ ਕਟਾਰੀਆ, ਜਗਸੀਰ ਸਹੋਤਾ, ਗੁਰਜੀਤ ਜੱਸੀ, ਜਗਦੀਸ਼ ਜੱਗੀ, ਬਲਦੇਵ ਸਿੰਘ, ਗੁਰਵਿੰਦਰ ਸਿੱਧੂ, ਰਾਜਵੀਰ ਮਾਨ, ਅੰਮ੍ਰਿਤਪਾਲ ਮਾਨ ਆਦਿ ਆਗੂ ਸ਼ਾਮਿਲ ਸਨ |
- Download Babushahi App
-
-