ਤੁਰ ਗਿਐਂ ਂ ਸੁਰਵੰਤੇ ਪਿਆਰਿਆ
ਪੂਰਨ ਨੂੰ ਅਪੂਰਨ ਕਰਕੇ।
ਗੁਰੂ ਕੀ ਵਡਾਲੀ ਦਿਆ ਸੁਰੀਲਿਆ
ਵੱਡਾ ਪੂਰਨ ਚੰਦ ਪੇਟੀ ਵਜਾਉਂਦਾ
ਤੂੰ ਵਜਦ ਚ ਆ ਕੇ
ਪਹਿਲਾਂ ਨੱਚਦਾ ਰਿਹਾ
ਰਾਸਾਂ ਰਚਾਉਂਦਾ ਰਿਹਾ।
ਫਿਰ ਗਾਉਣ ਦੇ ਮਾਰਗ ਤੇ
ਸਿਖਰਾਂ ਛੋਹੀਆਂ।
ਘੁੰਗਟ ਚੁੱਕ ਓਇ ਸੱਜਣਾ
ਹੁਣ ਸ਼ਰਮਾਂ ਕਾਹਨੂੰ ਰੱਖੀਆਂ।
ਝੱਟਪੱਟ ਉੱਠ
ਪਤਾ ਕਰ ਨੀ ਮਾਏ
ਰਾਂਝੇ ਨਹੀਂ ਸੀ ਰਹਿਣਾ
ਬੇਲੇ ਖ਼ੈਰ ਹੋਵੇ।
ਪੂਰਾ ਗਲੋਬ ਗਾਹਿਆ
ਸੁਰ ਸਵਾਰ ਹੋ ਕੇ ਦੋਹਾਂ ਵੀਰਾਂ ਨੇ।
ਹਰ ਮੈਦਾਨ ਫ਼ਤਹਿ।
ਡੇਰਿਆਂ ਸਮਾਧਾਂ ਤੇ ਮਜ਼ਾਰਾਂ ਤੋਂ ਤੁਰ ਕੇ
ਆਕਾਸ਼ਵਾਣੀ ਜਲੰਧਰ
ਫਿਰ ਦੂਰਦਰਸ਼ਨ ਦੀ
ਸ਼ਾਨ ਬਣੇ ਤੁਸੀਂ ਦੋਵੇਂ ਵੀਰ।
ਯਾਦ ਈ!
1987 ਚ ਪੰਜਾਬੀ ਭਵਨ ਲੁਧਿਆਣੇ ਚ ਲੋਕ ਵਿਰਾਸਤ ਅਕਾਡਮੀ ਵੱਲੋਂ ਮੈਂ ਤੇ ਦਲਜੀਤ ਸਿੰਘ ਜੱਸਲ ਨੇ
ਘੂਕਰ ਚਰਖ਼ੇ ਦੀ ਪ੍ਰੋਗ੍ਰਾਮ ਚ ਤੁਹਾਨੂੰ ਬੁਲਾਇਆ ਸੀ। ਲਾਅਨ ਚ 65 ਔਰਤਾਂ ਚਰਖ਼ੇ ਕੱਤ ਰਹੀਆਂ ਸਨ ਤੇ ਤੁਸੀਂ ਦੋਵੇਂ ਵੀਰ ਗੋਲ ਮੰਚ ਤੇ ਚੜ੍ਹ ਬੈਠ ਗਾ ਰਹੇ ਸੀ।
ਮੇਰਾ ਇਹ ਚਰਖ਼ਾ ਨੌਲੱਖਾ ਕੁੜੇ।
ਸ: ਭਾਗ ਸਿੰਘ ਚੰਡੀਗੜ੍ਹ, ਸ ਕ ਆਹਲੂਵਾਲੀਆ ਆਈ ਏ ਐੱਸ ਤੇ ਡਾ: ਖੇਮ ਸਿੰਘ ਗਿੱਲ ਸੁਣ ਰਹੇ ਸਨ।
ਤੁਹਾਡੇ ਮਗਰੋਂ ਗੁਰਮੀਤ ਬਾਵਾ ਜੀ ਨੇ ਗਾਇਆ।
ਹੁਣ ਸਿਰਫ਼ ਯਾਦਾਂ ਹੀ ਬਕਾਇਆ ਨੇ।
ਫੇਰ ਕੁਝ ਸਮੇਂ ਬਾਅਦ
ਰਾਮਗੜ੍ਹੀਆ ਗਰਲਜ਼ ਕਾਲਿਜ ਲੁਧਿਆਣਾ ਚ ਤੁਸੀਂ ਹਫ਼ਤਾ ਲੰਮੀ ਸੰਗੀਤ ਵਰਕਸ਼ਾਪ ਲਾਈ ਸੀ 1992 ਚ।
ਫਿਰ ਸੁਰਮੇਲਾ ਕੀਤਾ ਸੀ ਆਪਾਂ ਓਥੇ।
ਜਸਬੀਰ ਜੱਸੀ ਨੇ ਪਹਿਲੀ ਵਾਰ ਗਾਇਆ ਓਥੇ।
ਕੁਝ ਅੱਥਰੂ ਨੇ ਪਥਰਾਏ ਹੋਏ,
ਤੇਰੇ ਜਾਣ ਤੇ ਪਿਆਰਿਆ।
ਪਦਮ ਸ਼੍ਰੀ ਪੁਰਸਕਾਰ ਲੈ ਕੇ ਜਦ ਤੁਸੀਂ ਦੋਵੇਂ ਵੀਰ ਪਰਤੇ ਸੀ ਤਾਂ ਮੇਰੇ ਵਧਾਈ ਦੇਣ ਤੇ ਤੂੰ ਕਿਹਾ ਸੀ
ਸਾਹਿਬ ਹੱਥ ਵਡਿਆਈਆਂ
ਇਸ ਪਲ ਮੈਂ ਤੇਰੇ ਨਿੱਕੇ ਵੀਰ(ਜੋ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਨਾਲ ਤਬਲਾ ਵਾਦਕ ਹੈ) ਤੇ ਭਤੀਜੇ ਲਖਵਿੰਦਰ ਨਾਲ ਅਫ਼ਸੋਸ ਪਰਗਟ ਕਰਦਾ ਹਾਂ।
ਤੂੰ ਜਦ ਮਿਲਦਾ ,ਹੱਸ ਕੇ ਕਹਿੰਦਾ
ਆਪਣੀ ਕੁੜਮਾਚਾਰੀ ਹੈ
ਧਿਆਨਪੁਰ ਮੇਰੀ ਬੇਟੀ ਵਿਆਹੀ ਹੈ।
ਹੁਣ ਇਹ ਫਿਕਰਾ ਕੌਣ ਬੋਲੇਗਾ?