ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ ਤਹਿਸੀਲਦਾਰ ਕਰ ਰਹੇ ਨੇ ਮਨਮਰਜ਼ੀਆਂ! ਰਜਿਸਟਰੀਆਂ ਕਰਵਾਉਣ ਵਾਲੀ ਅਵਾਮ ਹੋ ਰਹੀ ਪ੍ਰੇਸ਼ਾਨ
ਦੀਪਕ ਜੈਨ, ਜਗਰਾਉਂ
ਭਾਵੇਂ ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਸਹੂਲਤ ਦੇਣ ਲਈ ਹਫਤੇ ਦੇ ਪੂਰੇ ਪੰਜ ਦਿਨ ਤਹਿਸੀਲ ਅੰਦਰ ਰਜਿਸਟਰੀ ਕੀਤੇ ਜਾਣ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਲਾਗੂ ਕਰ ਦਿੱਤਾ ਹੈ ਅਤੇ ਜੇਕਰ ਕਿਸੇ ਤਹਸੀਲਦਾਰ ਜਾਂ ਨਾਇਬ ਤਹਸੀਲਦਾਰ ਦੀ ਹਾਜ਼ਰੀ ਮੁਨਾਸਿਬ ਨਹੀਂ ਹੁੰਦੀ ਤਾਂ ਉੱਥੇ ਹਲਕਾ ਕਾਨੂੰਗੋ ਜਾਂ ਸੁਪਰਡੈਂਟ ਦੀ ਡਿਊਟੀ ਲਗਾ ਕੇ ਜਨਤਾ ਦੀਆਂ ਰਜਿਸਟਰੀਆਂ ਕੀਤੀਆਂ ਜਾਂਦੀਆਂ ਹਨ। ਪਰ ਪੰਜਾਬ ਸਰਕਾਰ ਦੇ ਇਹਣਾਂ ਨਿਯਮਾਂ ਨੂੰ ਜਗਰਾਉਂ ਦੇ ਤਹਿਸੀਲ ਅੰਦਰ ਅਫਸਰ ਸ਼ਾਹੀ ਨਹੀਂ ਮੰਨਦੀ ਅਤੇ ਇੱਥੇ ਕਈ ਵਾਰ ਤਹਿਸੀਲਦਾਰ ਜਾਂ ਨਾਇਬ ਤਹਸੀਲਦਾਰ ਫਰਲੋ ਮਾਰ ਜਾਣ ਤਾਂ ਕਿਸੇ ਹੋਰ ਅਧਿਕਾਰੀ ਨੂੰ ਰਜਿਸਟਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
ਅੱਜ ਵੀ ਦੇਖਣ ਨੂੰ ਇਹੋ ਕੁਝ ਮਿਲਿਆ ਕਿ ਤਹਿਸੀਲਦਾਰ ਵਰਿੰਦਰ ਭਾਟੀਆ ਦੇ ਛੁੱਟੀ ਤੇ ਹੋਣ ਕਾਰਨ ਨਾਈਬ ਤਹਸੀਲਦਾਰ ਪੁਸ਼ਪਿੰਦਰ ਸਿੰਘਲਾ ਵੱਲੋਂ ਬੈਨਾਮੇ ਵਗੈਰਾ ਰਜਿਸਟਰ ਕੀਤੇ ਜਾਣੇ ਸਨ। ਪਰ ਉਹਨਾਂ ਨੇ ਪਹਿਲਾਂ ਹੀ ਤਹਿਸੀਲ ਦੇ ਡੀਡ ਰਾਈਟਰਾਂ ਅਤੇ ਵਕੀਲਾਂ ਨੂੰ ਸੁਨੇਹਾ ਭੇਜ ਕੇ ਦੱਸ ਦਿੱਤਾ ਕਿ ਅੱਜ ਕੋਈ ਅਪੁਆਇੰਟਮੈਂਟ ਨਾ ਚੱਕੀ ਜਾਵੇ ਕਿਉਂ ਜੋ ਅੱਜ ਰਜਿਸਟਰੀਆਂ ਨਹੀਂ ਕੀਤੀਆਂ ਜਾਣਗੀਆਂ। ਜਨਤਾ ਵਿੱਚ ਇਸ ਗੱਲ ਦਾ ਪੂਰੀ ਤਰ੍ਹਾਂ ਰੋਸ ਪਾਇਆ ਗਿਆ। ਆਪਣੇ ਬੈਨਾਮੇ ਰਜਿਸਟਰ ਕਰਵਾਉਣ ਆਏ ਕਈ ਵਿਅਕਤੀਆਂ ਨੇ ਆਪਣੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹ ਬੈਨਾਮਾ ਰਜਿਸਟਰ ਕਰਵਾਉਣ ਲਈ ਸਰਕਾਰ ਦੇ ਨਵੇਂ ਨਿਯਮਾਂ ਤੋਂ ਪੂਰੀ ਤਰਹਾਂ ਪਰੇਸ਼ਾਨ ਹੋ ਗਏ ਹਨ।
ਕਿਉਂ ਜੋ ਪਹਿਲਾਂ 48 ਘੰਟੇ ਦੀ ਅਪਰੂਵਲ ਦਾ ਝੰਜਟ ਹੁੰਦਾ ਹੈ ਅਤੇ ਜਦੋਂ ਅਪਰੂਵਲ ਪਾਸ ਹੋ ਜਾਂਦੀ ਹੈ ਤਾਂ ਫਿਰ ਅਪੁਆਇੰਟਮੈਂਟ ਲੈ ਕੇ ਬੈਨਾਮਾ ਰਜਿਸਟਰ ਕਰਵਾਇਆ ਜਾਂਦਾ ਹੈ। ਪਰ ਇੱਥੇ ਵੀ ਅਫਸਰਸ਼ਾਹੀ ਦੀ ਮਰਜ਼ੀ ਚਲਦੀ ਹੈ ਅਤੇ ਜਿਸ ਦਿਨ ਅਫਸਰ ਫਾਈਨਲ ਕਰਦੇ ਹਨ ਉਸ ਦਿਨ ਹੀ ਬੈਨਾਮਾ ਰਜਿਸਟਰ ਹੁੰਦਾ ਹੈ। ਬੈਨਾਮੇ ਰਜਿਸਟਰ ਕਰਵਾਉਣ ਆਏ ਵਿਅਕਤੀਆਂ ਵਿੱਚ ਰਮੇਸ਼ ਕੁਮਾਰ, ਮਹਿੰਦਰ ਪਾਲ, ਧਰਮਪਾਲ, ਕੁਲਵੰਤ ਸਿੰਘ ਅਤੇ ਵਿਦਿਆਵਤੀ ਨੇ ਆਪੋ ਆਪਣੇ ਬੈਨਾਮੇ ਰਜਿਸਟਰ ਕਰਵਾਉਣ ਲਈ ਹੋ ਰਹੀਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਦਿੱਤੀ।
ਕੀ ਕਹਿਣਾ ਹੈ ਨਾਇਬ ਤਹਿਸੀਲਦਾਰ ਦਾ?
ਅੱਜ ਰਜਿਸਟਰੀਆਂ ਬੈਨਾਮੇ ਨਾ ਕੀਤੇ ਜਾਣ ਬਾਰੇ ਜਦੋਂ ਤਹਿਸੀਲ ਜਗਰਾਉਂ ਦੇ ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਕਿਸੇ ਮੀਟਿੰਗ ਦੀ ਤਿਆਰੀ ਕਰ ਰਹੇ ਹਨ। ਜਿਸ ਕਾਰਨ ਅੱਜ ਬੈਨਾਮੇ ਰਜਿਸਟਰ ਨਹੀਂ ਕੀਤੇ ਜਾ ਸਕੇ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅੱਜ ਦੀ ਮੀਟਿੰਗ ਦੀ ਅਗਾਊਂ ਸੂਚਨਾ ਪਹਿਲਾਂ ਹੀ ਡੀਡ ਰਾਈਟਰਾਂ ਅਤੇ ਵਕੀਲਾਂ ਨੂੰ ਦੇ ਦਿੱਤੀ ਗਈ ਸੀ ਤਾਂ ਕਿ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ।