ਸੁੱਖੀ ਬਰਾੜ ਨੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਵਜੋਂ ਸੰਭਾਲਿਆ ਅਹੁਦਾ
ਚੰਡੀਗੜ੍ਹ, 24 ਦਸੰਬਰ 2025 : ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਅਤੇ ਸੱਭਿਆਚਾਰਕ ਵਿਰਾਸਤ ਦੀ ਮਜ਼ਬੂਤ ਪਛਾਣ ਸੁਖਮਿੰਦਰ ਕੌਰ ਬਰਾੜ, ਜਿਨ੍ਹਾਂ ਨੂੰ ਸੁੱਖੀ ਬਰਾੜ (ਪੰਜਾਬ ਕੌਰ) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਅੱਜ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਵਜੋਂ ਆਪਣਾ ਕਾਰਜਭਾਰ ਰਸਮੀ ਤੌਰ 'ਤੇ ਸੰਭਾਲ ਲਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਚੰਡੀਗੜ੍ਹ ਪ੍ਰਸ਼ਾਸਨ ਦੇ ਸੱਭਿਆਚਾਰਕ ਵਿਭਾਗ ਵੱਲੋਂ ਕੀਤੀ ਗਈ ਹੈ।
ਸੱਭਿਆਚਾਰਕ ਖੇਤਰ ਵਿੱਚ ਵੱਡਾ ਯੋਗਦਾਨ
ਇਸ ਮੌਕੇ ਪ੍ਰਸਿੱਧ ਗੀਤਕਾਰ ਅਤੇ ਪੇਸ਼ਕਾਰ ਭੱਟੀ ਭੜੀਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਨਮਾਨ ਸੁੱਖੀ ਬਰਾੜ ਨੂੰ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਵਿਰਾਸਤ ਅਤੇ ਲੋਕ ਪਰੰਪਰਾਵਾਂ ਦੇ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਵਿੱਚ ਪਾਏ ਗਏ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਬਦਲੇ ਦਿੱਤਾ ਗਿਆ ਹੈ। ਸੁੱਖੀ ਬਰਾੜ ਪਿਛਲੇ 40 ਸਾਲਾਂ ਤੋਂ ਨਿਰੰਤਰ ਪੰਜਾਬੀ ਮਾਂ-ਬੋਲੀ ਅਤੇ ਲੋਕ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਉਹ ਪੇਂਡੂ ਪਹਿਰਾਵੇ, ਲੋਕ ਬੋਲੀਆਂ, ਲੋਕ ਕਥਾਵਾਂ ਅਤੇ ਪੁਰਾਤਨ ਲੋਕ ਸਾਜ਼ਾਂ ਦੀ ਇੱਕ ਜਿਉਂਦੀ-ਜਾਗਦੀ ਮਿਸਾਲ ਮੰਨੇ ਜਾਂਦੇ ਹਨ।
ਕਲਾ ਜਗਤ ਦੀਆਂ ਨਾਮੀ ਹਸਤੀਆਂ ਨੇ ਦਿੱਤੀ ਵਧਾਈ
ਅਹੁਦਾ ਸੰਭਾਲਣ ਦੇ ਇਸ ਵਿਸ਼ੇਸ਼ ਮੌਕੇ 'ਤੇ ਸੱਭਿਆਚਾਰਕ, ਸਾਹਿਤਕ ਅਤੇ ਫ਼ਿਲਮੀ ਜਗਤ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਦੀਪਕ ਮਨਮੋਹਨ, ਬਾਈ ਹਰਦੀਪ, ਪੰਮੀ ਬਾਈ, ਪੀਟਰ ਸੋਢੀ, ਫ਼ਿਲਮ ਅਤੇ ਥੀਏਟਰ ਕਲਾਕਾਰ: ਅਨੀਤਾ ਸਵਦੇਸ਼, ਮਲਕੀਤ ਰੌਣੀ, ਗੁਰਮੀਤ ਸਿੰਘ ਜੋਰਾ, ਸੰਗੀਤ ਅਤੇ ਫ਼ਿਲਮ ਜਗਤ: ਦੀਪਕ ਵੈਦ, ਪਰਮਜੀਤ ਪੰਮੀ, ਰਿਸ਼ੀ ਰਾਜ ਤੋਮਰ, ਸਤੀਸ਼ ਅਵਸਥੀ, ਆਰ.ਡੀ. ਕਲੇਰ, ਸੁਰੇਸ਼ ਗੋਇਲ, ਦੀਪਕ ਬੱਤਰਾ, ਕੰਵਰ ਜਗਮੋਹਨ, ਰਾਜਿੰਦਰ ਸਿੰਘ ਧੀਮਾਨ, ਫ਼ਿਲਮ ਨਿਰਮਾਤਾ: ਬਾਜਵਾ ਸਿੰਘ, ਪਰਮਿੰਦਰ ਜੀਤ ਸਿੰਘ ਅਤੇ ਸਰਤਾਜ ਸਿੰਘ ਹਾਜ਼ਰ ਸਨ।