ਸਾਹਿਤ ਜਗਤ ਦਾ ਧਰੂ ਤਾਰਾ ਗਿਆਨ ਰੰਜਨ ਸਦਾ ਜ਼ਿੰਦਾ ਰਹੇਗਾ: ਪਲਸ ਮੰਚ
ਚੰਡੀਗੜ੍ਹ:, 8 ਜਨਵਰੀ 2026- ਹਿੰਦੀ ਸਾਹਿਤ ਜਗਤ ਦੇ ਧਰੂ ਤਾਰੇ, ਨਾਮਵਾਰ ਕਹਾਣੀਕਾਰ ਅਤੇ ਹਿੰਦੀ ਦੀ ਮਕਬੂਲ ਪੱਤ੍ਰਿਕਾ 'ਪਹਿਲ' ਦੇ 35 ਵਰ੍ਹੇ ਸੰਪਾਦਕ ਵਜੋਂ ਸੇਵਾਵਾਂ ਦੇਣ ਵਾਲੇ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਮਾਣਮੱਤੇ ਸਿਰਨਾਵੇਂ ਗਿਆਨ ਰੰਜਨ ਦੇ ਸਦੀਵੀ ਵਿਛੋੜੇ 'ਤੇ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ ) ਨੇ ਉਹਨਾਂ ਦੇ ਪਰਿਵਾਰ,ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ਼ ਗਹਿਰੇ ਦੁੱਖ਼ ਦਾ ਇਜ਼ਹਾਰ ਕਰਦਿਆਂ ਅੱਜ ਉਹਨਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਗਈ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਕਾਰਜਕਾਰੀ ਸਕੱਤਰ ਹਰਕੇਸ਼ ਚੌਧਰੀ ਨੇ ਪ੍ਰੈਸ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਨਵਰੀ ਮਹੀਨੇ ਪਲਸ ਮੰਚ ਦੀਆਂ ਨਾਟ ਅਤੇ ਗੀਤ ਸੰਗੀਤ ਮੰਡਲੀਆਂ ਦੀਆਂ ਸਭਨਾਂ ਥਾਵਾਂ ਤੇ ਹੋ ਰਹੀਆਂ ਸਰਗਰਮੀਆਂ ਮੌਕੇ ਗਿਆਨ ਰੰਜਨ ਜੀ ਦੀ ਘਾਲਣਾ ਨੂੰ ਸਿਜਦਾ ਕੀਤਾ ਜਾਏਗਾ।
21 ਨਵੰਬਰ 1936 ਨੂੰ ਅਕੋਲਾ (ਮਹਾਂਰਾਸ਼ਟਰ) ਵਿੱਚ ਜਨਮੇ ਗਿਆਨ ਰੰਜਨ ਦੇ ਮਾਪੇ ਬਹੁਤ ਹੀ ਸੰਵੇਦਨਸ਼ੀਲ ਅਤੇ ਲੋਕ ਸਰੋਕਾਰਾਂ ਨਾਲ਼ ਜੁੜੇ ਰਹੇ। ਉਹਨਾਂ ਦੇ ਪਿਤਾ ਵੀ ਲੇਖਕ,ਆਲੋਚਕ ਅਤੇ ਕਵੀ ਸਨ। ਹਰੀ ਸ਼ੰਕਰ ਪਰਸਾਈ ਵਰਗੇ ਕੱਦਾਵਰ ਲੇਖਕਾਂ ਨਾਲ਼ ਮਿਲਕੇ ਗਿਆਨ ਰੰਜਨ ਵੱਲੋਂ ਸਾਹਿਤਕ ਸਿਰਜਣਾ ਅਤੇ ਲੋਕ ਪੱਖੀ ਸਾਹਿਤਕ ਲਹਿਰ ਦੀ ਧਾਰਾ ਵਗਦੀ ਰੱਖਣ ਲਈ ਬੇਨਜ਼ੀਰ ਕੰਮ ਕੀਤਾ।
ਕਬਾੜਖਾਨਾ, ਯਾਤਰਾ, ਸਪਨਾ ਨਹੀਂ,ਘੰਟਾ ਵਰਗੀਆਂ ਰਚਨਾਵਾਂ, ਕਹਾਣੀ ਸੰਗ੍ਰਹਿ ਅਤੇ 'ਪਹਿਲ' ਪੱਤ੍ਰਿਕਾ ਰਾਹੀਂ ਸਾਹਿਤ ਦੀਆਂ ਵੰਨ ਸੁਵੰਨੀਆਂ ਵਿਧਾਵਾਂ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਕਰਨ ਅਤੇ ਸਮਾਜਿਕ ਪ੍ਰੀਵਰਤਨ ਦੀ ਲਹਿਰ ਅੰਦਰ ਤਾਜ਼ਾ ਰੂਹ ਭਰਨ ਲਈ ਉਹਨਾਂ ਦੀ ਅਥਾਹ ਦੇਣ ਨੂੰ ਸਦਾ ਯਾਦ ਰੱਖਿਆ ਜਾਵੇਗਾ। ਪਲਸ ਮੰਚ ਨੇ ਇੱਕ ਲਿਖਤੀ ਸ਼ੋਕ ਸੁਨੇਹੇ ਰਾਹੀਂ ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਡਾ. ਸੁਖਦੇਵ ਸਿਰਸਾ ਅਤੇ ਉਹਨਾਂ ਦੀ ਸੰਸਥਾ ਨਾਲ਼ ਵੀ ਦੁੱਖ਼ ਸਾਂਝਾ ਕੀਤਾ। ਪਲਸ ਮੰਚ ਆਗੂਆਂ ਨੇ ਕਿਹਾ ਹੈ ਕਿ ਉਹ ਸਦਾ ਸਾਡੀਆਂ ਸਰਗਰਮੀਆਂ ਵਿਚ ਜੀਵਤ ਰਹਿਣਗੇ।