ਐਸ ਏ ਐਸ ਨਗਰ, 08 ਅਕਤੂਬਰ 2016: ਵਾਰਡ ਨੰਬਰ 29 ਤੋਂ ਮਿਊਸਪਲ ਕਾਊਸਲਰ ਅਤੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰ ਪ੍ਰੀਤ ਕੌਰ ਦੀ ਅਗਵਾਈ ਵਿੱਚ 'ਗਰਲਜ਼ ਰਾਈਜ਼ ਫਾਰ ਮੋਹਾਲੀ' ਨਾਂ ਦੀ ਫੋਰਮ ਦਾ ਗਠਨ ਕੀਤਾ ਗਿਆ। ਇਸ ਫੋਰਮ ਵਿੱਚ ਮੁਹਾਲੀ ਦੀਆਂ ਕੁੜੀਆਂ, ਔਰਤਾਂ ਨੂੰ ਇਕੱਠਾ ਕਰਨ ਦਾ ਉਪਰਾਲਾ ਕੀਤਾ ਜਾਵੇਗਾ ਜੋ ਸਮਾਜ ਲਈ ਕੁੱਝ ਕਰਨਾ ਲੋਚਦੀਆਂ ਹਨ। ਫੋਰਮ ਵੱਲੋਂ ਮੁਹਾਲੀ ਹਿੱਤ ਦੇ ਮੁੱਦੇ ਵੀ ਚੁੱਕੇ ਜਾਣਗੇ ਅਤੇ ਫੋਰਮ ਦੇ ਮੈਂਬਰ ਸਮਾਜਿਕ ਮਸਲਿਆਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨਗੇ। ਅੱਜ ਨੇਬਰਹੁੱਡ ਪਾਰਕ ਫੇਜ਼ 11 ਵਿਖੇ ਫੋਰਮ ਦੇ ਪਲੇਠੇ ਸਮਾਗਮ ਦੌਰਾਨ ਮਹਿਲਾ ਸਫਾਈ ਮੁਲਾਜ਼ਮਾਂ ਨਾਲ ਸਾਂਝ ਪਾਈ ਗਈ ਅਤੇ ਉਹਨਾਂ ਨੂੰ ਚਾਹ ਪਾਰਟੀ ਦੇ ਨਾਲ ਡੇਂਗੂ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਕਾਨੂੰਨੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਉਪਿੰਦਰ ਪ੍ਰੀਤ ਕੌਰ ਨੇ ਕਿਹਾ ਕਿ ਫੋਰਮ ਵਿੱਚ ਸ਼ਹਿਰ ਦੀਆਂ ਉਹਨਾਂ ਔਰਤਾਂ ਨੂੰ ਇੱਕ ਮੰਚ ਮੁਹੱਈਆ ਕਰਵਾਇਆ ਜਾਵੇਗਾ ਜੋ ਸਮਾਜ ਲਈ ਕੁੱਝ ਨਾ ਕੁੱਝ ਕਰਨਾ ਚਾਹੁੰਦੀਆਂ ਹਨ। ਫੋਰਮ ਵੱਲੋਂ ਉਹਨਾਂ ਔਰਤਾਂ ਦੇ ਸਮੁੱਚੇ ਵਿਕਾਸ ਲਈ ਯਤਨ ਉਲੀਕੇ ਜਾਣਗੇ ਤਾਂ ਜੋ ਉਹਨਾਂ ਦੀ ਕਾਬਲੀਅਤ ਵਿੱਚ ਹੋਰ ਨਿਖਾਰ ਆ ਸਕੇ। ਉਹਨਾਂ ਕਿਹਾ ਕਿ ਅੱਜ ਦਾ ਸਮਾਗਮ ਵੀ ਮਹਿਲਾ ਸਫਾਈ ਕਰਮੀਆਂ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦੌਰਾਨ ਮਹਿਲਾ ਸਫਾਈ ਕਰਮੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਉਪਿੰਦਰਪ੍ਰੀਤ ਕੌਰ ਨੇ ਕਿਹਾ ਕਿ ਉਹ ਧੀਆਂ ਨੂੰ ਉਚੇਰੀ ਸਿੱਖਿਆ ਦਿਵਾਉਣ ਦੇ ਉਪਰਾਲੇ ਕਰਨ ਤਾਂ ਜੋ ਉਹਨਾਂ ਦੀਆਂ ਜੀਵਨ ਹਾਲਤਾਂ ਵਿੱਚ ਸਨਮਾਨਜਨਕ ਸੁਧਾਰ ਹੋ ਸਕੇ। ਉਹਨਾਂ ਕਿਹਾ ਕਿ ਔਰਤਾਂ ਨੂੰ ਸਿਰਫ ਮੁੰਡਿਆਂ ਨੂੰ ਹੀ ਮਹੱਤਤਾ ਨਹੀਂ ਦੇਣੀ ਚਾਹੀਦੀ ਸਗੋਂ ਕੁੜੀਆਂ ਨੂੰ ਵੀ ਬਰਾਬਰ ਦੇ ਮੌਕੇ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਉਹ ਵੀ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ। ਉਹਨਾਂ ਦਾਅਵਾ ਕੀਤਾ ਕਿ 21ਵੀਂ ਸਦੀ ਵਿੱਚ ਕੁੜੀਆਂ, ਮੁੰਡਿਆਂ ਨਾਲੋ ਕਿਸੇ ਪੱਖੋਂ ਘੱਟ ਨਹੀਂ ਸਿਰਫ ਉਹਨਾਂ ਨੂੰ ਮੌਕਿਆਂ ਦੀ ਭਾਲ ਹੈ। ਉਹਨਾਂ ਮਹਿਲਾ ਮੁਲਾਜ਼ਮਾਂ ਸ਼ਹਿਰ ਨੂੰ ਹਰ ਦਿਨ ਸਵੱਛ ਰੱਖਣ 'ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਉੱਘੀ ਥਿਏਟਰ ਕਲਾਕਾਰ ਅਨੀਤਾ ਸ਼ਬਦੀਸ਼ ਨੇ ਹਾਜ਼ਰੀਨਾਂ ਨੂੰ ਬੇਨਤੀ ਕੀਤੀ ਕਿ ਜੇਕਰ ਉਹਨਾਂ ਵਿੱਚ ਕੋਈ ਵੀ ਥਿਏਟਰ ਵੱਲ ਜਾਣ ਦਾ ਇਛੁੱਕ ਹੈ ਤਾਂ ਉਹ ਸਹਾਇਤਾ ਕਰਨ ਲਈ ਤਿਆਰ ਹਨ। ਸਮਾਗਮ ਵਿੱਚ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਡਵੀਜ਼ਨਲ ਕੁਆਰਡੀਨੇਟਰ ਡਾ. ਸੁਖਮਨਪ੍ਰੀਤ ਕੌਰ ਨੇ ਸ਼ਹਿਰ ਦੇ ਸਫਾਈ ਮੁਲਾਜ਼ਮਾਂ ਨੂੰ ਡੇਂਗੂ ਦੀ ਬਿਮਾਰੀ ਅਤੇ ਉਸ ਦੇ ਬਚਾਅ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ ਏ ਐਸ ਨਗਰ ਤੋਂ ਵਕੀਲ ਬੀਬੀ ਸਵਿਤਾ ਸਸ਼ੋਦੀਆ ਨੇ ਹਾਜ਼ਰੀਨਾਂ ਨੂੰ ਸਰਕਾਰ ਵੱਲੋਂ ਦਿਤੀਆਂ ਜਾਂਦੀਆਂ ਮੁਫਤ ਕਾਨੂੰਨੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ 'ਗਰਲਜ਼ ਰਾਈਜ਼ ਫਾਰ ਮੋਹਾਲੀ' ਦੀਆਂ ਮੈਂਬਰ ਬੀਬੀ ਗੁਰਿੰਦਰ ਕੌਰ ਰਾਏ, ਅਨੀਤਾ ਸ਼ਬਦੀਸ਼, ਯੁਵਿਕਾ ਗਰੇਵਾਲ, ਦੀਪਿੰਦਰ ਕੌਰ ਸ਼ੇਰਗਿੱਲ, ਕਿਸ਼ਨਿਤਾ ਸਿੰਘ, ਡਾ. ਸੁਖਮਨ੍ਰਪੀਤ ਕੌਰ, ਸ਼ਿਫਾਲੀ ਥਾਪਰ, ਗੁਰਪ੍ਰੀਤ ਭੱਟੀ, ਰੋਹਿਣੀ ਆਦਿ ਹਾਜ਼ਰ ਸਨ।