ਸਾਂਝਾ ਆਸਰਾ ਸੁਸਾਇਟੀ ਦੀ ਲੈਬ ਵਿੱਚ ਫਰੀ ਮੈਡੀਕਲ ਦਵਾਈਆਂ ਦੇ ਸੈਂਟਰ ਦਾ ਕੇਵਲ ਸਿੰਘ ਢਿੱਲੋਂ ਨੇ ਕੀਤਾ ਉਦਘਾਟਨ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 23 ਅਕਤੂਬਰ 2021-ਸਾਂਝਾ ਆਸਰਾ ਵੈਲਫੇਅਰ ਸੁਸਾਇਟੀ ਬਰਨਾਲਾ ਵਲੋਂ ਚਲਾਈ ਜਾ ਰਹੀ ਲੈਬ ਵਿੱਚ ਫਰੀ ਮੈਡੀਕਲ ਦਵਾਈਆਂ ਦੇ ਸੈਂਟਰ ਦੀ ਅੱਜ ਸ਼ੁਰੂਆਤ ਕੀਤੀ ਗਈ, ਜਿਸਦਾ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਂਝਾ ਆਸਰਾ ਸੁਸਾਇਟੀ ਬਰਨਾਲਾ ਦੇ ਲੋਕਾਂ ਨੂੰ ਬਹੁਤ ਸਸਤੀਆਂ ਸਿਹਤ ਸੁਵਿਧਾਵਾਂ ਦੇ ਰਹੀ ਹੈ। ਅੱਜ ਦੀ ਮਹਿੰਗਾਈ ਦੇ ਦੌਰ ਵਿੱਚ ਸੈਂਕੜੇ ਰੁਪਏ ਦੇ ਮਹਿੰਗੇ ਟੈਸਟ ਕਰਵਾਉਣੇ ਹਰ ਵਿਅਕਤੀ ਦੇ ਵੱਸ ਦੀ ਗੱਲ ਨਹੀਂ, ਜਿਸ ਕਰਕੇ ਤਕਨੀਕੀ ਮਸੀਨਾਂ ਨਾਲ ਲੈਸ ਸਾਂਝਾ ਆਸਰਾ ਸੁਸਾਇਟੀ ਦੀ ਇਹ ਲੈਬ ਲੋੜਵੰਦ ਲੋਕਾਂ ਲਈ ਵਰਦਾਨ ਸਾਬਿਤ ਹੋਈ ਹੈ।
ਉਨ੍ਹਾਂ ਕਿਹਾ ਕਿ ਫਰੀ ਮੈਡੀਕਲ ਦਵਾਈਆਂ ਦੇ ਸੈਂਟਰ ਖੁੱਲਣ ਨਾਲ ਇੱਕ ਹੋਰ ਵੱਡੀ ਸਹੂਲਤ ਜ਼ਿਲ੍ਹੇ ਅਤੇ ਸ਼ਹਿਰ ਦੇ ਲੋਕਾਂ ਨੂੰ ਮਿਲੇਗੀ। ਕੇਵਲ ਢਿੱਲੋਂ ਨੇ ਕਿਹਾ ਕਿ ਉਹਨਾਂ ਦੀ ਦਿਲੀ ਇੱਛਾ ਰਹੀ ਹੈ ਕਿ ਬਰਨਾਲਾ ਜ਼ਿਲ੍ਹਾ ਸਿਹਤ ਸਹੂਲਤਾਂ ਦੇ ਪੱਖ ਤੋਂ ਸਰਪਲੱਸ ਹੋਵੇ। ਇਸੇ ਦੇ ਮੱਦੇਨਜ਼ਰ ਬਰਨਾਲਾ ਵਿੱਚ ਮਲਟੀਸਪੈਸਲਿਟੀ ਹਸਪਤਾਲ ਲਿਆਂਦਾ ਗਿਆ ਹੈ। ਇਸ ਹਸਪਤਾਲ ਦੇ ਬਨਣ ਨਾਲ ਬਰਨਾਲਾ ਦੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਕਿਤੇ ਹੋਰ ਜ਼ਿਲ੍ਹੇ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਉਹਨਾਂ ਕਿਹਾ ਕਿ ਜੋ ਵੀ ਸਾਂਝਾ ਆਸਰਾ ਸੁਸਾਇਟੀ ਦੀ ਮੰਗ ਹੈ, ਉਸ ਲਈ ਉਹ ਸਿਹਤ ਮੰਤਰੀ ਪੰਜਾਬ ਸ੍ਰੀ ਓਪੀ ਸੋਨੀ ਨਾਲ ਸੰਪਰਕ ਕਰਕੇ ਹਰ ਸੰਭਵ ਮੱਦਦ ਕਰਵਾਉਣ ਦਾ ਯਤਨ ਕਰਨਗੇ। ਇਸ ਮੌਕੇ ਉਹਨਾਂ ਨਾਲ ਚੇਅਰਮੈਨ ਮੱਖਣ ਸ਼ਰਮਾ, ਪ੍ਰਧਾਨ ਗੁਰਜੀਤ ਰਾਮਣਵਾਸੀਆ, ਨਰਿੰਦਰ ਨੀਟਾ, ਰਾਜੀਵ ਕੁਮਾਰ ਲੂਬੀ, ਰਜਨੀਸ਼ ਬਾਂਸਲ, ਨਰਿੰਦਰ ਸ਼ਰਮਾ, ਵਰੁਣ ਬੱਤਾ, ਵਿੱਕੀ ਵਾਲਮੀਕਿ, ਯਾਦਵਿੰਦਰ ਸ਼ੰਟੀ, ਹਰਵਿੰਦਰ ਸਿੰਘ ਚਹਿਲ, ਹਰਦੀਪ ਸਿੰਘ ਜਾਗਲ ਹਾਜ਼ਰ ਸਨ।