ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 9 ਅਕਤੂਬਰ 2020 - ਜ਼ਿਲ੍ਹੇ ਫਰੀਦਕੋਟ ਦੇ 100 ਪ੍ਰਤੀਸ਼ਤ ਪਸ਼ੂ ਧਨ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਮੁਫਤ ਟੀਕਾਕਰਨ ਮਿਤੀ-15-10-2020 ਤੋਂ 30-11-2020 ਤੱਕ ਕੀਤਾ ਜਾਵੇਗਾ। ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ 28 ਟੀਮਾਂ ਬਣਾਈਆਂ ਗਈਆਂ ਹਨ ਜੋ ਪਸ਼ੂ ਪਾਲਕਾ ਦੇ ਘਰ-ਘਰ ਜਾ ਕੇ ਇਸ ਕੰਮ ਨੂੰ ਮੁਕੰਮਲ ਕਰਨਗੀਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ, ਫਰੀਦਕੋਟ ਵਿਮਲ ਕੁਮਾਰ ਸੇਤੀਆ (ਆਈ.ਏ.ਐਸ.) ਨੇ ਦੱਸਿਆ ਕਿ ਨੈਸ਼ਨਲ ਐਨੀਮਲ ਡੀਸ਼ੀਜ ਕੰਟੋਰਲ ਪ੍ਰੋਗਰਾਮ ਤਹਿਤ ਟੀਕਾਕਰਨ ਦੌਰਾਨ ਸਾਰੇ ਪਸ਼ੂਆਂ ਦੇ ਕੰਨ ਵਿੱਚ 12 ਅੰਕਾਂ ਦਾ ਨਿਵੇਕਲਾ ਟੈਗ ਲਗਾਇਆ ਜਾਵੇਗਾ ਅਤੇ ਉਸਨੂੰ ਇਨਾਫ ਦੇ ਪੋਰਟਲ ਤੇ ਅਪਲੋਡ ਕੀਤਾ ਜਾਵੇਗਾ। ਪਸ਼ੂ ਦੇ ਕੰਨ ਵਿੱਚ ਟੈਗ ਲੱਗਣ ਨਾਲ ਉਸਦੀ ਅਤੇ ਉਸਦੇ ਮਾਲਕ ਦੀ ਪਹਿਚਾਣ ਪੂਰੇ ਦੇਸ਼ ਵਿੱਚ ਹੋਵੇਗੀ ਅਤੇ ਇਸ ਪ੍ਰੋਗਰਾਮ ਅਧੀਨ ਰਜਿਸਟਰ ਕੀਤੇ ਪਸ਼ੂ ਪਾਲਕਾਂ ਨੂੰ ਭਵਿੱਖ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਆਸਾਨੀ ਨਾਲ ਮਿਲ ਸਕਣਗੀਆਂ।
ਉਹਨਾਂ ਨੇ ਜ਼ਿਲ੍ਹੇ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਪਸ਼ੂ ਪਾਲਣ ਵਿਭਾਗ ਦੀ ਟੀਮ ਉਹਨਾਂ ਦੇ ਘਰ ਟੀਕਾਕਰਨ ਲਈ ਆਵੇ ਤਾਂ ਆਪਣੇ ਕੀਮਤੀ ਪਸ਼ੂ ਧਨ ਨੂੰ ਟੈਗ ਅਤੇ ਇਸ ਘਾਤਕ ਬੀਮਾਰੀ ਤੋਂ ਬਚਾਅ ਦੇ ਟੀਕੇ ਜਰੂਰ ਲਗਵਾਉਣ। ਇਸ ਸਮੇਂ ਉਹਨਾਂ ਦੇ ਨਾਲ ਪਸ਼ੂ ਪਾਲਣ ਵਿਭਾਗ ਫਰੀਦਕੋਟ ਦੇ ਡਿਪਟੀ ਡਾਇਰੈਕਟਰ ਡਾ. ਰਾਜੀਵ ਛਾਬੜਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।