ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ 2021 - ਅਕਸਰ ਹੀ ਕਿਸੇ ਵਿਅਕਤੀ ਨੂੰ ਇਸ ਲਈ ਸਨਮਾਨਿਤ ਕੀਤਾ ਜਾਂਦਾ ਹੈ ਕਿ ਉਸਨੇ ਚੰਗਾ ਤੇ ਅਦਭੁੱਤ ਕੰਮ ਕੀਤਾ ਹੁੰਦਾ ਹੈ। ਜਿਸ ਨੂੰ ਦੇਖ ਕੇ ਹੋਰ ਵਿਅਕਤੀ ਉਤਸ਼ਾਹਿਤ ਹੋਣ ਅਤੇ ਚੰਗਾ ਕੰਮ ਕਰਨ। ਪਰ ਮੁਕਤਸਰ ਜ਼ਿਲੇ ਦੇ ਪਿੰਡ ਦੋਦਾ ਵਿਖੇ ਇੱਕ ਮਿਸਤਰੀ ਨੂੰ ਇਸ ਲਈ ਸਨਮਾਨਿਤ ਕੀਤਾ ਗਿਆ ਕਿ ਉਹ ਪਖਾਨਾ ਬਨਾਉਂਦੇ ਸਮੇਂ ਉਸ ਵਿਚ ਚੰਗਾਠ ਲਗਾਉਣੀ ਹੀ ਭੁੱਲ ਗਿਆ। ਇਸ ਸਬੰਧ ਵਿਚ ਇੱਕ ਵੀਡੀਓ ਵੀ ਵਾਇਰਲ ਹੋਈ ਸੀ।
ਜਿਸ ਵਿਚ ਮਕਾਨ ਮਾਲਕ ਮਿਸਤਰੀ ਨੂੰ ਪੁੱਛ ਰਿਹੈ ਕਿ ਮਿਸਤਰੀ ਚੰਗਾਠ ਤਾਂ ਲਾਈ ਸੀ। ਅੱਗੋਂ ਮਿਸਤਰੀ ਕਹਿੰਦਾ ਬਾਥਰੂਮ ਦੇ ਲਗਾ ਤਾਂ ਦਿੱਤੀ। ਜਦ ਮਕਾਨ ਮਾਲਕ ਕਹਿੰਦਾ ਹੈ ਕਿ ਟਾਇਲਟ ਦੇ ਨਹੀਂ ਲਗਾਈ ਤਾਂ ਅੱਗੋਂ ਮਿਸਤਰੀ ਕਹਿੰਦਾ ਮੈਨੂੰ ਕਿਸੇ ਨੇ ਯਾਦ ਹੀ ਨਹੀਂ ਕਰਵਾਈ, ਇਹ ਤਾਂ ਇਥੇ ਹੀ ਰੱਖੀ ਰਹਿ ਗਈ। ਜਦਕਿ ਮਾਲਕ ਕਹਿੰਦਾ ਹੈ ਕਿ ਅਸੀਂ ਹੁਣ ਇਸ ਵਿਚ ਕੰਧ ਟੱਪ ਕੇ ਜਾਇਆ ਕਰਾਂਗੇ।
ਵੀਡੀਓ ਵਿਚ ਮਿਸਤਰੀ ਕਹਿ ਰਿਹਾ ਹੈ ਕਿ ਕੰਧ ਢਾਹ ਕੇ ਦੋਬਾਰਾ ਲਗਾ ਦਿੰਦੇ ਹਾਂ। ਇਸ ਮਿਸਤਰੀ ਨੂੰ ਇਸ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ। ਜਿਸ ਨੂੰ ਟਰਾਫ਼ੀ ਅਤੇ ਸਿਰੋਪਾ ਦਿੱਤਾ ਗਿਆ ਹੈ। ਸਨਮਾਨਿਤ ਕਰਨ ਵਾਲਿਆਂ ਤਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਕੋਈ ਗਲਤੀ ਨਹੀਂ ਕੀਤੀ ਉਸਨੇ ਕੋਈ ਕੰਮ ਹੀ ਨਹੀਂ ਕੀਤਾ। ਇਸ ਸਨਮਾਨਿਤ ਵਾਲੀ ਵੀਡੀਓ ਨੂੰ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਹੈ। ਜੋ ਕਿ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।