ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 16 ਜੂਨ, 2017 : ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬਾਲ ਮਜ਼ਦੂਰੀ ਖ਼ਾਤਮਾ ਸਪਤਾਹ 19 ਜੂਨ ਤੋਂ 28 ਜੂਨ ( ਸਿਵਾਏ 24.ਤੋਂ 26 ਜੂਨ) ਤੱਕ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਇਸ ਸਪਤਾਹ ਦੌਰਾਨ ਖ਼ਤਰਨਾਕ ਕਿੱਤਿਆਂ ਤੇ ਪ੍ਰੋਸੈਸਿਜ ਅਤੇ ਗੈਰ ਖ਼ਤਰਨਾਕ ਕਿੱਤਿਆਂ ਤੇ ਪ੍ਰੋਸੈਸਿੰਗ ਵਿਚ ਲੱਭੇ ਬਾਲ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਸੀਨੀਅਰ ਪੁਲੀਸ ਕਪਤਾਨ,ਉਪ ਮੰਡਲ ਮੈਜਿਸਟ੍ਰੇਟ,(ਫਿਰੋਜ਼ਪੁਰ,ਜ਼ੀਰਾ ਅਤੇ ਗੁਰੂਹਰਸਹਾਏ) ਸਿਵਲ ਸਰਜਨ ਫਿਰੋਜ਼ਪੁਰ,ਡਿਪਟੀ ਡਾਇਰੈਕਟਰ ਆਫ਼ ਫੈੈਕਟਰੀਜ਼ ਫਿਰੋਜ਼ਪੁਰ, ਸਮੂਹ ਨਗਰ ਕੌਂਸਲਾਂ / ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰ,ਜ਼ਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਅਫ਼ਸਰ,ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀਮੈਂਟਰੀ), ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਹਾਇਕ ਕਿਰਤ ਕਮਿਸ਼ਨਰ ਫਿਰੋਜ਼ਪੁਰ,ਕਿਰਤ ਇੰਸਪੈਕਟਰ ਗ੍ਰੇਡ-1 ਫਿਰੋਜ਼ਪੁਰ ਅਤੇ ਜ਼ੀਰਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਵੰਡ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੀਮਾਂ ਸਬੰਧਿਤ ਸਬ ਡਵੀਜ਼ਨਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਹਫ਼ਤੇ ਦੌਰਾਨ ਚੈਕਿੰਗ ਕਰ ਕੇ ਆਪਣੀ ਰਿਪੋਰਟ ਸਹਾਇਕ ਕਿਰਤ ਕਮਿਸ਼ਨਰ, ਫਿਰੋਜ਼ਪੁਰ ਨੂੰ ਭੇਜਣਗੀਆਂ ਅਤੇ ਸਹਾਇਕ ਕਿਰਤ ਕਮਿਸ਼ਨਰ ਵੱਲੋਂ ਇਹ ਰਿਪੋਰਟਾਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਹੀਂ ਸਰਕਾਰ ਨੂੰ ਭਿਜਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕਿਸੇ ਵੀ ਢਿਲ ਜਾਂ ਅਣਗਹਿਲੀ ਲਈ ਸਬੰਧਤ ਵਿਭਾਗ ਦੀ ਜ਼ੁੰਮੇਵਾਰੀ ਹੋਵੇਗੀ। ਉਨ੍ਹਾਂ ਨੇ ਦੱਸਿਆਂ ਕਿ ਇਹ ਟੀਮਾਂ ਬਾਲ ਮਜ਼ਦੂਰੀ ਖ਼ਾਤਮਾ ਸਪਤਾਹ ਦੌਰਾਨ ਵੱਖ-ਵੱਖ ਵਪਾਰਕ ਅਦਾਰਿਆਂ, ਘਰੇਲੂ ਕੰਮਾਂ ਵਿਚ ਲੱਗੇ ਬਾਲ ਕਿਰਤੀਆਂ ਆਦਿ ਦੀ ਵਿਸ਼ੇਸ਼ ਪੜਤਾਲ ਮੁਹਿੰਮ ਚਲਾ ਕੇ 14 ਸਾਲ ਤੋਂ ਘੱਟ ਉਮਰ ਦੇ ਬਾਲ ਮਜ਼ਦੂਰਾਂ ਦੀ ਸ਼ਨਾਖ਼ਤ ਕਰਨਗੇ, ਅਤੇ ਉਨ੍ਹਾਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਵਾ ਕੇ ਜਾਂ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਅਤੇ ਮਾਪੇ ਨਾ ਹੋਣ ਦੀ ਸੂਰਤ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਫਿਰੋਜ਼ਪੁਰ ਨੂੰ ਬਾਲ ਘਰਾਂ ਵਿੱਚ ਭੇਜਣ ਲਈ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਬਾਲ ਮਜ਼ਦੂਰ ਤੋਂ ਬੰਧੂਆ ਮਜ਼ਦੂਰੀ ਕਰਵਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਬੰਧੂਆ ਮਜ਼ਦੂਰੀ ਰੋਕਥਾਮ ਐਕਟ 1976 ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਐਕਟ ਮੁਤਾਬਿਕ ਦੋਸ਼ੀ ਵਿਅਕਤੀ ਨੂੰ 3 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਜਾਵੇਗੀ, ਚਾਹੇ ਉਹ ਕਿਸੇ ਵੀ ਕਾਰੋਬਾਰ ਵਿੱਚ ਕੰਮ ਕਰਦੇ ਹੋਣ। ਉਨ੍ਹਾਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਮਜ਼ਦੂਰ ਨੂੰ ਬੰਧੂਆ ਬਣਾ ਕੇ ਕੰਮ ਲੈਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਵੇ ਤਾਂ ਉਹ ਤੁਰੰਤ ਸਬੰਧਤ ਸਬ ਡਵੀਜ਼ਨ ਦੇ ਐਸ.ਡੀ.ਐਮ. ਨੂੰ ਸੂਚਿਤ ਕਰਨ ਤਾਂ ਜੋ ਤੁਰੰਤ ਉਨ੍ਹਾਂ ਨੂੰ ਛੁਡਵਾ ਕੇ ਉਨ੍ਹਾਂ ਦੇ ਮੁੜ ਵਸੇਬੇ ਦਾ ਇੰਤਜ਼ਾਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਲਾਜ਼ਮੀ ਸਿੱਖਿਆ ਐਕਟ 1962 ਅਧੀਨ ਬੱਚਿਆਂ ਨੂੰ ਸਕੂਲ ਨਾ ਭੇਜ ਕੇ ਮਜ਼ਦੂਰੀ ਕਰਵਾਉਣ ਵਾਲੇ ਮਾਪਿਆਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਸ੍ਰੀ ਸੁਨੀਲ ਕੁਮਾਰ ਭੋਰੀਵਾਲ ਸਹਾਇਕ ਕਿਰਤ ਕਮਿਸ਼ਨਰ ਨੇ ਦੱਸਿਆ ਕਿ ਬਾਲ ਮਜ਼ਦੂਰੀ (ਮਨਾਹੀ ਤੇ ਨਿਯੰਤਰਨ) ਐਕਟ 1986 ਦੀ ਧਾਰਾ 3, ਪੰਜਾਬ ਫੈਕਟਰੀਜ਼ ਐਕਟ 1948 ਦੀ ਧਾਰਾ 67 ਅਤੇ ਪੰਜਾਬ ਦੁਕਾਨਾਂ ਤੇ ਵਪਾਰਕ ਅਦਾਰੇ ਐਕਟ 1958 ਦੀ ਧਾਰਾ 29 ਅਧੀਨ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੀ ਮੁਕੰਮਲ ਮਨਾਹੀ ਹੈ। ਉਨ੍ਹਾਂ ਕਿਹਾ ਕਿ ਇਸ ਮਨਾਹੀ ਦੀ ਉਲੰਘਣਾ ਕਰਕੇ ਬਾਲ ਮਜ਼ਦੂਰੀ ਕਰਵਾਉਣ ਵਾਲੇ ਨੂੰ ਪਹਿਲੀ ਵਾਰ 10 ਹਜ਼ਾਰ ਰੁਪਏ ਜੁਰਮਾਨਾ ਅਤੇ 6 ਮਹੀਨੇ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਨਾਲ ਹੀ ਮਾਨਯੋਗ ਸੁਪਰੀਮ-ਕੋਰਟ ਦੀਆਂ ਹਦਾਇਤਾਂ ਅਨੁਸਾਰ ਦੋਸ਼ੀ ਪਾਸੋਂ 20 ਤੋਂ 50 ਹਜਾਰ ਤੱਕ ਰਿਕਵਰੀ ਕਰਕੇ ਬਾਲ ਮਜ਼ਦੂਰੀ ਭਲਾਈ ਫ਼ੰਡ ਵਿਚ ਜਮ੍ਹਾ ਕਰਵਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਦਫ਼ਤਰ ਸਹਾਇਕ ਕਿਰਤ ਕਮਿਸ਼ਨਰ, ਫਿਰੋਜਪੁਰ ਵਿਖੇ ਚਾਈਲਡ ਹੈਲਪ ਲਾਈਨ ਟੈਲੀਫੂਨ ਨੰ:01632-245317 ਤੇ ਸਥਾਪਤ ਕੀਤੀ ਗਈ ਹੈ, ਜ਼ਿਲ੍ਹੇ ਦੀਆਂ ਬਾਲ ਮਜ਼ਦੂਰੀ ਸਬੰਧੀ ਸ਼ਿਕਾਇਤਾਂ ਇਸ ਹੈਲਪ ਲਾਈਨ ਨੰਬਰ ਤੇ ਪ੍ਰਾਪਤ ਕੀਤੀਆਂ ਜਾਣਗੀਆਂ।