ਚੰਡੀਗੜ੍ਹ 02 ਫਰਵਰੀ 2019: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਚੱਲ੍ਹ ਰਹੇ ੩੪ਵੇਂ ਕੌਮੀ ਅੰਤਰ ਯੂਨੀਵਰਸਿਟੀ ਯੁਵਕ ਮੇਲੇ 'ਸੀਯੂ ਫੈਸਟ ੨੦੧੯' ਦੇ ਦੂਸਰੇ ਦਿਨ ਸ਼ਾਸਤਰੀ 'ਤੇ ਪੱਛਮੀ ਸੰਗੀਤ, ਮਹਿੰਦੀ, ਪੋਸਟਰ, ਭਾਸ਼ਣ 'ਤੇ ਕੁਇਜ਼ ਮੁਕਾਬਲਿਆਂ ਦਾ ਆਯੋਜਨ ਹੋਇਆ, ਜਿਸ ਵਿੱਚ ਭਾਰਤੀ ਧਾਰਮਿਕ 'ਤੇ ਸਮਾਜਿਕ ਰੀਤੀ-ਰਿਵਾਜ਼, ਸੰਸਕ੍ਰਿਤੀ, ਵਿਰਸਾ 'ਤੇ ਪੱਛਮੀ ਸੱਭਿਆਚਾਰ ਦੀ ਦਿੱਲ-ਟੁੰਭਵੀ ਝਲਕ ਵੇਖਣ ਨੂੰ ਮਿਲੀ ਜਦਕਿ ਭਾਸ਼ਣ ਮੁਕਾਬਲਿਆਂ ਰਾਹੀਂ ਦੇਸ਼ ਦੇ ਨੋਜਵਾਨ ਵਿਦਿਆਰਥੀਆਂ ਨੇ ਸੰਗੀਨ ਮੁੱਦਿਆਂ ਨੂੰ ਸੁਚੱਜੇ ਮਾਧਿਅਮ 'ਤੇ ਉੱਚਿਤ ਸ਼ਬਦਾਂ ਰਾਹੀਂ ਸ੍ਰੋਤਿਆਂ ਅੱਗੇ ਰੱਖਿਆ। ਕੁਇਜ਼ ਮੁਕਾਬਲੇ ਵਿੱਚ ਹੋਏ ਪਹਿਲੇ ਰਾਊਂਡ ਰਾਹੀਂ ਦੇਸ਼ ਭਰ ਤੋਂ ਪਹੁੰਚੀਆਂ ਯੂਨੀਵਰਸਿਟੀਆਂ ਵਿੱਚੋਂ ੬ 'ਵਰਸਿਟੀਆਂ ਦੇ ਵਿਦਿਆਰਥੀ ਫਾਈਨਲ ਰਾਊਂਡ ਵਿੱਚ ਪਹੁੰਚਣ ਲਈ ਕਾਮਯਾਬ ਹੋਏ। ਕੌਮੀ ਅੰਤਰ ਯੂਨੀਵਰਸਿਟੀ ਮੇਲੇ 'ਸੀਯੂ ਫੈਸਟ ੨੦੧੯' ਦੇ ਸ਼ਾਸਤਰੀ ਸੰਗੀਤ ਮੁਕਾਬਲਿਆਂ ਵਿੱਚ ਦੇਵੀ ਅਹਿਲਿਆ ਯੂਨੀਵਰਸਿਟੀ ਇੰਦੌਰ ਤੋਂ ਵਿਨਾਇਕ ਸ਼ੁਕਲਾ ਨੇ ਤੀਨ ਤਾਲ ਰਾਹੀਂ ਸਵਤੰਤਰ ਸੰਗੀਤ ਸ਼੍ਰੇਣੀ ਦਾ ਪ੍ਰਦਰਸ਼ਨ ਕੀਤਾ ਜਿਸ ਵਿੱਚ ਉਨ੍ਹਾਂ ਨੇ ਪੇਸ਼ਕਾਰ, ਕਾਇਦਾ, ਗਤ 'ਤੇ ਵਾਦਨ ਆਦਿ ਧੁਨਾ ਨੂੰ ਵਜਾਇਆ।ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਪੂਨੇ ਤੋਂ ਸਿਧੇਸ਼ਵਰ ਦਸੋਪੰਤ ਨੇ ੧੨-ਮਾਤਰਾ ਤਾਲ ਚੌਤਾਲ ਵਜਾਇਆ, ਜਿਸ ਵਿੱਚ ਉਨ੍ਹਾਂ ਭਗਵਾਨ ਸ਼ਿਵ ਦੀ ਮਹਿਮਾ ਵਿੱਚ ਪਖਾਵਜ ਵਜਾ ਕੇ ਸ਼ਿਵਸਤੁਤੀ ਪਰਨ ਸੁਣਾਇਆ। ਮੁਕਾਬਲੇ ਵਿੱਚ ਤਬਲਾ, ਹਾਰਮੋਨੀਅਮ, ਵੀਨਾ, ਪਖਾਵਜ, ਮਰਿਦੰਗਮ ਆਦਿ ਰਾਹੀਂ ਸੰਗੀਤ ਵਾਦਨਾਵਾਂ ਨੂੰ ਸੁਣਿਆ ਗਿਆ, ਜਿੰਨਾਂ੍ਹ ਰਾਹੀਂ ਵਿਦਿਆਰਥੀਆਂ ਨੇ ਪ੍ਰਭੂ ਭਗਤੀ 'ਤੇ ਅਧਿਆਤਮਿਕਤਾ ਭਰੇ ਸੰਗੀਤ'ਚ ਮਾਹੌਲ ਨੂੰ ਲੀਨ ਕਰ ਦਿੱਤਾ। ਮੁਕਾਬਲੇ 'ਚ ਬਾੱਲੀਵੁੱਡ ਦੇ ਆਲਾ ਦਰਜੇ ਦੇ ਸੰਗੀਤਕਾਰ ਏਆਰ ਰਹਿਮਾਨ, ਕੁਮਾਰ ਸ਼ਾਨੂੰ ਨਾਲ ਕੰਮ ਕਰ ਚੁੱਕੇ ਰਾਸ਼ਟਰੀ ਗਾਇਕ ਸ਼੍ਰੀ ਰਜਤ ਕੁਮਾਰ ਬਹਿਰਾ ਅਤੇ ੩੦੦ ਤੋਂ ਵਧੇਰੇ ਸੰਗੀਤਕ ਸਨਮਾਨ ਹਾਸਿਲ ਕਰ ਚੁੱਕੇ ਪੰਡਿਤ ਵਿਜੈ ਸ਼ੰਕਰ ਮਿਸ਼ਰਾ ਵੱਲੋਂ ਜੱਜਮੈਂਟ ਦੀ ਸੇਵਾ ਨਿਭਾਈ ਗਈ।
ਸੀਯੂ ਫੈਸਟ 'ਚ ਮਹਿੰਦੀ ਦੇ ਮੁਕਾਬਲੇ ਵਿੱਚ ਭਾਰਤੀ ਰਵਾਇਤੀ ਜਾਂ ਵਿਹਾਰਕ ਡੀਜ਼ਾਇਨ ਤਿਆਰ ਕਰਨ ਦਾ ਵਿਸ਼ਾ ਦਿੱਤਾ ਗਿਆ, ਜਿਸ ਵਿੱਚ ਬੁੰਦੇਲਖੰਡ ਯੂਨੀਵਰਸਿਟੀ ਝਾਂਸੀ ਤੋਂ ਰਾਜੇਂਦਰ ਸਿੰਘ 'ਤੇ ਸ਼ਿਵਮ ਵੱਲੋਂ ਵਿਆਹ ਦਾ ਦ੍ਰਿਸ਼ ਅਤੇ ਰਵਾਇਤੀ ਸਵਾਗਤ ਵਾਲੇ ਡਿਜ਼ਾਇਨ ਰਾਹੀਂ ਆਪਣੀ ਚੁਣੌਤੀ ਪੇਸ਼ ਕੀਤੀ। ਪੋਸਟਰ ਮੇਕਿੰਗ ਦੇ ਮੁਕਾਬਲੇ ਵਿੱਚ ਵਿਦਿਆਰਥੀਆਂ ਨੂੰ ਅਜੌਕੇ ਮਨੁੱਖ ਦੀ ਤਕਨਾਲੌਜੀ ਨਿਰਭਰਤਾ, ਮਹਾਤਮਾ ਗਾਂਧੀ ਦੀ ੧੫੦ਵੀਂ ਜਨਮ ਸ਼ਤਾਬਦੀ 'ਤੇ ਵਰਤਮਾਨ ਸਮਾਜ ਦਾ ਕੋਈ ਭੱਖਦਾ ਮੁੱਦਾ ਵਿਸ਼ਾ ਦਿੱਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਔਰਤ ਸੁਰੱਖਿਆ, ਭ੍ਰਸ਼ਟਾਚਾਰ, ਡਾਂਡੀ ਮਾਰਚ 'ਤੇ ਮੋਬਾਈਲ ਨਿਰਭਰਤਾ ਆਦਿ ਦਾ ਚਿਤਰਨ ਕੀਤਾ ਗਿਆ।
ਭਾਸ਼ਣ ਮੁਕਾਬਲਿਆਂ 'ਚ ਸ਼ੁੱਧ ਹਿੰਦੀ 'ਤੇ ਅੰਗਰੇਜ਼ੀ ਸ਼ਬਦਾਂ 'ਤੇ ਮੁਹਾਵਰਿਆਂ ਰਾਹੀਂ ਭਾਰਤੀ ਵਿਦਿਆਰਥੀਆਂ ਵੱਲੋਂ ਦੇਸ਼ ਦੇ ਅਮੀਰ ਵਿਰਸੇ ਦੇ ਉੱਪਰ ਚਾਨਣ ਪਾਇਆ ਗਿਆ, ਜਿਸ'ਚ ਸਵਾਮੀ ਰਾਮਾਨੰਦ ਯੂਨੀਰਵਰਸਿਟੀ ਤੀਰਥ ਮਰਾਠਵਾੜਾ ਦੇ ਵਿਦਿਆਰਥੀ ਕਿਰਨ ਦੇਸ਼ਮੁੱਖ ਨੇ ਵਿਸ਼ੇ ਬਾਰੇ ਬੋਲਿਦਿਆਂ ਕਿਹਾ ਕਿ ਭਾਰਤੀ ਵਿਰਸੇ ਦੀ ਵਿਲੱਖਣਤਾ ਹੈ ਕਿ ਅਜੋਕੇ ਸਮੇਂ 'ਚ ਵੀ ਇਸਨੇ ਆਪਣੀ ਅਲੱਗ ਪਹਿਚਾਣ ਕਾਇਮ ਕੀਤੀ ਹੋਈ ਹੈ। ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਕਿਹਾ ਕਿ ਅੱਜ ਦਾ ਨੋਜਵਾਨ ਹਾਲੇ ਵੀ ਦੇਸ਼ ਦੇ ਸੱਭਿਆਚਾਰ 'ਤੇ ਇਤਿਹਾਸ ਨਾਲ ਜੁੜਿਆ ਹੋਇਆ ਹੈ।
ਪੱਛਮੀ ਸੰਗੀਤ ਸ਼੍ਰੇਣੀ ਵਿੱਚ ਪੱਛਮੀ ਸੱਭਿਆਚਾਰ ਦੇ ਸੰਗੀਤ 'ਤੇ ਗੀਤਾਂ ਨੂੰ ਸੁਣਨ ਦਾ ਮੌਕਾ ਮਿਲਿਆ, ਜਿਸ ਵਿੱਚ ਪਾਰੁਲ ਯੂਨੀਵਰਸਿਟੀ ਵਡੋਦਰਾ ਦੇ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਪੱਛਮੀ ਜ਼ੋਨ ਦੀ ਪ੍ਰਤੀਨਿਧਤਾ ਕੀਤੀ ਗਈ, ਜਦਕਿ ਮੇਜ਼ਬਾਨ 'ਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਨੇ ਉੱਤਰੀ ਜ਼ੋਨ ਵੱਲੋਂ ਦਾਅਵੇਦਾਰੀ ਪੇਸ਼ ਕੀਤੀ। ਸਮਾਗਮ ਸ਼ੁਰੂ ਹੋਣ ਸਮੇਂ ਗੱਤਕੇ ਦੀ ਪੇਸ਼ਕਾਰੀ ਹੋਈ ਜਿਸ ਵਿੱਚ ਕੌਮਨਵੈਲਥ ਖੇਡਾਂ 'ਚ ਗੱਤਕਾ ਪੇਸ਼ ਕਰਨ ਵਾਲੀ ਟੀਮ ਵੱਲੋਂ ਸਿੱਖ ਮਾਰਸ਼ਲ ਆਰਟ ਦੇ ਜੌਹਰ ਵਿਖਾਏ ਗਏ।
ਸ਼ਾਮ ਸਮੇਂ ਇਕਾਂਗੀ ਮੁਕਾਬਿਲਆਂ ਦੀ ਸ਼ੁਰੂਆਤ ਹੋਈ, ਜਿੰਨਾਂ੍ਹ 'ਚ ਵਿਦਿਆਰਥੀਆਂ ਵੱਲੋਂ ਸਮਾਜਿਕ ਮੁੱਦਿਆ, ਮਨੁੱਖੀ ਭਾਵਨਾਵਾਂ 'ਤੇ ਇਤਿਹਾਸਿਕ ਤੱਥਾਂ ਨੂੰ ਰੰਗ ਮੰਚ ਰਾਹੀਂ ਪੇਸ਼ ਕੀਤਾ ਗਿਆ, ਜਿਸ ਵਿੱਚ ਮੇਜ਼ਬਾਨ ਚੰਡੀਗੜ੍ਹ ਯੂਨੀਵਰਸਿਟੀ ਵੱਲੋ ਵਿਗਿਆਨ ਦੇ ਖੇਤਰ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਵਿਗਿਆਨੀ ਥੌਮਸ ਐਡੀਸਨ ਦੇ ਸੰਘਰਸ਼ ਭਰੇ ਜੀਵਨ ਨੂੰ ਵਿਖਾਉਂਦਾ ਅੰਗਰੇਜ਼ੀ ਭਾਸ਼ੀ ਨਾਟਕ ਐਡੀਸਨ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਰਾਮ-ਲੀਲਾ ਗਾਣਿਆਂ ਵਾਲੀ ਬਾਲੀਵੁੱਡ ਦੀ ਨਾਮੀਂ ਗਾਇਕਾ ਭੂਮੀ ਤ੍ਰਿਵੇਦੀ ਵੱਲੋਂ ਦੇਸ਼ ਦੇ ਨੋਜਵਾਨ ਕਲਕਾਰ ਵਿਦਿਆਰਥੀਆਂ ਦਾ ਲਾਈਵ ਕਨਸਰਟ ਰਾਹੀਂ ਮਨੋਰੰਜਨ ਕੀਤਾ ਗਿਆ।
ਫਰਵਰੀ ੩ ਨੂੰ ਇਸ ੩੪ਵੇਂ ਕੌਮੀ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦੇ ਤੀਸਰੇ ਦਿਨ ਇਕਾਂਗੀ ਮੁਕਾਬਲੇ ਜਾਰੀ ਰਹਿਣਗੇ, ਉਨ੍ਹਾਂ ਦੇ ਨਾਲ ਵਾਦ ਵਿਵਾਦ, ਸੰਗੀਤ 'ਚ ਪੱਛਮੀ ਸੰਗੀਤ ਵਾਦਨਾ, ਲੋਕ-ਸੰਗੀਤ, ਸੂਖਮ ਕਲਾ 'ਚ ਬੁੱਤ ਬਣਾਉਣਾ, ਕੋਲਾਜ ਬਣਾਉਣਾ 'ਤੇ ਫੋਟੋਗ੍ਰਾਫੀ ਦੇ ਮੁਕਾਬਲੇ ਹੋਣ ਜਾ ਰਹੇ ਹਨ, ਜਦਕਿ ਸ਼ਾਮ ਸਮੇਂ ਪੰਜਾਬੀ ਸੰਗੀਤ ਦੇ ਸਿਤਾਰੇ ਗੈਰੀ ਸੰਧੂ, ਜੈਸਮੀਨ ਸੈਂਡਲਾਸ 'ਤੇ ਜੈਨੀ ਜੋਹਲ ਵੱਲੋਂ ਕੈਂਪਸ 'ਚ ਰੌਣਕਾਂ ਲਾਈਆਂ ਜਾਣਗੀਆਂ।