ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 2 ਮਾਰਚ 2021-ਸ਼ੋਸ਼ਲ ਮੀਡੀਆ, ਜੋ ਹਰ ਖੇਤਰ ’ਚ ਮੋਹਰੀ ਰੋਲ ਅਦਾ ਕਰਦਾ ਹੈ, ’ਤੇ ਇਸ ਵਾਰ ਜਿੱਥੇ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਮਜ਼ਾਕ ਤੇ ਹਾਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਉਥੇ ਹੀ ਇੰਨੀਂ ਦਿਨੀਂ ਅਜਿਹੀ ਹੀ ਇੱਕ ਆਡਿਓ ਕਲਿੱਪ ਵੀ ਨਜ਼ਰ ਆ ਰਿਹਾ ਹੈ। ਮਹਿਜ਼ 21 ਸਕਿੰਟਾਂ ਦਾ ਇਹ ਆਡਿਓ ਕਲਿੱਪ, ਜੋ ਇਸ ਸਮੇਂ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਵਧੀ ਮਹਿੰਗਾਈ ਨੂੰ ਲੈ ਕੇ ਸਰਕਾਰ ’ਤੇ ਝਾੜ ਪਾਉਂਦਾ ਵੀ ਨਜ਼ਰ ਆ ਰਿਹਾ ਹੈ।
ਦਰਅਸਲ ਕੋਰੋਨਾਕਾਲ ਦੌਰਾਨ ਜਿਸ ਤਰ੍ਹਾਂ ਮੋਬਾਇਲ ਕੰਪਨੀਆਂ ਵੱਲੋਂ ਘੰਟੀ ਦੀ ਜਗ੍ਹਾ ਕੋਰੋਨਾ ਤੋਂ ਸੁਚੇਤ ਕਰਨ ਲਈ ਮੈਸੇਜ ਵਾਲੀ ਆਡਿਓ ਚਲਾਈ ਜਾਂਦੀ ਹੈ, ਠੀਕ ਉਸੇ ਤਰ੍ਹਾਂ ਇਹ ਕਲਿੱਪ ਮਹਿੰਗਾਈ ਨੂੰ ਲੈ ਕੇ ਲੋਕਾਂ ਨੂੰ ਵੱਖਰੇ ਹੀ ਅੰਦਾਜ਼ ’ਚ ਸੁਚੇਤ ਕਰ ਰਿਹਾ ਹੈ। ਜੀ ਹਾਂ..ਆਡਿਓ ਵਿਚ ਕਿਹਾ ਜਾ ਰਿਹਾ ਹੈ ਕਿ
‘ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਤੋਂ ਘਬਰਾਉਣ ਦੀ ਲੋੜ ਨਹੀਂ, ਇਸਦਾ ਵੀ ਉਹੀ ਬਚਾਅ ਹੈ, ਜੋ ਕੋਵਿਡ ਦਾ ਹੈ, ਘਰ ’ਚ ਰਹੋ, ਸੁਰੱਖਿਅਤ ਰਹੋ, ਮਸਤ ਰਹੋ, ਸਰਕਾਰ ਨੂੰ ਤੁਹਾਡੀ ਬਹੁਤ ਚਿੰਤਾ ਹੈ, ਮਹਿੰਗਾਈ ਇੱਕ ਬਿਮਾਰੀ ਹੈ ਤੇ ਇਸ ਤੋਂ ਬਚੋ, ਖ਼ਾਣਾ ਘੱਟ ਖਾਓ, ਕੱਪੜੇ ਪਾਟੇ ਪੁਰਾਣੇ ਪਾਓ ਤੇ ਹੋ ਸਕੇ ਤਾਂ ਸਿਰਫ਼ ਪੈਦਲ ਹੀ ਆਓ ਜਾਓ, ਈਧਨ ਵਾਲੇ ਵਾਹਨਾਂ ਦਾ ਪ੍ਰਯੋਗ ਨਾ ਕਰੋ ਤੇ ਧਿਆਨ ਰਹੇ ਕਿ ਸਾਨੂੰ ਮਹਿੰਗਾਈ ਨਾਲ ਲੜਨਾ ਹੈ, ਨਾ ਕਿ ਸਰਕਾਰ ਨਾਲ’।
ਉਕਤ ਮੈਸੇਜ ਵਾਲੀ ਆਡਿਓ ਕਲਿੱਪ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕ ਕੇਂਦਰ ਸਰਕਾਰ ਨੂੰ ਕੋਸ ਵੀ ਰਹੇ ਹਨ। ਵਰਣਨਯੋਗ ਹੈ ਕਿ ਪਿਛਲੇ ਦਿਨਾਂ ਤੋਂ ਤੇਲ ਤੇ ਰਸੋਈ ਗੈਸ ਕੀਮਤਾਂ ਦੇ ਰੇਟ ਲਗਾਤਾਰ ਵੱਧ ਰਹੇ ਹਨ ਤੇ ਆਮ ਜਨਤਾ ਲਈ ਸਫ਼ਰ ਕਰਨਾ ਤੇ ਰਸੋਈ ਚਲਾਉਣਾ ਮੁਸ਼ਕਿਲ ਬਣ ਗਿਆ ਹੈ।