ਚੋਣ ਡਿਊਟੀ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ 2-2 ਕਰੋੜ ਦਾ ਮੁਆਵਜ਼ਾ ਦੇਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 05 ਅਕਤੂਬਰ 2026: ਪਿਛਲੇ ਸਾਲ ਦਸੰਬਰ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਡਿਊਟੀ ਦੇਣ ਜਾ ਰਹੇ ਮੋਗਾ ਜ਼ਿਲ੍ਹੇ ਦੇ ਅਧਿਆਪਕ ਪਤੀ-ਪਤਨੀ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਗੱਡੀ ਭਾਰੀ ਧੁੰਦ ਕਾਰਨ ਸੂਏ ਵਿੱਚ ਡਿੱਗਣ ਕਰਕੇ ਮੌਤ ਹੋ ਗਈ ਸੀ|ਉਹਨਾਂ ਦੇ 11 ਅਤੇ 14 ਸਾਲ ਦੇ ਅਨਾਥ ਬੱਚੇ ਅਜੇ ਤੱਕ ਵੀ ਸਰਕਾਰ ਤੋਂ ਮੁਆਵਜ਼ਾ ਰਾਸ਼ੀ ਦੀ ਉਡੀਕ ਕਰ ਰਹੇ ਹਨ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਨਾਕਸ ਪ੍ਰਬੰਧਾਂ ਦੀ ਭੇਂਟ ਚੜੇ ਇਸ ਅਧਿਆਪਕ ਜੋੜੇ ਦੀ ਡਿਊਟੀ ਦੌਰਾਨ ਹੋਈ ਮੌਤ ਬਦਲੇ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਲਗਾਤਾਰ ਉਹਨਾਂ ਦੇ ਬੱਚਿਆਂ ਲਈ 2-2 ਕਰੋੜ ਮੁਆਵਜ਼ੇ ਦੀ ਮੰਗ ਕਰ ਰਹੀਆਂ ਹਨ।ਆਗੂਆਂ ਨੇ ਕਿਹਾ ਕਿ ਕੱਲ ਜਦੋਂ ਨਸ਼ੇ ਖਿਲਾਫ ਲੜਾਈ ਲੜਦੇ ਪਰਵਿੰਦਰ ਸਿੰਘ ਝੋਟਾ ਨੂੰ 2 ਕਰੋੜ ਮੁਆਵਜ਼ੇ ਦਾ ਐਲਾਨ ਕੀਤਾ ਤਾਂ ਸਵਰਗੀ ਜਸਕਰਨ ਅਤੇ ਕਮਲਜੀਤ ਦੇ ਅਨਾਥ ਬੱਚਿਆਂ ਅਤੇ ਅਧਿਆਪਕ ਜਥੇਬੰਦੀਆਂ ਨੂੰ ਸਾਲ ਪਹਿਲਾਂ ਹੋਈ ਇਸ ਦਰਦਨਾਕ ਘਟਨਾ ਦੀ ਯਾਦ ਹੋ ਗਈ।
ਜਥੇਬੰਦੀ ਮੀਤ ਪ੍ਰਧਾਨ ਵਿਕਾਸ ਗਰਗ, ਸੰਯੁਕਤ ਸਕੱਤਰ ਕੁਲਵਿੰਦਰ ਵਿਰਕ, ਵਿਤ ਸਕੱਤਰ ਅਨਿਲ ਭੱਟ ਨੇ ਦੱਸਿਆ ਕਿ ਮ੍ਰਿਤਕ ਅਧਿਆਪਕ ਜੋੜੇ ਨੂੰ ਇਨਸਾਫ਼ ਦਵਾਉਣ ਲਈ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਸੰਘਰਸ਼ ਕੀਤਾ ਤਾਂ ਅਧਿਆਪਕ ਜੋੜੇ ਨੂੰ ਸਿਰਫ 10-10 ਲੱਖ ਦਾ ਮੁਆਵਜ਼ਾ ਹੀ ਦਿੱਤਾ ਗਿਆ |ਪਰ ਜਥੇਬੰਦੀਆਂ ਅੱਜ ਵੀ ਸਰਕਾਰ ਤੋਂ ਮੰਗ ਕਰ ਰਹੀਆਂ ਹਨ ਕਿ ਸਰਕਾਰੀ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਨੂੰ 2-2 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ।ਆਗੂਆਂ ਨੇ ਕਿਹਾ ਚੋਣਾਂ ਦੌਰਾਨ ਸਰਕਾਰ ਦੇ ਨਾਕਸ ਪ੍ਰਬੰਧਾਂ ਕਾਰਨ ਹਰ ਵਾਰ ਹਫੜਾ ਦਫ਼ੜੀ ਕਾਰਨ ਹਾਦਸੇ ਵਾਪਰਦੇ ਹਨ ਪਰ ਸਰਕਾਰ ਇਹਨਾਂ ਤੋਂ ਕੋਈ ਸਬਕ ਨਹੀਂ ਲੈਂਦੀ|ਆਗੂਆਂ ਨੇ ਮੰਗ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਧਿਆਪਕਾਂ ਦੀਆਂ ਚੋਣ ਡਿਊਟੀਆਂ ਉਹਨਾਂ ਰਿਹਾਇਸ਼ ਦੇ ਨੇੜੇ ਲਗਾਈ ਜਾਵੇ ਤਾਂ ਜੋ ਅਜਿਹੇ ਹਾਦਸਿਆ ਤੋਂ ਬਚਿਆ ਜਾ ਸਕੇ।
- Download Babushahi App
-
-