ਪੰਜਾਬੀ ਕਵੀ ਅਤੇ ਵਾਰਤਕ ਲੇਖਕ ਸੁਖਪਾਲ ਨਾਲ ਰੂ-ਬ-ਰੂ
ਚੰਡੀਗੜ੍ਹ: ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਵਾਰਤਕ ਲੇਖਕ ਸੁਖਪਾਲ ਨਾਲ ਵਿਸ਼ੇਸ਼ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕੈਨੇਡਾ ਵਿੱਚ ਵਿਗਿਆਨੀ ਵਜੋਂ ਸੇਵਾਵਾਂ ਨਿਭਾ ਰਹੇ ਸੁਖਪਾਲ ਨੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨਾਲ ਆਪਣੇ ਸਾਹਿਤਕ ਸਫ਼ਰ, ਸਿਰਜਣਾਤਮਕ ਅਨੁਭਵਾਂ ਅਤੇ ਸਾਹਿਤਕ ਦ੍ਰਿਸ਼ਟੀ ਬਾਰੇ ਵਿਚਾਰ ਸਾਂਝੇ ਕੀਤੇ।
ਪ੍ਰੋਗਰਾਮ ਦੇ ਆਰੰਭ ਵਿੱਚ ਵਿਭਾਗ ਦੀ ਮੁਖੀ ਡਾ. ਪਰਮਜੀਤ ਕੌਰ ਸਿੱਧੂ ਨੇ ਸੁਖਪਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਸੇ ਸਾਹਿਤਕਾਰ ਨਾਲ ਰੂ-ਬ-ਰੂ ਹੋਣਾ ਕੇਵਲ ਉਸਦੀਆਂ ਰਚਨਾਵਾਂ ਬਾਰੇ ਜਾਣਨ ਦਾ ਮੌਕਾ ਨਹੀਂ ਹੁੰਦਾ, ਸਗੋਂ ਉਸਦੀ ਸਿਰਜਣਾਤਮਕ ਦ੍ਰਿਸ਼ਟੀ, ਅਨੁਭਵ-ਸੰਸਾਰ ਅਤੇ ਸੰਵੇਦਨਸ਼ੀਲਤਾ ਨੂੰ ਨੇੜਿਓਂ ਸਮਝਣ ਦਾ ਵੀ ਅਵਸਰ ਹੁੰਦਾ ਹੈ। ਉਹਨਾਂ ਸੁਖਪਾਲ ਦੀ ਸਾਹਿਤਕ ਪਛਾਣ ਬਾਰੇ ਗੱਲ ਕਰਦਿਆਂ ਉਨ੍ਹਾਂ ਦੀ ਕਵਿਤਾ ਅਤੇ ਵਾਰਤਕ ਵਿਚਲੇ ਵਿਲੱਖਣ ਅੰਤਰ-ਸੰਬੰਧ ਨੂੰ ਵਿਸ਼ੇਸ਼ ਤੌਰ ’ਤੇ ਰੇਖਾਂਕਿਤ ਕੀਤਾ। ਉਹਨਾਂ ਕਿਹਾ ਕਿ ਸੁਖਪਾਲ ਦੀ ਕਵਿਤਾ ਵਿੱਚ ਵਿਚਾਰ ਦੀ ਗਹਿਰਾਈ ਅਤੇ ਵਾਰਤਕ ਵਿੱਚ ਕਾਵਿਕ ਸੰਵੇਦਨਾ ਦਾ ਸੁੰਦਰ ਸੁਮੇਲ ਦਿਖਾਈ ਦਿੰਦਾ ਹੈ।
ਪ੍ਰੋ. ਯੋਗਰਾਜ ਅੰਗਰਿਸ਼ ਨੇ ਸੁਖਪਾਲ ਦੀ ਕਵਿਤਾ ਨਾਲ ਜਾਣ-ਪਛਾਣ ਕਰਾਉਂਦਿਆਂ ਕਿਹਾ ਕਿ ਸੁਖਪਾਲ ਦੀ ਕਵਿਤਾ ਸਰਲਤਾ, ਸਹਿਜਤਾ ਅਤੇ ਸੰਵੇਦਨਾ ਨਾਲ ਲਬਰੇਜ਼ ਕਵਿਤਾ ਹੈ ਜੋ ਵਿਸ਼ਵ-ਵਿਆਪੀ ਸਰੋਕਾਰਾਂ ਨਾਲ ਸੰਵਾਦ ਰਚਾਉਂਦੀ ਹੈ। ਉਹਨਾਂ ਕਿਹਾ ਕਿ ਸੁਖਪਾਲ ਦੀ ਲੇਖਣੀ ਸਮਕਾਲੀ ਜੀਵਨ ਦੇ ਗੁੰਝਲਦਾਰ ਯਥਾਰਥ, ਮਨੁੱਖੀ ਸੰਵੇਦਨਾਵਾਂ ਅਤੇ ਵਿਸ਼ਵ-ਵਿਆਪੀ ਸਰੋਕਾਰਾਂ ਨਾਲ ਸੰਵਾਦ ਰਚਾਉਂਦੀ ਹੈ।
ਸੁਖਪਾਲ ਨੇ ਆਪਣੀ ਕਾਵਿ ਸਾਧਨਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਵਿਤਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜੋ ਪਾਠਕ ਦੇ ਸਮੇਂ ਦਾ ਮੁੱਲ ਮੋੜ ਸਕੇ। ਉਹਨਾਂ ਕਵਿਤਾ ਵਿੱਚ ਵਿਚਾਰਧਾਰਾ ਨਾਲੋਂ ਵਿਚਾਰ ਨੂੰ ਮਹੱਤਵ ਦਿੰਦਿਆਂ ਕਿਹਾ ਕਿ ਵਿਚਾਰਧਾਰਾ ਮਨੁੱਖ ਦੀ ਸੋਚਣੀ ਨੂੰ ਤੰਗ ਵਲਗਣਾਂ ਵਿੱਚ ਬੰਨ੍ਹਦੀ ਹੈ ਜਦਕਿ ਵਿਚਾਰ ਕਵਿਤਾ ਨੂੰ ਵਿਸ਼ਾਲਤਾ ਪ੍ਰਦਾਨ ਕਰਦਾ ਹੈ। ਉਹਨਾਂ ਪ੍ਰਵਾਸੀ ਹੁੰਦਿਆਂ ਵੀ ਹੇਰਵੇ ਦੀ ਕਵਿਤਾ ਨਹੀਂ ਲਿਖੀ ਕਿਉਂਕਿ ਉਹਨਾਂ ਅਨੁਸਾਰ ਪ੍ਰਵਾਸ ਉਹਨਾਂ ਦੀ ਆਪਣੀ ਚੋਣ ਹੈ। ਉਹ ਕਵਿਤਾ ਵਿੱਚ ਅਨੁਭਵ ਨੂੰ ਵਧੇਰੇ ਮਹੱਤਵ ਦਿੰਦੇ ਹਨ।
ਇਸ ਮੌਕੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਸੁਖਪਾਲ ਨਾਲ ਸਾਹਿਤ, ਸਿਰਜਣ-ਪ੍ਰਕਿਰਿਆ ਅਤੇ ਸਮਕਾਲੀ ਸਮਾਜਿਕ ਸਰੋਕਾਰਾਂ ਬਾਰੇ ਸੰਵਾਦ ਰਚਾਇਆ। ਵਿਭਾਗ ਵੱਲੋਂ ਅਜਿਹੇ ਸਾਹਿਤਕ ਸੰਵਾਦਾਂ ਦੇ ਆਯੋਜਨ ਨੂੰ ਵਿਦਿਆਰਥੀਆਂ ਦੀ ਸਾਹਿਤਕ ਸਮਝ ਨੂੰ ਵਿਸ਼ਾਲ ਅਤੇ ਡੂੰਘਾ ਕਰਨ ਦੀ ਇੱਕ ਮਹੱਤਵਪੂਰਨ ਪਹਿਲ ਦੱਸਿਆ ਗਿਆ। ਅੰਤ ਵਿੱਚ ਸੁਖਪਾਲ ਦਾ ਸਮਾਂ ਕੱਢ ਕੇ ਵਿਭਾਗ ਦਾ ਸੱਦਾ ਸਵੀਕਾਰ ਕਰਨ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ’ਤੇ ਵਿਭਾਗ ਦੇ ਸੀਨੀਅਰ ਪ੍ਰੋ. ਉਮਾ ਸੇਠੀ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ, ਵਿਭਾਗ ਦੇ ਅਧਿਆਪਕ ਗੁਰਚਰਨ ਸਿੰਘ, ਫਰੈਂਚ ਵਿਭਾਗ ਤੋਂ ਡਾ. ਬਲਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਖੋਜਾਰਥੀ ਸ਼ਾਮਿਲ ਹੋਏ।
- Download Babushahi App
-
-