ਪੰਜਾਬ ਵਿੱਚ ਭਾਰਤੀ ਰਾਸ਼ਟਰਵਾਦੀ ਪਾਰਟੀ ਦੀ ਸਰਕਾਰ ਬਣਨ ’ਤੇ ਪਾਰਸ (ਖਸਖਸ) ਦੀ ਖੇਤੀ ਕਰਵਾਉਣਾ ਹੋਵੇਗਾ ਪਹਿਲਾ ਫੈਸਲਾ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ
ਡਗਰੂ, ਮੋਗਾ (ਪੰਜਾਬ) 15 ਨਵੰਬਰ 2026: ਭਾਰਤੀ ਰਾਸ਼ਟਰਵਾਦੀ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਇੰਚਾਰਜ ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਪਿੰਡ ਡਗਰੂ, ਤਹਿਸੀਲ ਮੋਗਾ-2 ਵਿਖੇ ਇਨਸਾਫ਼ ਟੀਮ ਦੇ ਜਗਮੀਤ ਸਿੰਘ ‘ਜੱਗਾ’ ਅਤੇ ਬੀਬਾ ਇੰਦਰਜੀਤ ਕੌਰ ਦੀ ਅਗਵਾਈ ਹੇਠ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਰਤੀ ਰਾਸ਼ਟਰਵਾਦੀ ਪਾਰਟੀ ਦੀ ਸਰਕਾਰ ਬਣਨ ’ਤੇ ਪਾਰਸ (ਖਸਖਸ) ਦੀ ਖੇਤੀ ਸ਼ੁਰੂ ਕਰਵਾਉਣਾ ਸਰਕਾਰ ਦਾ ਪਹਿਲਾ ਫੈਸਲਾ ਹੋਵੇਗਾ।
ਗਰੇਵਾਲ ਨੇ ਇਸ ਰੈਲੀ ਵਿੱਚ ਸਭ ਨੂੰ ਅਵਾਹਨ ਕੀਤਾ ਕਿ ਇਹ ਖਸਖਸ ਨਹੀਂ ਅੱਜ ਤੋਂ ਪਾਰਸ ਦੀ ਖੇਤੀ ਕਹਾਏਗੀ। ਉਨ੍ਹਾਂ ਨੇ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਕਹਿਰ, ਚਿੱਟੇ ਕਾਰਨ ਉੱਜੜ ਰਹੇ ਘਰਾਂ, ਕਿਸਾਨਾਂ ਦੀ ਦਿਨੋਂ-ਦਿਨ ਮਾੜੀ ਹੋ ਰਹੀ ਆਰਥਿਕ ਹਾਲਤ ਅਤੇ ਪੰਜਾਬ ਦੀ ਜਵਾਨੀ ਦੇ ਧੁੰਦਲੇ ਹੁੰਦੇ ਭਵਿੱਖ ’ਤੇ ਡੂੰਘੀ ਚਿੰਤਾ ਪ੍ਰਗਟਾਈ।
ਉਨ੍ਹਾਂ ਕਿਹਾ, “ਪੰਜਾਬ ਦੀ ਜਵਾਨੀ ਨੂੰ ਹਰ ਕੀਮਤ ’ਤੇ ਬਚਾਉਣਾ ਪਵੇਗਾ। ਨਸ਼ਿਆਂ ਕਾਰਨ ਉੱਜੜੇ ਹਰ ਪਰਿਵਾਰ ਨੂੰ ਸਹਾਰੇ, ਇਨਸਾਫ਼ ਅਤੇ ਨਵੀਂ ਆਸ ਦੀ ਲੋੜ ਹੈ। ਅਸੀਂ ਆਪਣੀ ਇੱਕ ਹੋਰ ਪੀੜ੍ਹੀ ਨੂੰ ਚਿੱਟੇ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣਾ ਭਵਿੱਖ ਬਰਬਾਦ ਨਹੀਂ ਕਰਨ ਦੇਵਾਂਗੇ।”
ਉਨ੍ਹਾਂ ਐਲਾਨ ਕੀਤਾ ਕਿ ਨਸ਼ਿਆਂ ਦੀ ਤਸਕਰੀ ਨੂੰ ਰੋਕਣ, ਨਸ਼ਾ ਤਸਕਰਾਂ ਦੇ ਜਾਲ ਦਾ ਪਰਦਾਫਾਸ਼ ਕਰਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਦੀ ਮਦਦ ਕਰਨ ਲਈ ਪੰਜਾਬ ਯੂਥ ਟਾਸਕ ਫੋਰਸ ਬਣਾਈ ਜਾਵੇਗੀ। ਇਸ ਦੇ ਨਾਲ ਹੀ ਨਸ਼ਿਆਂ ਦੇ ਆਦੀ ਹੋ ਚੁੱਕੇ ਨੌਜਵਾਨਾਂ ਲਈ ਵਧੀਆ ਇਲਾਜ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੀ ਸਹੂਲਤ ਅਤੇ ਪੰਜਾਬ ਦੇ ਨੌਜਵਾਨਾਂ ਲਈ ਤੁਰੰਤ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਪਾਰਟੀ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੋਵੇਗਾ।
ਗਰੇਵਾਲ ਨੇ ਅੱਗੇ ਕਿਹਾ ਕਿ ਭਾਰਤੀ ਰਾਸ਼ਟਰਵਾਦੀ ਪਾਰਟੀ ਪੰਜਾਬ ਵਿੱਚ ਭੁੱਕੀ ਅਤੇ ਅਫ਼ੀਮ ਦੀ ਕਾਨੂੰਨੀ ਤੇ ਲਾਇਸੈਂਸਸ਼ੁਦਾ ਖੇਤੀ ਸ਼ੁਰੂ ਕਰਵਾਉਣ ਲਈ ਕੰਮ ਕਰੇਗੀ। ਇਸ ਸਬੰਧੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਲਾਗੂ ਨਿਯਮਬੱਧ ਪ੍ਰਬੰਧਾਂ ਦਾ ਅਧਿਐਨ ਕਰਕੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪਿੰਡਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕੀਤੇ ਜਾਣਗੇ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ ਦੇ ਰੁਜ਼ਗਾਰ, ਲੋਕਾਂ ਦੀ ਸੁਰੱਖਿਆ ਅਤੇ ਨਸ਼ਾ ਮੁਕਤ ਸਮਾਜ ਲਈ ਇਕਜੁੱਟ ਹੋ ਕੇ ਅੱਗੇ ਆਉਣ।
ਉਨ੍ਹਾਂ ਦ੍ਰਿੜ੍ਹਤਾ ਨਾਲ ਕਿਹਾ, “ਮੈਂ ਇਹ ਐਲਾਨ ਸਭ ਦੇ ਸਾਹਮਣੇ, ਆਪਣੀ ਪੂਰੀ ਜ਼ਿੰਮੇਵਾਰੀ ’ਤੇ ਕਰ ਰਿਹਾ ਹਾਂ ਅਤੇ ਆਪਣੇ ਸ਼ਬਦਾਂ ’ਤੇ ਪੂਰੀ ਤਰ੍ਹਾਂ ਕਾਇਮ ਹਾਂ। ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ, ਸਾਡੀ ਜਵਾਨੀ ਦੀ ਸੁਰੱਖਿਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਕਿਸੇ ਵੀ ਸਿਆਸੀ ਅਹੁਦੇ ਜਾਂ ਨਿੱਜੀ ਹਿੱਤ ਨਾਲੋਂ ਵੱਧ ਕੀਮਤੀ ਹੈ। ਮੈਂ ਇਸ ਵਾਅਦੇ ਦੀ ਜ਼ਿੰਮੇਵਾਰੀ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਾਂ।”
ਗਰੇਵਾਲ ਨੇ ਆਪਣੇ ਸੰਬੋਧਨ ਦੇ ਅਖੀਰ ਵਿੱਚ ਮੁੜ ਦੁਹਰਾਇਆ ਕਿ ਭਾਰਤੀ ਰਾਸ਼ਟਰਵਾਦੀ ਪਾਰਟੀ ਦਾ ਮੁੱਖ ਮਿਸ਼ਨ ਪੰਜਾਬ ਨੂੰ ਖੁਸ਼ਹਾਲ, ਸੁਰੱਖਿਅਤ, ਭ੍ਰਿਸ਼ਟਾਚਾਰ ਮੁਕਤ, ਜੁਰਮ ਮੁਕਤ ਅਤੇ ਨਸ਼ਾ ਮੁਕਤ ਸੂਬਾ ਬਣਾਉਣਾ ਹੈ।
ਪਿੰਡ ਡਗਰੂ, ਮੋਗਾ ਵਿਖੇ ਹੋਈ ਇਸ ਵਿਸ਼ਾਲ ਇਨਸਾਫ਼ ਟੀਮ ਰੈਲੀ ਵਿੱਚ ਹਰਪ੍ਰੀਤ ਸਿੰਘ ਬਾਂਗਾ, ਕੌਮੀ ਕੋਆਰਡੀਨੇਟਰ, ਡਾ. ਵਿਕਰਮ ਸਿੰਘ ਸੂਰੀ, ਪੰਜਾਬ ਸੂਬਾ ਕਨਵੀਨਰ, ਹਰਪ੍ਰੀਤ ਸਿੰਘ ਸ਼ੇਰਗਿੱਲ, ਪੰਜਾਬ ਕੋਆਰਡੀਨੇਟਰ, ਐਡਵੋਕੇਟ ਰੋਹਿਤੋਜ਼ ਸਿੰਘ, ਕਨਵੀਨਰ ਅਤੇ ਐਡਵੋਕੇਟ ਹਰਮਨਦੀਪ ਸਿੰਘ ਗਿੱਲ ਮੋਗਾ, ਪੰਜਾਬ ਲੀਗਲ ਸੈੱਲ ਸਮੇਤ ਪੰਜਾਬ ਭਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਭਾਰਤੀ ਰਾਸ਼ਟਰਵਾਦੀ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਆਪਣੇ-ਆਪਣੇ ਹਲਕਿਆਂ ਦੇ ਵਰਕਰਾਂ ਅਤੇ ਸਾਥੀਆਂ ਸਮੇਤ ਸ਼ਾਮਲ ਹੋਏ। ਇਸ ਮੌਕੇ ਬੀਬਾ ਰਿੰਪੀ ਗਰੇਵਾਲ ਨੇ ਵੀ ਵਿਸ਼ੇਸ਼ ਹਾਜ਼ਰੀ ਲਗਵਾਈ ਅਤੇ ਰੈਲੀ ਨੂੰ ਸੰਬੋਧਨ ਕੀਤਾ।
ਰੈਲੀ ਵਿੱਚ ਸ਼ਾਮਲ ਹਲਕਾ ਇੰਚਾਰਜਾਂ ਵਿੱਚ ਦਰਸ਼ਨ ਸਿੰਘ ਰੇਹਲ, ਲੁਧਿਆਣਾ ਦੱਖਣੀ, ਦਰਸ਼ਨ ਕੌਰ ਧਾਲੀਵਾਲ, ਮੋਗਾ, ਡਾ. ਜਗਤਾਰ ਸਿੰਘ, ਲੰਬੀ, ਇੰਜੀਨੀਅਰ ਸੰਜੀਵ ਸ਼ਰਮਾ, ਰੂਪਨਗਰ, ਕੁਲਵਿੰਦਰ ਕੌਰ, ਮਾਨਸਾ, ਪਰਵਿੰਦਰ ਸਿੰਘ, ਸਮਰਾਲਾ, ਜਸਵੀਰ ਸਿੰਘ, ਜਗਰਾਉਂ, ਸੇਵਾਮੁਕਤ ਐਸ.ਐਚ.ਓ. ਜਗਜੀਤ ਸਿੰਘ, ਆਤਮ ਨਗਰ ਲੁਧਿਆਣਾ, ਸੁਖਜਿੰਦਰ ਸਿੰਘ ਮਾਹੂ, ਅੰਮ੍ਰਿਤਸਰ ਪੂਰਬੀ, ਐਡਵੋਕੇਟ ਮਨਜਿੰਦਰ ਸਿੰਘ, ਜ਼ੀਰਾ, ਹਰਦੀਪ ਸਿੰਘ, ਬਾਬਾ ਬਕਾਲਾ, ਹਰਜੀਤ ਸਿੰਘ, ਜੰਡਿਆਲਾ, ਬਲਜੀਤ ਸਿੰਘ ਮਾਨ, ਗੁਰਦਾਸਪੁਰ, ਪੰਕਜ ਮਹਿਤਾ, ਜਲੰਧਰ ਉੱਤਰੀ, ਦਵਿੰਦਰਜੀਤ ਕੌਰ, ਲੁਧਿਆਣਾ ਪੱਛਮੀ, ਗਜਬੀਰ ਸਿੰਘ ਮਠਾਰੂ, ਧਰਮਕੋਟ, ਹਰਜਿੰਦਰ ਸਿੰਘ ਢਿੱਲੋਂ, ਖਰੜ, ਇੰਦਰਜੀਤ ਸਿੰਘ ਬਮਰਾਹ, ਡੇਰਾ ਬੱਸੀ, ਸੁਖਵੰਤ ਸਿੰਘ, ਤਰਨਤਾਰਨ, ਗੁਰਮੀਤ ਕੌਰ, ਖੇਮਕਰਨ, ਹਰਦੀਪ ਸਿੰਘ, ਖਡੂਰ ਸਾਹਿਬ, ਅਮਰਜੀਤ ਸਿੰਘ, ਪੱਟੀ, ਸਿਮਰਨਜੀਤ ਸਿੰਘ ਜੰਡੂ, ਜਲੰਧਰ ਕੇਂਦਰੀ, ਕਰਨ ਸਿੰਘ, ਸ਼ਾਹਕੋਟ, ਅਵਤਾਰ ਸਿੰਘ, ਮਜੀਠਾ, ਕੁਲਵੰਤ ਸਿੰਘ, ਸਾਹਨੇਵਾਲ ਅਤੇ ਰੌਸ਼ਨ ਪਾਲ ਸ਼ਰਮਾ, ਬਾਘਾਪੁਰਾਣਾ ਸ਼ਾਮਲ ਸਨ। ਇਨ੍ਹਾਂ ਸਾਰਿਆਂ ਨੇ ਆਪਣੇ-ਆਪਣੇ ਹਲਕਿਆਂ ਦੇ ਵਰਕਰਾਂ ਅਤੇ ਸਾਥੀਆਂ ਸਮੇਤ ਰੈਲੀ ਵਿੱਚ ਸ਼ਮੂਲੀਅਤ ਕੀਤੀ।
- Download Babushahi App
-
-