ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਖਾਲੜਾ 'ਤੇ ਅਧਾਰਿਤ 'ਸਤਲੁਜ' ਫਿਲਮ ਨੂੰ ਫਿਰਕੂ ਮੁੱਦਾ ਬਣਾਉਣ ਤੋਂ ਬਾਜ ਆਵੇ ਬਿੱਟੂ :- ਕੋਹਲੀ, ਪੰਨੂੰ
ਸਮਾਜਸੇਵੀ ਲੋਕ ਸੰਗਤੀ ਰੂਪ ਵਿੱਚ ਫਿਲਮ ਵਿਖਾਉਣ ਦੇ ਉਪਰਾਲੇ ਕਰਨ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ-: 9 ਜੁਲਾਈ 2026 : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਇਕ ਸਾਂਝੇ ਲਿਖਤੀ ਬਿਆਨ ਵਿੱਚ ਦੋਸ਼ ਲਾਇਆ ਕਿ ਮਨੁੱਖੀ ਅਧਿਕਾਰਾਂ ਦੇ ਵਿਸ਼ਵ ਪ੍ਰਸਿੱਧ ਕਾਰਕੁੰਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ 'ਤੇ ਆਧਾਰਿਤ ਫਿਲਮ ਨੂੰ ਰਵਨੀਤ ਸਿੰਘ ਬਿੱਟੂ ਹਿੰਦੂ ਸਿੱਖ ਭਾਈਚਾਰੇ ਵਿੱਚ ਪਾੜ ਪਾਉਣ ਲਈ ਫਿਰਕੂ ਮੁੱਦਾ ਬਣਾ ਰਿਹਾ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਬਿਨਾ ਕਿਸੇ ਵਿਤਕਰੇ ਤੋਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜੀ ਸੀ। ਜਿਸ ਵਿੱਚ ਉਸ ਵੱਲੋਂ ਚਲਾਈ ਮੁਹਿੰਮ ਦੌਰਾਨ ਬਹੁਤ ਸਾਰੇ ਹਿੰਦੂ ਪਰਿਵਾਰਾਂ ਨੂੰ ਵੀ ਇਨਸਾਫ ਮਿਲਿਆ, ਜਿੰਨਾ ਦੇ ਪੁਤਰ ਪੁਲਿਸ ਨੇ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਸੀ। ਸ ਖਾਲੜਾ ਗੁਰੂ ਸਾਹਿਬ ਦੇ ਸੱਚੇ ਸਿੱਖ ਸਨ ਜਿੰਨਾ ਨੇ ਬਿਨਾ ਕਿਸੇ ਵਿਤਕਰੇ ਤੋਂ ਆਪਣਾ ਮਿਸ਼ਨ ਚਲਾਇਆ। ਜੇ ਹੁਣ ਪੀੜਤਾਂ ਵਿੱਚ ਵੱਡੀ ਗਿਣਤੀ ਸਿੱਖਾਂ ਦੀ ਹੈ ਤਾਂ ਇਸ ਵਿੱਚ ਭਾਈ ਖਾਲੜਾ ਦਾ ਕੀ ਗੁਨਾਹ ਹੈ? ਬਿੱਟੂ ਨੂੰ ਇਹ ਵੀ ਵੇਖਣਾ ਚਾਹੀਦਾ ਹੈ ਕਿ ਜੁਲਮ ਕਰਨ ਵਾਲਿਆਂ ਵਿੱਚ ਉਸਦੇ ਦਾਦੇ ਤੋਂ ਲੈ ਕੇ ਕੇਪੀਐਸ ਗਿੱਲ ਅਤੇ ਅਜੀਤ ਸਿੰਘ ਸੰਧੂ ਤੱਕ ਸਾਰੇ ਪੱਗਾਂ ਵਾਲੇ ਹੀ ਸਨ। ਫਿਰ ਉਹ ਜੋ ਇਹਨਾਂ ਭਾਈਚਾਰਿਆਂ ਨੂੰ ਇਕ ਦੂਜੇ ਖਿਲਾਫ ਭੜਕਾ ਰਿਹਾ ਹੈ, ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਆਪਣੇ ਦਾਦੇ ਵਾਲੀ ਫਿਰਕੂ ਸੋਚ ਦਾ ਹੀ ਧਾਰਨੀ ਹੈ, ਜਿਸਨੇ ਆਪਣੀ ਗੱਦੀ ਸਲਾਮਤ ਰੱਖਣ ਲਈ ਸਿੱਖ ਨੌਜਵਾਨੀ ਦਾ ਘਾਣ ਕੀਤਾ। ਦੋਹਾਂ ਆਗੂਆਂ ਨੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਪੂਰਾ ਪੰਜਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਨਿਰਪੱਖ ਸੋਚ ਨੂੰ ਪੂਰੀ ਤਰਾਂ ਸਮਰਪਿਤ ਹੈ ਅਤੇ ਉਸਦੇ ਕਾਰਜਾਂ ਨੂੰ ਹਮੇਸ਼ਾਂ ਸੀਸ ਝੁਕਾਉਂਦਾ ਰਹੇਗਾ। ਇਥੇ ਬਿੱਟੂ ਵਰਗਿਆਂ ਦੇ ਫਿਰਕੂ ਮਨਸੂਬੇ ਕਦੇ ਸਫਲ ਨਹੀਂ ਹੋਣੇ। ਉਹਨਾਂ ਨੇ ਸਮੂਹ ਸਿੰਘ ਸਭਾਵਾਂ, ਸਮਾਜਸੇਵੀ ਜਥੇਬੰਦੀਆਂ ਅਤੇ ਨਿਰਪੱਖ ਸੋਚ ਵਾਲੇ ਲੋਕਾਂ ਨੂੰ ਬੇਨਤੀ ਕੀਤੀ ਕਿ ਫਿਲਮ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸੰਗਤੀ ਰੂਪ ਵਿੱਚ ਵਿਖਾਉਣ ਦੇ ਉਪਰਾਲੇ ਕਰਨ। ਇਸ ਨਾਲ ਇਨਸਾਫ ਪਸੰਦ ਪੰਜਾਬੀਆਂ ਦੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ।
- Download Babushahi App
-
-