ਬੱਚਿਆਂ ਨਾਲ ਦਰਿੰਦਗੀ! ਕੀ ਸਾਡਾ ਸਮਾਜ ਆਪਣੀ ਰੂਹ ਗੁਆ ਬੈਠਾ ਹੈ?
13 ਸਾਲ ਦੀ ਮਾਸੂਮ ਨਾਲ ਦਰਿੰਦਗੀ: ਕੀ ਸਾਡਾ ਸਮਾਜ ਆਪਣੀ ਰੂਹ ਗੁਆ ਬੈਠਾ ਹੈ?
ਸੁਖਮਿੰਦਰ ਭੰਗੂ
13 ਸਾਲ ਦੀ ਇੱਕ ਮਾਸੂਮ ਬੱਚੀ ਨਾਲ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਇਹ ਸਿਰਫ਼ ਇੱਕ ਅਪਰਾਧ ਨਹੀਂ, ਸਗੋਂ ਮਨੁੱਖਤਾ ਦੇ ਮੱਥੇ 'ਤੇ ਲੱਗਿਆ ਉਹ ਕਾਲਾ ਦਾਗ ਹੈ ਜਿਸ ਨੂੰ ਸਦੀਆਂ ਤੱਕ ਭੁੱਲਣਾ ਆਸਾਨ ਨਹੀਂ ਹੋਵੇਗਾ। ਇੱਕ ਐਸੀ ਬੱਚੀ, ਜਿਸ ਦੇ ਹੱਥਾਂ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ, ਜਿਸ ਦੇ ਚਿਹਰੇ 'ਤੇ ਮੁਸਕਾਨ ਹੋਣੀ ਚਾਹੀਦੀ ਸੀ, ਉਸ ਨੂੰ ਹੈਵਾਨੀਅਤ ਦਾ ਐਸਾ ਸ਼ਿਕਾਰ ਬਣਾਇਆ ਗਿਆ ਕਿ ਰੂਹ ਕੰਬ ਉੱਠਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਚੀ ਘਰ ਤੋਂ ਨਿਕਲੀ ਅਤੇ ਇੱਕ ਆਟੋ ਰਿਕਸ਼ਾ ਵਿੱਚ ਬੈਠ ਗਈ। ਇਲਜ਼ਾਮ ਹੈ ਕਿ ਆਟੋ ਚਾਲਕ ਉਸ ਨੂੰ ਇੱਕ ਹੋਟਲ ਤੱਕ ਲੈ ਗਿਆ, ਜਿੱਥੋਂ ਉਸ ਨੂੰ ਅੱਗੇ ਹੋਰ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ। ਇਲਜ਼ਾਮਾਂ ਮੁਤਾਬਕ ਕਈ ਦਿਨਾਂ ਤੱਕ ਵੱਖ-ਵੱਖ ਹੋਟਲਾਂ ਵਿੱਚ ਉਸ ਨਾਲ ਬਾਰ-ਬਾਰ ਜਬਰ ਜਨਾਹ ਕੀਤਾ ਗਿਆ। ਇਹ ਦੋਸ਼ ਹਨ ਕਿ ਉਸ ਦੀਆਂ ਚੀਖਾਂ ਨੂੰ ਦਬਾਉਣ ਲਈ ਉਸ ਨਾਲ ਅਮਾਨਵੀ ਵਰਤਾਅ ਕੀਤਾ ਗਿਆ ਅਤੇ ਉਹ ਆਪਣੀ ਮਾਂ ਕੋਲ ਵਾਪਸ ਜਾਣ ਲਈ ਮਿੰਨਤਾਂ ਕਰਦੀ ਰਹੀ, ਪਰ ਕਿਸੇ ਦਾ ਦਿਲ ਨਾ ਪਿਘਲਿਆ।
ਉਧਰ, ਬੱਚੀ ਦੇ ਮਾਪੇ ਆਪਣੀ ਲਾਪਤਾ ਧੀ ਨੂੰ ਲੱਭਣ ਲਈ ਦਰ-ਦਰ ਭਟਕਦੇ ਰਹੇ। ਹਰ ਦਰਵਾਜ਼ੇ 'ਤੇ ਉਮੀਦ ਲੈ ਕੇ ਗਏ, ਹਰ ਚਿਹਰੇ ਵਿੱਚ ਆਪਣੀ ਧੀ ਦੀ ਝਲਕ ਲੱਭੀ, ਪਰ ਉਹਨਾਂ ਦੇ ਹਿੱਸੇ ਆਈ ਸਿਰਫ਼ ਬੇਬਸੀ। ਜਦੋਂ ਮਾਮਲਾ ਗੰਭੀਰ ਹੋਇਆ ਅਤੇ ਲੋਕਾਂ ਦਾ ਦਬਾਅ ਵਧਿਆ, ਤਦ ਜਾਂਚ ਤੇਜ਼ ਹੋਈ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਬੱਚੀ ਨੂੰ ਬਰਾਮਦ ਕੀਤਾ ਗਿਆ। ਪਰ ਇੱਕ ਸਵਾਲ ਅੱਜ ਵੀ ਖੜ੍ਹਾ ਹੈ—ਕੀ ਸਿਰਫ਼ ਬੱਚੀ ਨੂੰ ਲੱਭ ਲੈਣਾ ਹੀ ਇਨਸਾਫ਼ ਹੈ? ਜਾਂ ਉਸ ਦੇ ਮਨ 'ਤੇ ਲੱਗੇ ਜ਼ਖ਼ਮਾਂ ਦਾ ਇਲਾਜ ਵੀ ਸਾਡੀ ਜ਼ਿੰਮੇਵਾਰੀ ਹੈ?
ਜਿਸ ਉਮਰ ਵਿੱਚ ਬੱਚੇ ਦੁਨੀਆ ਨੂੰ ਪਿਆਰ ਅਤੇ ਭਰੋਸੇ ਦੀ ਨਜ਼ਰ ਨਾਲ ਦੇਖਦੇ ਹਨ, ਉਸ ਉਮਰ ਵਿੱਚ ਜੇ ਕੋਈ ਬੱਚੀ ਹਰ ਇਨਸਾਨ ਤੋਂ ਡਰਨ ਲੱਗ ਪਏ, ਤਾਂ ਇਹ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਪੂਰੇ ਸਮਾਜ ਦੀ ਹਾਰ ਹੈ। ਐਸੀਆਂ ਘਟਨਾਵਾਂ ਸਿਰਫ਼ ਇੱਕ ਬੱਚੀ ਦਾ ਬਚਪਨ ਨਹੀਂ ਲੁੱਟਦੀਆਂ, ਸਗੋਂ ਲੋਕਾਂ ਦੇ ਕਾਨੂੰਨ, ਪ੍ਰਸ਼ਾਸਨ ਅਤੇ ਸਮਾਜ 'ਤੇ ਭਰੋਸੇ ਨੂੰ ਵੀ ਡਗਮਗਾ ਦਿੰਦੀਆਂ ਹਨ।
ਇਸ ਮਾਮਲੇ ਵਿੱਚ ਕਈ ਲੋਕਾਂ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਅਤੇ ਜਾਂਚ ਜਾਰੀ ਹੈ। ਜੇਕਰ ਇਸ ਅਪਰਾਧ ਵਿੱਚ ਹੋਰ ਕੋਈ ਵੀ ਵਿਅਕਤੀ ਸ਼ਾਮਲ ਹੈ, ਤਾਂ ਕਾਨੂੰਨ ਦੇ ਦਾਇਰੇ ਵਿੱਚ ਉਸ ਦੀ ਪਛਾਣ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਕੋਈ ਵੀ ਪ੍ਰਭਾਵ, ਰੁਤਬਾ ਜਾਂ ਪਹੁੰਚ ਕਾਨੂੰਨ ਤੋਂ ਉੱਪਰ ਨਹੀਂ ਹੋਣੀ ਚਾਹੀਦੀ।
ਇਸ ਘਟਨਾ ਨੇ ਇੱਕ ਵਾਰ ਫਿਰ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਕੀ ਹੋਟਲਾਂ ਅਤੇ ਹੋਰ ਟਿਕਾਣਿਆਂ ਦੀ ਨਿਯਮਿਤ ਜਾਂਚ ਹੋ ਰਹੀ ਹੈ? ਕੀ ਬੱਚਿਆਂ ਦੀ ਸੁਰੱਖਿਆ ਲਈ ਬਣੇ ਕਾਨੂੰਨ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋ ਰਹੇ ਹਨ? ਕੀ ਗੁੰਮਸ਼ੁਦਾ ਬੱਚਿਆਂ ਦੀ ਭਾਲ ਵਿੱਚ ਹਰ ਮਿੰਟ ਨੂੰ ਉਤਨੀ ਹੀ ਗੰਭੀਰਤਾ ਨਾਲ ਲਿਆ ਜਾਂਦਾ ਹੈ ਜਿੰਨੀ ਲੋੜ ਹੈ? ਅਤੇ ਸਭ ਤੋਂ ਵੱਡਾ ਸਵਾਲ—ਕੀ ਅਸੀਂ ਆਪਣੇ ਸਮਾਜ ਵਿੱਚ ਔਰਤਾਂ ਅਤੇ ਬੱਚਿਆਂ ਲਈ ਸੱਚਮੁੱਚ ਸੁਰੱਖਿਅਤ ਮਾਹੌਲ ਤਿਆਰ ਕਰ ਸਕੇ ਹਾਂ?
ਇਹ ਸਮਾਂ ਰਾਜਨੀਤਿਕ ਇਲਜਾਮਾਂ ਤੋਂ ਵੱਧ ਪੀੜਤਾ ਨੂੰ ਇਨਸਾਫ਼ ਦਿਵਾਉਣ, ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣ ਅਤੇ ਭਵਿੱਖ ਵਿੱਚ ਐਸੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦਾ ਹੈ। ਹਰ ਰਾਜਨੀਤਿਕ ਪਾਰਟੀ, ਹਰ ਸਰਕਾਰ ਅਤੇ ਹਰ ਸੰਸਥਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਤਰ੍ਹਾਂ ਦੇ ਅਪਰਾਧਾਂ 'ਤੇ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਏ।
ਇੱਕ ਸਭਿਆਚਾਰਕ ਸਮਾਜ ਦੀ ਪਹਿਚਾਣ ਉਸ ਦੀਆਂ ਉੱਚੀਆਂ ਇਮਾਰਤਾਂ ਜਾਂ ਆਰਥਿਕ ਤਰੱਕੀ ਨਾਲ ਨਹੀਂ ਹੁੰਦੀ, ਸਗੋਂ ਇਸ ਗੱਲ ਨਾਲ ਹੁੰਦੀ ਹੈ ਕਿ ਉਹ ਆਪਣੇ ਸਭ ਤੋਂ ਕਮਜ਼ੋਰ ਨਾਗਰਿਕ—ਆਪਣੇ ਬੱਚਿਆਂ—ਨੂੰ ਕਿੰਨਾ ਸੁਰੱਖਿਅਤ ਰੱਖਦਾ ਹੈ।
ਅੱਜ ਸਵਾਲ ਸਿਰਫ਼ ਇੱਕ ਮਾਸੂਮ ਲਈ ਇਨਸਾਫ਼ ਦਾ ਨਹੀਂ, ਸਗੋਂ ਸਾਡੀ ਮਨੁੱਖਤਾ ਨੂੰ ਬਚਾਉਣ ਦਾ ਹੈ। ਜੇ ਅਸੀਂ ਅੱਜ ਵੀ ਨਹੀਂ ਜਾਗੇ, ਤਾਂ ਕੱਲ੍ਹ ਇਤਿਹਾਸ ਸਾਡੇ ਸਭ ਨੂੰ ਕਟਹਿਰੇ ਵਿੱਚ ਖੜ੍ਹਾ ਕਰੇਗਾ।

-
ਸੁਖਮਿੰਦਰ ਭੰਗੂ, ਲੇਖਕ
bhangoo1164@gmail.com
9815752449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.