ਮੱਲੀ ਕਲੋਨੀ ਵਿੱਚ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਚਲਾਈ
ਜਗਰਾਉਂ, 10 ਜੁਲਾਈ (ਦੀਪਕ ਜੈਨ):
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਰਮੀ ਅਤੇ ਬਰਸਾਤੀ ਮੌਸਮ ਦੌਰਾਨ ਡੇਂਗੂ ਦੀ ਰੋਕਥਾਮ ਲਈ ਨਗਰ ਕੌਂਸਲ ਜਗਰਾਉਂ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਵੱਲੋਂ ਸ਼ੁੱਕਰਵਾਰ ਨੂੰ "ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ" ਮੁਹਿੰਮ ਤਹਿਤ ਮੱਲੀ ਕਲੋਨੀ ਵਿੱਚ ਵਿਸ਼ੇਸ਼ ਐਂਟੀ ਲਾਰਵਾ ਅਭਿਆਨ ਚਲਾਇਆ ਗਿਆ।
ਇਹ ਮੁਹਿੰਮ ਨਗਰ ਕੌਂਸਲ ਦੇ ਪ੍ਰਧਾਨ ਕਵਰਪਾਲ ਸਿੰਘ, ਕਾਰਜਕਾਰੀ ਸੀਨੀਅਰ ਮੀਤ ਪ੍ਰਧਾਨ ਸ਼ਤੀਸ਼ ਕੁਮਾਰ ਪੱਪੂ, ਐਸ.ਐਮ.ਓ. ਡਾ. ਅਮਨ ਸ਼ਰਮਾ ਅਤੇ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਗਈ।
ਟੀਮ ਨੇ ਡੋਰ-ਟੂ-ਡੋਰ ਸਰਵੇ ਕਰਦਿਆਂ ਘਰਾਂ, ਖਾਲੀ ਪਲਾਟਾਂ ਅਤੇ ਰਿਹਾਇਸ਼ੀ ਇਲਾਕਿਆਂ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ। ਅਧਿਕਾਰੀਆਂ ਅਨੁਸਾਰ ਇੱਕ ਥਾਂ ਡੇਂਗੂ ਦਾ ਲਾਰਵਾ ਮਿਲਣ 'ਤੇ ਸਬੰਧਤ ਵਿਅਕਤੀ ਦਾ ਚਲਾਨ ਕੀਤਾ ਗਿਆ ਅਤੇ ਮੌਕੇ 'ਤੇ ਲਾਰਵਾਸਾਇਡ ਦਵਾਈ ਦਾ ਛਿੜਕਾਅ ਵੀ ਕਰਵਾਇਆ ਗਿਆ।
ਮੁਹਿੰਮ ਦੌਰਾਨ ਡੇਂਗੂ ਸਬੰਧੀ ਜਾਗਰੂਕਤਾ ਪੰਫਲੈਟ ਵੰਡੇ ਗਏ। ਲੋਕਾਂ ਨੂੰ ਘਰ ਅਤੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣ, ਹਰ ਸ਼ੁੱਕਰਵਾਰ ਕੂਲਰ ਖਾਲੀ ਕਰਕੇ ਸਾਫ਼ ਪਾਣੀ ਭਰਨ, ਬੱਚਿਆਂ ਨੂੰ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨਾਉਣ, ਮੱਛਰਾਂ ਤੋਂ ਬਚਾਅ ਲਈ ਕਰੀਮ ਦੀ ਵਰਤੋਂ ਕਰਨ ਅਤੇ ਨਹਾਉਣ ਤੋਂ ਬਾਅਦ ਨਾਰੀਅਲ ਦਾ ਤੇਲ ਲਗਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਨਾਲ ਹੀ ਨਾਲੀਆਂ ਵਿੱਚ ਮੱਛਰਮਾਰ ਦਵਾਈ ਦਾ ਛਿੜਕਾਅ ਅਤੇ ਡੇਂਗੂ ਰੋਕਥਾਮ ਸਬੰਧੀ ਪੋਸਟਰ ਵੀ ਲਗਾਏ ਗਏ।
ਇਸ ਮੌਕੇ ਸਿਵਲ ਹਸਪਤਾਲ ਤੋਂ ਅੰਮ੍ਰਿਤਪਾਲ ਸਿੰਘ (ਇੰਸਪੈਕਟਰ), ਕੁਲਦੀਪ ਸਿੰਘ, ਜਗਰਾਜ ਸਿੰਘ ਜਾਦੂ, ਹਰਦੀਪ ਸਿੰਘ, ਮਨਦੀਪ ਸਿੰਘ, ਆਸ਼ਾ ਵਰਕਰ, ਬ੍ਰੀਡਿੰਗ ਚੈਕਰ, ਨਰਸਿੰਗ ਵਿਦਿਆਰਥੀ ਅਤੇ ਨਗਰ ਕੌਂਸਲ ਵੱਲੋਂ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ, ਹਰੀਸ਼ ਕੁਮਾਰ ਸਮੇਤ ਹੋਰ ਕਰਮਚਾਰੀ ਹਾਜ਼ਰ ਰਹੇ।
- Download Babushahi App
-
-